ਨਵੀਂ ਦਿੱਲੀ : ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਰੂਸੀ ਫੌਜ ਵੱਲੋਂ ਕੀਤੀ ਗੋਲਾਬਾਰੀ ‘ਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਨਵੀਨ ਸ਼ੇਖਰੱਪਾ ਗਿਆਨਗੌਦਰ (20) ਵਜੋਂ ਦੱਸੀ ਗਈ ਹੈ, ਜੋ ਖਾਰਕੀਵ ਦੀ ਕੌਮੀ ਮੈਡੀਕਲ ਯੂਨੀਵਰਸਿਟੀ ‘ਚ ਚੌਥੇ ਸਾਲ ਦਾ ਵਿਦਿਆਰਥੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਡੂੰਘੇ ਦੁੱਖ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਖਾਰਕੀਵ ਵਿੱਚ ਗੋਲੀਬਾਰੀ ਦੌਰਾਨ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਅਸੀਂ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਨਵੀਨ ਨਾਲ ਹੋਸਟਲ ਵਿੱਚ ਰਹਿੰਦੇ ਸ੍ਰੀਧਰਨ ਗੋਪਾਲਾਕ੍ਰਿਸ਼ਨਨ ਨੇ ਦੱਸਿਆ ਕਿ ਨਵੀਨ ਦੀ ਯੂਕਰੇਨੀਅਨ ਸਮੇਂ ਅਨੁਸਾਰ ਮੰਗਲਵਾਰ ਨੂੰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਗੋਲੀਆਂ ਲੱਗਣ ਕਰਕੇ ਮੌਤ ਹੋਈ। ਨਵੀਨ ਇਕ ਕਰਿਆਨੇ ਦੀ ਦੁਕਾਨ ਬਾਹਰ ਕਤਾਰ ਵਿੱਚ ਖੜ੍ਹਾ ਸੀ, ਜਦੋਂ ਰੂਸੀ ਫੌਜ ਨੇ ਲੋਕਾਂ ‘ਤੇ ਗੋਲੀਆਂ ਚਲਾਈਆਂ। ਉਧਰ ਖਾਰਕੀਵ ਵਿੱਚ ਵਿਦਿਆਰਥੀ ਕੋਆਰਡੀਨੇਟਰ ਪੂਜਾ ਪ੍ਰਹਾਰਾਜ ਨੇ ਕਿਹਾ ਕਿ ਨਵੀਨ ਖਾਣਾ ਲੈਣ ਲਈ ਬਾਹਰ ਗਿਆ ਸੀ ਤੇ ਉਹ ਗਵਰਨਰ ਹਾਊਸ ਦੇ ਪਿਛਲੇ ਪਾਸੇ ਰਹਿੰਦਾ ਸੀ।
ਖਾਰਕੀਵ ਵਿੱਚ ਨਿੱਤ ਵਿਗੜਦੇ ਹਾਲਾਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਸ਼ਹਿਰ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਸਲਾਮਤੀ ਭਾਰਤ ਸਰਕਾਰ ਦੀ ਸਿਖਰਲੀ ਤਰਜੀਹ ਹੈ। ਦੱਸਿਆ ਗਿਆ ਕਿ ਭਾਰਤ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਸਬੰਧੀ ਰੂਸੀ ਤੇ ਯੂਕਰੇਨੀ ਅੰਬੈਸੀਆਂ ‘ਤੇ ‘ਦਬਾਅ’ ਪਾਇਆ ਜਾ ਰਿਹਾ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗ ਦੇ ਝੰਬੇ ਯੂਕਰੇਨ ਵਿੱਚ ਗੋਲੀਬਾਰੀ ਦੀ ਜ਼ੱਦ ਵਿੱਚ ਆ ਕੇ ਮੌਤ ਦੇ ਮੂੰਹ ਪਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੇ ਪਿਤਾ ਨਾਲ ਗੱਲਬਾਤ ਕਰਕੇ ਪਰਿਵਾਰ ਨਾਲ ਦੁੱਖ ਵੰਡਾਇਆ। ਨਵੀਂ ਦਿੱਲੀ ਸਥਿਤ ਅਮਰੀਕੀ ਤੇ ਫਰਾਂਸੀਸੀ ਦੂਤਾਵਾਸ ਨੇ ਵੀ ਭਾਰਤੀ ਵਿਦਿਆਰਥੀ ਦੀ ਮੌਤ ‘ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਵਿਦਿਆਰਥੀ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।
Check Also
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਪਾਰਟੀ ’ਤੇ ਕੀਤਾ ਸਿਆਸੀ ਹਮਲਾ
ਕਿਹਾ : ਕਾਂਗਰਸ ਨੇ ਅਸਾਮ ’ਚ ਸ਼ਾਂਤੀ ਕਾਇਮ ਨਹੀਂ ਹੋਣ ਦਿੱਤੀ ਦੇਰਗਾਓਂ/ਬਿਊਰੋ ਨਿਊਜ਼ : ਕੇਂਦਰੀ …