ਜੋਧਪੁਰ/ਬਿਊਰੋ ਨਿਊਜ਼ : ਹਿੰਦੀ ਫਿਲਮ ਅਦਾਕਾਰ ਸਲਮਾਨ ਖ਼ਾਨ ਨੂੰ 18 ਸਾਲ ਪੁਰਾਣੇ ਅਸਲਾ ਐਕਟ ਦੇ ਕੇਸ ਵਿੱਚ ਇੱਥੋਂ ਦੀ ਇਕ ਅਦਾਲਤ ਨੇ ਬਰੀ ਕਰ ਦਿੱਤਾ। ਫੈਸਲੇ ਵੇਲੇ 51 ਸਾਲਾ ਸਲਮਾਨ ਆਪਣੀ ਭੈਣ ਅਲਵੀਰਾ ਨਾਲ ਚੀਫ ਜੁਡੀਸ਼ਲ ਮੈਜਿਸਟਰੇਟ ਦਲਪਤ ਸਿੰਘ ਦੀ ਅਦਾਲਤ ਵਿੱਚ ਹਾਜ਼ਰ ਸੀ। ਸਲਮਾਨ ਖ਼ਾਨ ਖ਼ਿਲਾਫ਼ ਜੰਗਲੀ ਜੀਵ (ਸੰਭਾਲ) ਐਕਟ ਅਧੀਨ ਲੋਪ ਹੋ ਰਹੇ ਜਾਨਵਰਾਂ ਦਾ ਸ਼ਿਕਾਰ ਕਰਨ ਤੋਂ ਇਲਾਵਾ ਅਸਲਾ ਐਕਟ ਦੀ ਧਾਰਾ 3/25 ਤੇ 3/27 ਤਹਿਤ ਜੋਧਪੁਰ ਨੇੜੇ ਕਨਕਨੀ ਵਿੱਚ ਕਾਲੇ ਹਿਰਨਾਂ ਦੇ ਸ਼ਿਕਾਰ ਲਈ ਮਿਆਦ ਖ਼ਤਮ ਹੋ ਚੁੱਕੇ ਲਾਇਸੈਂਸੀ ਹਥਿਆਰ ਰੱਖਣ ਤੇ ਵਰਤਣ ਦੇ ਦੋਸ਼ ਹੇਠ ਅਕਤੂਬਰ 1998 ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ઠਵਿੱਚ ਦੋਵਾਂ ਧਿਰਾਂ ਦੀ ਜਿਰ੍ਹਾ 9 ਜਨਵਰੀ ਨੂੰ ਮੁਕੰਮਲ ਹੋਈ ਸੀ। ਸਲਮਾਨ ਦੇ ਵਕੀਲ ਐਚ.ਐਮ. ਸਰਸਵਤ ਨੇ ਪਹਿਲਾਂ ਕਿਹਾ ਸੀ ਕਿ ”ਅਸੀਂ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਸ ਦੇ ਮੁਵੱਕਿਲ ਦੀ ਇੱਥੇ ਠਹਿਰ ਜਾਂ ਕਥਿਤ ਸ਼ਿਕਾਰ ਦੌਰਾਨ ਹਥਿਆਰ ਆਪਣੇ ਕੋਲ ਰੱਖਣ ਦਾ ਕੋਈ ਸਬੂਤ ਨਹੀਂ। ਉਸ ਕੋਲੋਂ ਅਸਲ ਵਿੱਚ ਏਅਰ ਗੰਨ ਮਿਲੀ ਸੀ।”
ਇਹ ਕੇਸ 25 ਫਰਵਰੀ 2014 ਦੇ ਸ਼ੁਰੂ ਵਿੱਚ ਫੈਸਲੇ ਕੰਢੇ ਪੁੱਜ ਗਿਆ ਸੀ ਪਰ ਮੁੱਦਈ ਧਿਰ ਵੱਲੋਂ ਹੇਠਲੀ ਅਦਾਲਤ ਸਾਹਮਣੇ 2006 ਵਿੱਚ ਦਾਇਰ ਫੈਸਲੇ ਤੋਂ ਰਹਿੰਦੀ ਅਰਜ਼ੀ ਸਾਹਮਣੇ ਆਉਣ ਕਾਰਨ ਕੇਸ ਦਾ ਫੈਸਲਾ ਦੋ ਸਾਲਾਂ ਤੱਕ ਲਟਕਿਆ। ਅਸਲਾ ਐਕਟ ਤੋਂ ਇਲਾਵਾ ਸਲਮਾਨ ਖ਼ਾਨ ਵਿਰੁੱਧ ਚਾਰ ਕੇਸ ਦਰਜ ਹਨ। ਰਾਜਸਥਾਨ ਹਾਈ ਕੋਰਟ ਨੇ ਉਸ ਨੂੰ ਚਿੰਕਾਰਾ ਹਿਰਨ ਦੇ ਸ਼ਿਕਾਰ ਦੇ ਦੋ ਕੇਸਾਂ ਵਿੱਚ ਬਰੀ ਕੀਤਾ ਹੋਇਆ ਹੈ, ਜਦੋਂ ਕਿ ਦੋ ਕਾਲੇ ਹਿਰਨਾਂ ਦੇ ਸ਼ਿਕਾਰ ਦੇ ਤੀਜੇ ਕੇਸ ਵਿੱਚ ਸੁਣਵਾਈ ਚੱਲ ਰਹੀ ਹੈ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …