0.2 C
Toronto
Wednesday, December 3, 2025
spot_img
Homeਹਫ਼ਤਾਵਾਰੀ ਫੇਰੀਸਿੱਖ ਕਤਲੇਆਮ ਦੀ ਯਾਦਗਾਰ 'ਸੱਚ ਦੀ ਕੰਧ' ਪੰਥ ਨੂੰ ਸਮਰਪਿਤ

ਸਿੱਖ ਕਤਲੇਆਮ ਦੀ ਯਾਦਗਾਰ ‘ਸੱਚ ਦੀ ਕੰਧ’ ਪੰਥ ਨੂੰ ਸਮਰਪਿਤ

1984-riots-memorial__6 copy copyਨਵੀਂ ਦਿੱਲੀ/ਬਿਊਰੋ ਨਿਊਜ਼ : ਲੰਬੀ ਉਡੀਕ ਮਗਰੋਂ ਆਖਰਕਾਰ 1984 ਸਿੱਖ ਕਤਲੇਆਮ ਦੇ ਦਰਦ ਨੂੰ ਬਿਆਨ ਕਰਦੀ ਯਾਦਗਾਰ ਮਨੁੱਖਤਾ ਨੂੰ ਸਮਰਪਿਤ ਕਰ ਦਿੱਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਭਗ ਸਾਢੇ ਤਿੰਨ ਸਾਲਾਂ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੰਪਲੈਕਸ ਵਿੱਚ 2.5 ਕਰੋੜ ਰੁਪਏ ਦੀ ਲਾਗਤ ਨਾਲ ‘ਸੱਚ ਦੀ ਕੰਧ’ ਯਾਦਗਾਰ ਤਿਆਰ ਕੀਤੀ ਗਈ ਹੈ। ਇਹ ਯਾਦਗਾਰ ਪੰਜ ਪੀੜਤ ਵਿਧਵਾਵਾਂ ਵੱਲੋਂ ਸੰਗਤ ਨੂੰ ਭੇਟ ਕੀਤੀ ਗਈ। ਇਨ੍ਹਾਂ ਪੀੜਤ ਵਿਧਵਾਵਾਂ ਵਿੱਚ ਬੀਬੀ ਜਸਵੀਰ ਕੌਰ, ਬੀਬੀ ਗੰਗਾ ਕੌਰ, ਬੀਬੀ ਜਸਪਾਲ ਕੌਰ, ਭਰਥੀ ਬਾਈ ਅਤੇ ਅਰਵਿੰਦ ਕੌਰ ਸ਼ਾਮਲ ਸਨ। ਮੌਕੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਸਾਬਕਾ ਰਾਜ ਸਭਾ ਮੈਂਬਰ ਤਿਰਲੋਚਨ ਸਿੰਘ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੱਕ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਗੁਰੂ ਜਸ ਦਾ ਗਾਇਨ ਕੀਤਾ। ਐਨ.ਸੀ.ਸੀ. ਦੇ ਕੈਡਿਟਾਂ ਨੇ ਵੀ ਨਗਰ ਕੀਰਤਨ ਵਿੱਚ ਹਿੱਸਾ ਲਿਆ। ਨਗਰ ਕੀਰਤਨ ਦੇ ਯਾਦਗਾਰ ਵਾਲੀ ਥਾਂ ‘ਤੇ ਪੁੱਜਣ ਮੌਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਬੈਂਡ ਵਿੱਚ ਸ਼ਾਮਿਲ ਬੱਚਿਆਂ ਵੱਲੋਂ ਬਿਗਲ ਵਜਾ ਕੇ ਮਾਰੇ ਗਏ ਸਿੱਖਾਂ ਨੂੰ ਮਾਤਮੀ ਧੁਨ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਗਰੋਂ ਸੰਗਤ ਨੇ 2 ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ। ਜੀ.ਕੇ. ਨੇ ਯਾਦਗਾਰ ਬਣਾਉਣ ਵਿਚ ਸਹਿਯੋਗ ਦੇਣ ਲਈ ਸਮੁੱਚੇ ਪੰਥ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਕੁਲਦੀਪ ਸਿੰਘ ਭੋਗਲ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਪ੍ਰੋਜੈਕਟ ਕਮੇਟੀ ਚੇਅਰਮੈਨ ਤਨਵੰਤ ਸਿੰਘ, ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਣਾ, ਗੁਰਵਿੰਦਰ ਪਾਲ ਸਿੰਘ, ਹਰਦੇਵ ਸਿੰਘ ਧਨੋਆ ਤੇ ਪਰਮਜੀਤ ਸਿੰਘ ਚੰਢੋਕ ਆਦਿ ਮੌਜੂਦ ਸਨ।

RELATED ARTICLES
POPULAR POSTS