ਵਾਸ਼ਿੰਗਟਨ : ਇਮੀਗਰੇਸ਼ਨ ਨੀਤੀਆਂ ‘ਚ ਸਖ਼ਤੀ ਕਾਰਨ ਅਮਰੀਕਾ ਦੇ ਕਾਲਜਾਂ ‘ਚ ਦਾਖ਼ਲੇ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2025-26 ‘ਚ ਪਿਛਲੇ ਸਾਲ ਮੁਕਾਬਲੇ 15 ਫ਼ੀਸਦ ਘੱਟ ਦਰਜ ਕੀਤੀ ਗਈ ਹੈ। ਇੱਕ ਹਜ਼ਾਰ ਤੋਂ ਵੱਧ ਵਿੱਦਿਅਕ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਗ਼ੈਰ-ਲਾਭਕਾਰੀ ਸੰਗਠਨ ‘ਕੌਮਨ ਐਪ’ ਦੀ ਰਿਪੋਰਟ ਅਨੁਸਾਰ ਅਗਾਮੀ ਵਿੱਦਿਅਕ ਸੈਸ਼ਨ 2026-27 ‘ਚ ਅੰਡਰ-ਗਰੈਜੂਏਟ ਕੋਰਸਾਂ ‘ਚ ਦਾਖ਼ਲਿਆਂ ਲਈ ਅਰਜ਼ੀਆਂ ਦੀ ਕੁੱਲ ਗਿਣਤੀ ਵਧੀ ਹੈ ਪਰ 1 ਮਾਰਚ ਤੱਕ ਕੌਮਾਂਤਰੀ ਅਰਜ਼ੀਆਂ ਦੀ ਗਿਣਤੀ ‘ਚ 10 ਫ਼ੀਸਦ ਗਿਰਾਵਟ ਆਈ ਹੈ ਜੋ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ।
ਰਿਪੋਰਟ ਅਨੁਸਾਰ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ 15 ਫ਼ੀਸਦ ਦੀ ਕਮੀ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਿੱਖਿਆ ਸ਼ਾਸਤਰੀਆਂ ਦੀ ਸੰਸਥਾ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸਖ਼ਤ ਵੀਜ਼ਾ ਨਿਯਮਾਂ ਅਤੇ ਨੀਤੀਗਤ ਬੇਯਕੀਨੀ ਕਾਰਨ 2026 ਦੇ ਸੈਸ਼ਨ ਵਿੱਚ ਅਮਰੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਤਕਰੀਬਨ 1.1 ਲੱਖ ਕੌਮਾਂਤਰੀ ਵਿਦਿਆਰਥੀ ਘਟ ਸਕਦੇ ਹਨ।

