Breaking News
Home / ਹਫ਼ਤਾਵਾਰੀ ਫੇਰੀ / ਸਮਾਰਟ ਸ਼ਹਿਰਾਂ ਵਿਚ ਗੁਰੂ ਕੀ ਨਗਰੀ ਸਭ ਤੋਂ ਉਪਰ

ਸਮਾਰਟ ਸ਼ਹਿਰਾਂ ਵਿਚ ਗੁਰੂ ਕੀ ਨਗਰੀ ਸਭ ਤੋਂ ਉਪਰ

smart-cityਤੀਜੀ ਸੂਚੀ ਵਿੱਚ ਅੰਮ੍ਰਿਤਸਰ ਤੇ ਜਲੰਧਰ ਸਮੇਤ 27 ਸ਼ਹਿਰ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ, ਸਿੱਖ ਧਰਮ ਦੇ ਪਵਿੱਤਰ ਅਸਥਾਨ ਅੰਮ੍ਰਿਤਸਰ ਅਤੇ ਅਜਮੇਰ ਸਮੇਤ 27 ਸ਼ਹਿਰਾਂ ਦੀ ਸਮਾਰਟ ਸਿਟੀ ਮਿਸ਼ਨ ਤਹਿਤ ਚੋਣ ਕੀਤੀ ਗਈ ਹੈ। ਸਮਾਰਟ ਸਿਟੀ ਮਿਸ਼ਨ ਤਹਿਤ ਸਰਕਾਰ 2022 ਤੱਕ ਦੇਸ਼ ਦੇ 100 ਸ਼ਹਿਰਾਂ ਦਾ ਵਿਕਾਸ ਕਰਨਾ ਚਾਹੁੰਦੀ ਹੈ, ਜਿਨ੍ਹਾਂ ਵਿੱਚੋਂ ਹੁਣ ਤੱਕ 60 ਸ਼ਹਿਰਾਂ ਦੀ ਚੋਣ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ 20 ਸ਼ਹਿਰਾਂ ਦੀ ਚੋਣ ਕੀਤੀ ਗਈ ਸੀ ਅਤੇ ਬਾਕੀ ਸ਼ਹਿਰਾਂ ਦੀ ਚੋਣ 2018 ਤੱਕ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਇਸ ਮਿਸ਼ਨ ਤਹਿਤ ਚੁਣੇ ਗਏ ਸ਼ਹਿਰਾਂ ਵਿੱਚ ਨਿਰਵਿਘਨ ਬਿਜਲੀ ਤੇ ਪਾਣੀ ਸਪਲਾਈ, ਇੰਟਰਨੈੱਟ ਕੁਨੈਕਟੀਵਿਟੀ, ਈ-ਗਵਰਨੈਂਸ ਅਤੇ ਮਿਆਰੀ ਢਾਂਚਾ ਮੁਹੱਈਆ ਕਰਾਉਣਾ ਸ਼ਾਮਲ ਹੈ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐਮ ਵੈਂਕਈਆ ਨਾਇਡੂ ਨੇ ਇਥੇ ਸਮਾਰਟ ਸਿਟੀ ਚੈਲੇਂਜ ਮੁਕਾਬਲੇ ਦੇ ਤੀਜੇ ਗੇੜ ਦੇ ਨਤੀਜੇ ਐਲਾਨਦਿਆਂ ਕਿਹਾ ਕਿ ਇਸ ਮੁਕਾਬਲੇ ਵਿੱਚ ਇਸ ਮਿਸ਼ਨ ਹੇਠਲੇ 63 ਸ਼ਹਿਰਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ 12 ਸੂਬਿਆਂ ਦੇ 27 ਸ਼ਹਿਰ ਚੁਣੇ ਗਏ ਹਨ ਅਤੇ ਇਨ੍ਹਾਂ ਵਿੱਚੋਂ ਅੰਮ੍ਰਿਤਸਰ ਨੂੰ ਪਹਿਲਾਂ ਸਥਾਨ ਮਿਲਿਆ ਹੈ। ਮਹਾਰਾਸ਼ਟਰ ਪੰਜ ਸ਼ਹਿਰਾਂ ਦੀ ਚੋਣ ਨਾਲ ਇਸ ਸੂਚੀ ਵਿੱਚ ਸਿਖ਼ਰਲੇ ਸਥਾਨ ਉਤੇ ਰਿਹਾ। ਚਾਰ ਸ਼ਹਿਰਾਂ ਦੀ ਚੋਣ ਨਾਲ ਤਾਮਿਲਨਾਡੂ ਦੂਜੇ ਅਤੇ ਤਿੰਨ ਸ਼ਹਿਰਾਂ ਦੀ ਚੋਣ ਨਾਲ ਉੱਤਰ ਪ੍ਰਦੇਸ਼ ਤੀਜੇ ਸਥਾਨ ਉਤੇ ਰਿਹਾ। ਪੰਜਾਬ ਦੇ ਅੰਮ੍ਰਿਤਸਰ ਤੇ ਜਲੰਧਰ ਜਦੋਂ ਕਿ ਰਾਜਸਥਾਨ ਦੇ ਅਜਮੇਰ ਤੇ ਕੋਟਾ ਦੀ ਚੋਣ ਹੋਈ ਹੈ। ਨਾਇਡੂ ਨੇ ਦੱਸਿਆ ਕਿ ਚੁਣੇ ਗਏ ਇਨ੍ਹਾਂ 27 ਸ਼ਹਿਰਾਂ ਦੇ ਵਿਕਾਸ ਲਈ ਕੁੱਲ੍ਹ ઠ66,883 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਹੈ।

Check Also

ਭਾਰਤ ਨੇ ਪਾਕਿਸਤਾਨ ‘ਤੇ ਦਾਗੀਆਂ ਮਿਜ਼ਾਈਲਾਂ

ਪਾਕਿ ਤੋਂ ਭਾਰਤ ਨੇ ਪਹਿਲਗਾਮ ਹਮਲੇ ਦਾ ਲਿਆ ਬਦਲਾ ‘ਅਪਰੇਸ਼ਨ ਸਿੰਦੂਰ’ ਤਹਿਤ ਫੌਜ ਨੇ ਕੀਤੀ …