‘ਕੌਮਾਂਤਰੀ ਪੱਧਰ ਉੱਤੇ ਇਕੱਲਾ ਪਿਆ ਰੂਸ’
ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਕੈਨੇਡੀਅਨ ਸਰਕਾਰ ਆਉਣ ਵਾਲੇ ਸਮੇਂ ਵਿੱਚ ਰੂਸ ਉੱਤੇ ਹੋਰ ਆਰਥਿਕ ਪਾਬੰਦੀਆਂ ਲਾਵੇਗੀ। ਅਜਿਹਾ ਇਸ ਲਈ ਕੀਤਾ ਜਾਵੇਗਾ ਤਾਂ ਕਿ ਰੂਸ ਯੂਕਰੇਨ ਖਿਲਾਫ ਲੜਾਈ ਨੂੰ ਹੋਰ ਫੰਡ ਮੁਹੱਈਆ ਨਾ ਕਰਵਾ ਸਕੇ।
ਫਰੀਲੈਂਡ ਨੇ ਆਖਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਕੌਮਾਂਤਰੀ ਪੱਧਰ ਉੱਤੇ ਸਾਰੇ ਹੀ ਟੁੱਟ ਰਹੇ ਹਨ ਤੇ ਰੂਸ ਦੀਆਂ ਹਰਕਤਾਂ ਦੁਨੀਆ ਦੇ ਸੱਭ ਤੋਂ ਵੱਡੇ ਸ਼ਕਤੀਸਾਲੀ ਮੁਲਕ ਵਾਲੀਆਂ ਨਹੀਂ ਹਨ ਸਗੋਂ ਭ੍ਰਿਸ਼ਟ ਸਰਕਾਰ ਵਾਲੀਆਂ ਹਨ। ਰੂਸ ਨੂੰ ਸਜ਼ਾ ਦੇਣ ਲਈ ਕੈਨੇਡਾ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਅਪਡੇਟ ਬਾਰੇ ਮੰਗਲਵਾਰ ਦੁਪਹਿਰ ਨੂੰ ਫਰੀਲੈਂਡ ਨੇ ਆਪਣੇ ਜੀ-7 ਕੁਲੀਗਜ਼ ਨਾਲ ਕੀਤੀ ਮੀਟਿੰਗ ਵਿੱਚ ਜਾਣਕਾਰੀ ਦਿੱਤੀ।
ਫਰੀਲੈਂਡ ਨੇ ਆਖਿਆ ਕਿ ਜਿਹੜੀਆਂ ਪਾਬੰਦੀਆਂ ਹੁਣ ਲਾਈਆਂ ਜਾਣਗੀਆਂ ਉਹ ਅਜਿਹੀਆਂ ਸੰਸਥਾਵਾਂ ਤੇ ਵਿਅਕਤੀਆਂ ਉੱਤੇ ਹੋਣਗੀਆਂ ਜਿਹੜੇ ਪੁਤਿਨ ਦੀ ਮਦਦ ਕਰ ਰਹੇ ਹਨ। ਅਜਿਹੀਆਂ ਹੀ ਪਾਬੰਦੀਆਂ ਪਹਿਲਾਂ ਵੀ ਲਾਈਆਂ ਜਾ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਓਟਵਾ ਵੱਲੋਂ ਪਹਿਲਾਂ ਪੁਤਿਨ ਸਮੇਤ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਜਸਟਿਸ ਮੰਤਰੀ ਕੌਸਟੈਂਟਿਨ ਚੁਈਚੈਂਕੋ, ਰੱਖਿਆ ਮੰਤਰੀ ਸਰਗੇਈ ਸੌਏਗਮ ਤੇ ਪੁਤਿਨ ਦੇ ਚੀਫ ਆਫ ਸਟਾਫ ਐਂਟਨ ਵੇਨੋਉੱਤੇ ਪਾਬੰਦੀਆਂ ਲਾਈਆਂ ਜਾ ਚੁੱਕੀਆਂ ਹਨ।
ਇਸ ਦੇ ਨਾਲ ਹੀ ਸਰਕਾਰ ਵੱਲੋਂ ਸਾਰੀਆਂ ਵਿੱਤੀ ਸੰਸਥਾਂਵਾਂ ਉੱਤੇ ਰੂਸੀ ਸੈਂਟਰਲ ਬੈਂਕ ਨਾਲ ਲੈਣ ਦੇਣ ਉੱਤੇ ਵੀ ਰੋਕ ਲਾਈ ਜਾ ਚੁੱਕੀ ਹੈ। ਕੁੱਲ ਮਿਲਾ ਕੇ 32 ਰੂਸੀ ਸੰਸਥਾਵਾਂ ਅਤੇ 382 ਵਿਅਕਤੀਆਂ ਉੱਤੇ ਕੈਨੇਡਾ ਵੱਲੋਂ ਪਾਬੰਦੀਆਂ ਲਾਈਆਂ ਜਾ ਚੁੱਕੀਆਂ ਹਨ। ਪਰ ਰੂਸ ਦੇ ਬਿਲੀਅਨੇਅਰ ਤੇ ਚੈਲਸੀ ਫੁੱਟਬਾਲ ਕਲੱਬ ਦੇ ਮਾਲਕ ਰੋਮਨ ਅਬਰਾਮੋਵਿਚ ਉੱਤੇ ਪਾਬੰਦੀਆਂ ਨਹੀਂ ਲਾਈਆਂ ਗਈਆਂ। ਕੈਨੇਡਾ ਵਿੱਚ ਉਸ ਦੀ ਕਾਫੀ ਸੰਪਤੀ ਹੈ।