Breaking News
Home / ਪੰਜਾਬ / 15 ਮਹੀਨਿਆਂ ‘ਚ ਹੀ ਟੁੱਟ ਕੇ ਡਿੱਗਿਆ ਖੰਡਾ

15 ਮਹੀਨਿਆਂ ‘ਚ ਹੀ ਟੁੱਟ ਕੇ ਡਿੱਗਿਆ ਖੰਡਾ

12109cd-_21aps01-copy-copyਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਪਿਛਲੇ ਸਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਸ਼ਵ ਭਰ ਦੀ ਸੰਗਤ ਨੂੰ ਸਮਰਪਿਤ ਕੀਤਾ ਗਿਆ 81 ਫੁੱਟ ਉੱਚਾ ਖੰਡਾ ਟੇਢਾ ਹੋਣ ਤੋਂ ਬਾਅਦ ਤੇਜ਼ ਹਨੇਰੀ ਤੇ ਝੱਖੜ ਦੀ ਮਾਰ ਨਾ ਸਹਾਰਦਿਆਂ ਡਿੱਗ ਗਿਆ। ਸਥਾਨਕ ਲੋਕਾਂ ਤੇ ਸੰਗਤਾਂ ਨੇ ਮਾਹਿਰਾਂ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਨ ਵਾਲੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਕਾਰਨ ਸੰਗਤਾਂ ਵਿੱਚ ਰੋਸ ਹੈ। ਉਧਰ ਤਖ਼ਤ ਸ੍ਰੀ ਕੇਸਗੜ੍ਹ ਦੇ ਮੈਨੇਜਰ ਮੁਖ਼ਤਿਆਰ ਸਿੰਘ ਨੇ ਕਿਹਾ ਕਿ ਸੰਤਾਂ ਦੇ ਸਹਿਯੋਗ ਨਾਲ ਖੰਡੇ ਨੂੰ ਜਲਦੀ ਹੀ ਮੁੜ ਖੜ੍ਹਾ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਪਿਛਲੇ ਸਾਲ 17 ਜੂਨ ਨੂੰ ਇਥੋਂ ਦੇ ਪੰਜ ਪਿਆਰਾ ਪਾਰਕ ਵਿੱਚ ਕਾਰ ਸੇਵਾ ਵਾਲੇ ਸੰਤਾਂ ਦੇ ਸਹਿਯੋਗ ਨਾਲ 81 ਫੁੱਟ ਉੱਚਾ ਖੰਡਾ ਸਥਾਪਿਤ ਕੀਤਾ ਗਿਆ ਸੀ। ਪਰ ਸਥਾਪਤੀ ਤੋਂ ਕੁਝ ਚਿਰ ਬਾਅਦ ਹੀ ਇਸ ਖੰਡੇ ਦਾ ਸਟੇਨਲੈੱਸ ਸਟੀਲ ਦਾ ਢਾਂਚਾ ਟੇਢਾ ਹੋਣ ਕਰਕੇ ਮਹਿਜ਼ ਇੱਕ ਸਾਲ ਵਿੱਚ ਹੀ ਆਪਣੀ ਥਾਂ ਤੋਂ ਹਿੱਲਣ ਲੱਗਾ। ਮਾਹਿਰਾਂ ਦਾ ਮੰਨਣਾ ਸੀ ਕਿ ਜੇ ਸਮਾਂ ਰਹਿੰਦਿਆਂ ਇਸ ਢਾਂਚੇ ਨੂੰ ਸਿੱਧਾ ਨਾ ਕੀਤਾ ਗਿਆ ਜਾਂ ਇਸ ਦਾ ਕੋਈ ਢੁੱਕਵਾਂ ਹੱਲ ਨਾ ਕੱਢਿਆ ਗਿਆ ਤਾਂ ਟੇਢਾ ਹੋ ਚੁੱਕਾ ਖੰਡੇ ਦਾ ਪਿੱਲਰ ਤੇਜ਼ ਹਨੇਰੀ ਜਾਂ ਹਵਾ ਦੇ ਦਬਾਅ ਨਾਲ ਕਿਸੇ ਵੇਲੇ ਵੀ ਡਿੱਗ ਸਕਦਾ ਹੈ। ਮਾਹਿਰਾਂ ਨੇ ਜਾਨੀ ਜਾਂ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਸੀ। ਪਰ ਸਿੱਖ ਕੌਮ ਦੀ ਚੜ੍ਹਦੀਕਲਾ ਦੇ ਪ੍ਰਤੀਕ ਇਸ ਖੰਡੇ ਦੇ ਜੁਲਾਈ ਮਹੀਨੇ ਵਿੱਚ ਟੇਢਾ ਹੋਣ ਤੋਂ ਬਾਅਦ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਇਸ ਖੰਡੇ ਨੂੰ ਸਥਾਪਿਤ ਕਰਨ ਵਾਲੇ ਸੰਤਾਂ ਨੇ ਇਸ ਪਾਸੇ ਕੋਈ ਧਿਆਨ ਧਰਿਆ। ਹਾਲਾਂਕਿ ਜਦੋਂ ਸੰਤਾਂ ਵੱਲੋਂ ਇਹ ਖੰਡਾ ਲਗਾਇਆ ਜਾ ਰਿਹਾ ਸੀ ਉਦੋਂ ਇਹ ਸਾਰਾ ਅਮਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਦੇਖ ਰੇਖ ਹੇਠ ਸਿਰੇ ਚੜ੍ਹਿਆ।
ਪਹਿਲਾਂ ਇਹ ਖੰਡਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਸਥਾਪਿਤ ਕੀਤਾ ਜਾਣਾ ਸੀ। ਫਿਰ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਦੇ ਮੱਦੇਨਜ਼ਰ ਇਸ ਨੂੰ ਸੰਗਤਾਂ ਦੀ ਸਹੂਲਤ ਲਈ ਪੰਜ ਪਿਆਰਾ ਪਾਰਕ ਵਿੱਚ ਸਥਾਪਿਤ ਕੀਤਾ ਗਿਆ। ਇਲਾਕਾ ਵਾਸੀ ਨੰਬਰਦਾਰ ਕੁਲਦੀਪ ਸਿੰਘ, ਗੁਰਅਵਤਾਰ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਖੰਡੇ ਦੇ ਆਪਣੀ ਥਾਂ ਤੋਂ ਹਿੱਲਣ ਸਬੰਧੀ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ, ਪਰ ਕਿਸੇ ਨੇ ਵੀ ਇਸ ਪਾਸੇ ਧਿਆਨ ਨਾ ਦਿੱਤਾ। ਸਿੱਟੇ ਵਜੋਂ ਸੰਗਤਾਂ ਦੇ ਆਕਰਸ਼ਣ ਦਾ ਕੇਂਦਰ ਬਣ ਚੁੱਕਾ ਖੰਡਾ ਡਿੱਗ ਗਿਆ।
ਪ੍ਰਬੰਧਕਾਂ ਖ਼ਿਲਾਫ਼ ਹੋਵੇਗੀ ਕਾਰਵਾਈ: ਗਿਆਨੀ ਗੁਰਬਚਨ ਸਿੰਘ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸਿੱਖਾਂ ਦੀ ਕੌਮੀ ਨਿਸ਼ਾਨੀ ਖੰਡੇ ਦੀ ਸਥਾਪਤੀ ਮੌਕੇ ਅਣਗਹਿਲੀ ਵਰਤਣ ਵਾਲੇ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਖੰਡੇ ਦੇ ਟੇਢੇ ਹੋਣ ਬਾਰੇ ਪਤਾ ਲੱਗ ਚੁੱਕਾ ਸੀ ਤਾਂ ਪ੍ਰਬੰਧਕਾਂ ਨੇ ਇਸ ਨੂੰ ਠੀਕ ਕਰਵਾਉਣ ਲਈ ਸੰਜੀਦਾ ਪਹੁੰਚ ਕਿਉਂ ਨਹੀਂ ਅਪਣਾਈ। ਉਂਜ ਉਨ੍ਹਾਂ ਇਸ ਸਾਰੇ ਘਟਨਾਕ੍ਰਮ ਨੂੰ ਮੰਦਭਾਗਾ ਦੱਸਿਆ।

Check Also

ਜੇਲ੍ਹ ’ਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਗਵੰਤ ਮਾਨ ਚਿੰਤਤ 

ਈਡੀ ਦਾ ਆਰੋਪ : ਕੇਜਰੀਵਾਲ ਜਾਣਬੁੱਝ ਕੇ ਖਾ ਰਹੇ ਹਨ ਮਿੱਠੀਆਂ ਚੀਜ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …