Breaking News
Home / ਪੰਜਾਬ / ਸਪੁੱਤਰੀਆਂ ਹੀ ਹਨ ਮਹਾਰਾਜ ਫਰੀਦਕੋਟ ਦੀ ਜਾਇਦਾਦ ਦੀਆਂ ਅਸਲ ਵਾਰਸ : ਹਾਈਕੋਰਟ

ਸਪੁੱਤਰੀਆਂ ਹੀ ਹਨ ਮਹਾਰਾਜ ਫਰੀਦਕੋਟ ਦੀ ਜਾਇਦਾਦ ਦੀਆਂ ਅਸਲ ਵਾਰਸ : ਹਾਈਕੋਰਟ

ਚੰਡੀਗੜ੍ਹ/ਫ਼ਰੀਦਕੋਟ : ਫ਼ਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਦੇ ਮਾਮਲਿਆਂ ਵਿਚ ਦਾਖ਼ਲ ਅਪੀਲਾਂ ਖ਼ਾਰਜ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜ ਮੋਹਨ ਸਿੰਘ ਨੇ ਸੋਮਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਅਹਿਮ ਵਿਵਸਥਾ ਦਿੱਤੀ ਹੈ। ਫ਼ੈਸਲੇ ਵਿਚ ਕਿਹਾ ਗਿਆ ਹੈ, ਜੇਠੇ ਅਧਿਕਾਰ ਕਾਨੂੰਨ ਦੇ ਆਧਾਰ ‘ਤੇ ਰਾਜਾ ਹਰਿੰਦਰ ਸਿੰਘ ਦੀ ਨਿੱਜੀ ਤੇ ਅਸਟੇਟ ਜਾਇਦਾਦ ‘ਤੇ ਦਾਅਵੇ ਖ਼ਾਰਜ ਕੀਤੇ ਜਾਂਦੇ ਹਨ, ਹਾਲਾਂਕਿ ਅਪੀਲ ਕਰਤਾ ਮਹਾਰਾਣੀ ਮੋਹਿੰਦਰ ਕੌਰ ਵਲੋਂ 29 ਮਾਰਚ, 1990 ਨੂੰ ਕੀਤੀ ਵਸੀਅਤ ਦੇ ਮੁਤਾਬਕ ਆਪਣੇ ਹਿੱਸੇ ਦੇ ਹੱਕਦਾਰ ਹੋਣਗੇ। ਮਹਾਰਾਣੀ ਮੋਹਿੰਦਰ ਕੌਰ ਰਾਜਾ ਹਰਿੰਦਰ ਸਿੰਘ ਦੇ ਮਾਤਾ ਸਨ ਤੇ ਉਨ੍ਹਾਂ ਵਲੋਂ 29 ਮਾਰਚ 1990 ਨੂੰ ਕੀਤੀ ਗਈ ਵਸੀਅਤ ਰਾਜਾ ਹਰਿੰਦਰ ਸਿੰਘ ਦੀ 16 ਅਕਤੂਬਰ 1989 ਨੂੰ ਹੋਈ ਮੌਤ ਤੋਂ ਬਾਅਦ ਕੀਤੀ ਗਈ ਸੀ ਤੇ ਮਹਾਰਾਣੀ ਮੋਹਿੰਦਰ ਕੌਰ ਰਾਜੇ ਦੀ ਜਾਇਦਾਦ ਦੀ ਅਸਲ ਕਾਨੂੰਨੀ ਵਾਰਸ ਸੀ। ਹਾਈਕੋਰਟ ਨੇ ਫ਼ਰੀਦਕੋਟ ਰਾਜਾ ਦੀ ਜਾਇਦਾਦ ਸਬੰਧੀ ਇਕ ਜੂਨ 1982 ਨੂੰ ਕੀਤੀ ਵਸੀਅਤ ਨੂੰ ਜਾਅਲੀ ਤੇ ਸ਼ੱਕੀ ਹਾਲਾਤਾਂ ਵਾਲੀ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਹੇਠਲੀ ਅਦਾਲਤ ਨੇ ਵੀ ਇਹ ਵਸੀਅਤ ਸਹੀ ਤਰੀਕੇ ਨਾਲ ਜਾਅਲੀ ਕਰਾਰ ਦਿੱਤੀ ਹੈ ਤੇ ਨਾਲ ਹੀ ਜਿਸ ਟਰੱਸਟ ਦੀ ਗੱਲ ਕਹੀ ਜਾ ਰਹੀ ਹੈ, ਉਹ ਹੋਂਦ ‘ਚ ਹੀ ਨਹੀਂ ਸੀ। ਹਾਈਕੋਰਟ ਨੇ ਮਹਾਰਾਣੀ ਦੀਪਿੰਦਰ ਕੌਰ, ਰਾਜਕੁਮਾਰੀ ਅੰਮ੍ਰਿਤ ਕੌਰ ਤੇ ਮਹਿਰਾਵਲ ਟਰੱਸਟ ਦੀਆਂ ਅਪੀਲਾਂ ਖ਼ਾਰਜ ਕਰਦਿਆਂ ਉਕਤ ਵਿਵਸਥਾ ਦਿੱਤੀ ਹੈ ਤੇ ਮਹਾਰਾਣੀ ਮੋਹਿੰਦਰ ਕੌਰ ਨੂੰ ਰਾਜਾ ਹਰਿੰਦਰ ਸਿੰਘ ਦਾ ਅਸਲ ਵਾਰਸ ਕਰਾਰ ਦਿੰਦਿਆਂ ਮੋਹਿੰਦਰ ਕੌਰ ਦੀ ਵਸੀਅਤ ਨੂੰ ਸਹੀ ਕਰਾਰ ਦਿੱਤਾ ਤੇ ਇਸ ਮੁਤਾਬਕ ਹਿੱਸੇਦਾਰਾਂ ਨੂੰ ਜਾਇਦਾਦ ਦਾ ਹੱਕਦਾਰ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਲਗਪਗ 20 ਹਜ਼ਾਰ ਕਰੋੜ ਰੁਪਏ ਦੀ ਇਸ ਜਾਇਦਾਦ ਨੂੰ ਲੈ ਕੇ ਪਹਿਲਾਂ ਜ਼ਿਲ੍ਹਾ ਅਦਾਲਤ ਵਿਚ ਲੰਮੀ ਕਾਨੂੰਨੀ ਲੜਾਈ ਚੱਲੀ ਸੀ ਤੇ ਹੇਠਲੀ ਅਦਾਲਤ ਤੋਂ ਕੇਸ ਹਾਰਨ ਉਪਰੰਤ ਉਪਰੋਕਤ ਨੇ ਮਾਰਚ 2018 ਵਿਚ ਹਾਈਕੋਰਟ ਵਿਚ ਕੇਸ ਦਾਖ਼ਲ ਕੀਤਾ ਸੀ ਤੇ ਸਾਰੀਆਂ ਦਲੀਲਾਂ ਸੁਣਨ ਉਪਰੰਤ ਹਾਈਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਤੇ ਆਪਣਾ ਫ਼ੈਸਲਾ ਸੁਣਾਉਂਦਿਆਂ ਅਪੀਲਾਂ ਖ਼ਾਰਜ ਕਰ ਦਿੱਤੀਆਂ ਹਨ ਤੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਲਗਭਗ ਸਹੀ ਠਹਿਰਾਇਆ ਹੈ।
ਹਾਈਕੋਰਟ ਵਲੋਂ ਫ਼ਰੀਦਕੋਟ ਰਿਆਸਤ ਨਾਲ ਸਬੰਧਿਤ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਸਬੰਧੀ ਕੀਤੇ ਗਏ ਇਤਿਹਾਸਕ ਫ਼ੈਸਲੇ ‘ਚ ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਬੰਸ ਬਹਾਦਰ ਦੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ ਅਸਲ ਵਾਰਸ ਉਨ੍ਹਾਂ ਦੀਆਂ ਪੁੱਤਰੀਆਂ ਨੂੰ ਐਲਾਨਦਿਆਂ ਮਹਾਰਾਜਾ ਫ਼ਰੀਦਕੋਟ ਵਲੋਂ ਕੀਤੀ ਗਈ ਵਸੀਅਤ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਦਿੱਤੇ ਆਪਣੇ ਫ਼ੈਸਲੇ ਵਿਚ ਹੇਠਲੀਆਂ ਅਦਾਲਤਾਂ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਦੂਜੇ ਪਾਸੇ ਇਸ ਫ਼ੈਸਲੇ ਵਿਰੁੱਧ ਮਹਾਰਾਵਲ ਖੇਵਾ ਜੀ ਟਰੱਸਟ ਵਲੋਂ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਦੀ 1982 ‘ਚ ਵਸੀਅਤ ਕੀਤੀ ਗਈ ਸੀ। ਇਸ ਵਸੀਅਤ ਰਾਹੀਂ ਮਹਾਰਾਜਾ ਨੇ ਆਪਣੀ ਸਾਰੀ ਜਾਇਦਾਦ ਦਾ ਵਾਰਸ ਮਹਾਰਾਵਲ ਖੇਵਾ ਜੀ ਟਰੱਸਟ ਨੂੰ ਬਣਾ ਦਿੱਤਾ ਸੀ, ਜਿਸ ਦੀਆਂ ਚੇਅਰਪਰਸਨ ਮਹਾਰਾਣੀ ਦੀਪਇੰਦਰ ਕੌਰ ਤੇ ਵਾਈਸ ਚੇਅਰਪਰਸਨ ਮਹਿਤਾਬ ਕੌਰ ਨੂੰ ਬਣਾਇਆ ਗਿਆ ਸੀ। ਇਸੇ ਵਸੀਅਤ ਰਾਹੀਂ ਮਹਾਰਾਜਾ ਨੇ ਆਪਣੀ ਸਭ ਤੋਂ ਵੱਡੀ ਬੇਟੀ ਅੰਮ੍ਰਿਤ ਕੌਰ ਨੂੰ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਸੀ, ਕਿਉਂਕਿ ਉਸ ਨੇ ਮਹਾਰਾਜਾ ਦੀ ਇੱਛਾ ਦੇ ਉਲਟ ਵਿਆਹ ਕਰਵਾਇਆ ਸੀ। ਮਹਾਰਾਜਾ ਫ਼ਰੀਦਕੋਟ ਦੇ ਕੁੱਲ ਚਾਰ ਬੱਚੇ ਸਨ।
ਸਭ ਤੋਂ ਵੱਡੀ ਬੇਟੀ ਅੰਮ੍ਰਿਤ ਕੌਰ, ਦੂਜੀ ਮਹਾਰਾਣੀ ਦੀਪਇੰਦਰ ਕੌਰ, ਤੀਸਰੀ ਮਹਿਤਾਬ ਕੌਰ ਤੇ ਇਕ ਬੇਟਾ ਹਰਮੋਹਿੰਦਰ ਸਿੰਘ ਸਨ। ਮਹਾਰਾਜਾ ਦੀ ਪਤਨੀ ਮਹਾਰਾਣੀ ਨਰਿੰਦਰ ਕੌਰ ਸਨ ਤੇ ਰਾਜ ਮਾਤਾ ਮੋਹਿੰਦਰ ਕੌਰ ਸਨ। ਮਹਾਰਾਜਾ ਦੇ ਬੇਟੇ ਦੀ 1981 ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਹਾਰਾਜਾ ‘ਡਿਪਰੈਸ਼ਨ’ ਵਿਚ ਚਲੇ ਗਏ ਸਨ। ਸੰਨ 1982 ਦੀ ਇਹ ਵਸੀਅਤ ਮਹਾਰਾਜਾ ਦੇ ਬੇਟੇ ਦੀ ਮੌਤ ਤੋਂ 7-8 ਮਹੀਨਿਆਂ ਬਾਅਦ ਵਿਚ ਲਿਖੀ ਗਈ ਸੀ। ਸੰਨ 1989 ‘ਚ ਮਹਾਰਾਜਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਕ ਹੋਰ ਵਸੀਅਤ ਸਾਹਮਣੇ ਆਈ, ਜਿਸ ਰਾਹੀਂ ਮਹਾਰਾਜਾ ਨੇ ਆਪਣੀ ਜਾਇਦਾਦ ਆਪਣੀਆਂ ਤਿੰਨੋਂ ਬੇਟੀਆਂ ਦੇ ਨਾਂਅ ਕੀਤੀ ਸੀ। ਸਾਲ 2010 ਵਿਚ ਮਹਾਰਾਜਾ ਦੀ ਸਭ ਤੋਂ ਵੱਡੀ ਬੇਟੀ ਅੰਮ੍ਰਿਤ ਕੌਰ ਨੇ ਇਸ ਵਸੀਅਤ ਰਾਹੀਂ 1982 ਦੀ ਵਸੀਅਤ ਨੂੰ ਚੈਲੰਜ ਕੀਤਾ ਸੀ ਕਿ ਇਹ ਗਲਤ ਹੈ। ਉਨ੍ਹਾਂ ਨੇ ਆਪਣੀ ਇਸ ਪਟੀਸ਼ਨ ਰਾਹੀਂ ਕਿਹਾ ਸੀ ਕਿ ਮਹਾਰਾਜਾ ਸਾਹਿਬ ਦੀ 1982 ਦੀ ਵਸੀਅਤ ‘ਤੇ ਕਈ ਪ੍ਰਸ਼ਨ ਚਿੰਨ੍ਹੇ ਖੜ੍ਹੇ ਹੁੰਦੇ ਹਨ। ਪਹਿਲਾ ਇਹ ਕਿ ਜਦੋਂ ਇਹ ਵਸੀਅਤ ਲਿਖੀ ਗਈ ਸੀ, ਉਸ ਸਮੇਂ ਮਹਾਰਾਜਾ ਮਾਨਸਿਕ ਤੌਰ ‘ਤੇ ਠੀਕ ਨਹੀਂ ਸਨ।
ਪੁੱਤਰ ਦੀ ਮੌਤ ਕਾਰਨ ਉਹ ‘ਡਿਪਰੈਸ਼ਨ’ ਵਿਚ ਸਨ। ਉਨ੍ਹਾਂ ਕਿਹਾ ਕਿ ਇਹ ਵਸੀਅਤ ਉਨ੍ਹਾਂ ‘ਤੇ ਦਬਾਅ ਪਾ ਕੇ ਬਣਾਈ ਗਈ ਸੀ। ਦੂਸਰੀ ਸ਼ੱਕ ਦੀ ਗੱਲ ਇਹ ਹੈ ਕਿ 1982 ਦੀ ਇਸ ਵਸੀਅਤ ਸਮੇਂ ਮਹਾਰਾਜਾ ਦੀ ਮਾਤਾ ਅਤੇ ਪਤਨੀ ਦੋਵੇਂ ਜਿਉਂਦੇ ਸਨ ਪਰ ਫ਼ਿਰ ਵੀ ਉਨ੍ਹਾਂ ਸਾਰੀ ਜਾਇਦਾਦ ਮੌਤ ਉਪਰੰਤ ਇਕ ਟਰੱਸਟ ਦੇ ਹਵਾਲੇ ਕਰਨ ਲਈ ਲਿਖੀ, ਜਿਸ ਵਿਚ ਉਨ੍ਹਾਂ ਦੀ ਮਾਤਾ ਤੇ ਪਤਨੀ ਮੈਂਬਰ ਵੀ ਨਹੀਂ ਸਨ। ਇਸ ਦੇ ਨਾਲ ਸ਼ੱਕ ਵਾਲੀ ਗੱਲ ਇਹ ਵੀ ਹੈ ਕਿ ਟਰੱਸਟ ਦੇ ਮੈਂਬਰ ਦੇ ਰੂਪ ਵਿਚ ਆਪਣੇ ਸਾਰੇ ਕਰਮਚਾਰੀਆਂ ਨੂੰ ਲਿਆ ਸੀ, ਚਾਹੇ ਉਹ ਕਿਸੇ ਵੀ ਰੁਤਬੇ ‘ਤੇ ਕਿਸੇ ਵੀ ਅਹੁਦੇ ‘ਤੇ ਸੀ। ਵਸੀਅਤ ਦਾ ਇਕ ਗਵਾਹ ਬਰਜਿੰਦਰ ਸਿੰਘ ਬਰਾੜ ਖੁਦ ਇਸ ਦਾ ਲਾਭਪਾਤਰੀ ਸੀ। ਇਨ੍ਹਾਂ ਦਲੀਲਾਂ ਨੂੰ ਧਿਆਨ ਵਿਚ ਰੱਖਦਿਆਂ ਹੇਠਲੀ ਅਦਾਲਤ ਨੇ 1982 ਦੀ ਇਸ ਵਸੀਅਤ ਨੂੰ ਗਲਤ ਕਰਾਰ ਕਰਦਿਆਂ ਮਹਾਰਾਜਾ ਦੀ ਸਾਰੀ ਜਾਇਦਾਦ ਹਿੰਦੂ ਸੁਕਸ਼ੈਸਨ ਐਕਟ ਅਧੀਨ ਉਸ ਵੇਲੇ ਮਹਾਰਾਜਾ ਦੇ ਜੀਵਤ ਵਾਰਸਾਂ ਅੰਮ੍ਰਿਤ ਕੌਰ ਤੇ ਮਹਾਰਾਣੀ ਦੀਪਇੰਦਰ ਕੌਰ ਦੇ ਨਾਂਅ ਕਰ ਦਿੱਤੀ ਗਈ ਸੀ। ਮਹਾਰਾਜਾ ਦੀ ਤੀਸਰੀ ਬੇਟੀ ਮਹਿਤਾਬ ਕੌਰ ਦੀ ਸਾਲ 2003 ਵਿਚ ਅਣਵਿਆਹੁਤਾ ਹੀ ਮੌਤ ਹੋ ਗਈ ਸੀ। ਅਦਾਲਤ ਦੇ ਇਸ ਫ਼ੈਸਲੇ ਨੂੰ ਟਰੱਸਟ ਵਲੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਸੀ। ਮਹਾਰਾਜਾ ਦੀ ਜਾਇਦਾਦ ਦਾ ਇਹ ਮਾਮਲਾ ਇੰਨਾ ਗੁੰਝਲਦਾਰ ਇਸ ਕਾਰਨ ਹੈ, ਕਿਉਂਕਿ ਜਾਇਦਾਦ ਦੀ ਕੁੱਲ ਕੀਮਤ 20 ਹਜ਼ਾਰ ਕਰੋੜ ਰੁਪਏ ਦੇ ਦਰਮਿਆਨ ਦੱਸੀ ਜਾ ਰਹੀ ਹੈ। ਜੋ ਕਿ ਸ਼ਾਇਦ ਆਜ਼ਾਦ ਭਾਰਤ ਵਿਚ ਕਿਸੇ ਇਕ ਰਾਜ ਘਰਾਣੇ ਦੀ ਸਭ ਤੋਂ ਵੱਧ ਮੁੱਲ ਦੀ ਜਾਇਦਾਦ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …