ਅਮਰੀਕਾ ਪਹਿਲੇ ਸਥਾਨ ’ਤੇ ਬਰਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਕੋਲ ਦੁਨੀਆ ਦੀ ਚੌਥੀ ਸਭ ਤੋਂ ਜ਼ਿਆਦਾ ਤਾਕਤਵਰ ਫੌਜ ਹੈ। ਸਭ ਤੋਂ ਸ਼ਕਤੀਸ਼ਾਲੀ ਫੌਜ ਦੇ ਮਾਮਲੇ ਵਿਚ ਅਮਰੀਕਾ ਨੂੰ ਪੂਰੀ ਦੁਨੀਆ ਵਿਚ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ। ਰੱਖਿਆ ਸਬੰਧੀ ਡੈਟਾ ਰੱਖਣ ਵਾਲੀ ਵੈਬਸਾਈਟ ਗਲੋਬਲ ਫਾਇਰਪਾਵਰ ਦੀ ‘ਸੈਨਿਕ ਤਾਕਤ ਸੂਚੀ 2023’ ਵਿਚ ਦੁਨੀਆ ਦੇ 145 ਦੇਸ਼ਾਂ ਦੀਆਂ ਫੌਜਾਂ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਕੇ ਰੈਂਕਿੰਗ ਜਾਰੀ ਕੀਤੀ ਗਈ ਹੈ। ਇਸ ਰੈਂਕਿੰਗ ਵਿਚ ਸਭ ਤੋਂ ਤਾਕਤਵਰ ਫੌਜ ਦੇ ਮਾਮਲੇ ਵਿਚ ਅਮਰੀਕਾ ਟੌਪ ’ਤੇ ਹੈ। ਦੂਜੇ ਨੰਬਰ ’ਤੇ ਰੂਸ, ਤੀਜੇ ਨੰਬਰ ’ਤੇ ਚੀਨ, ਚੌਥੇ ਨੰਬਰ ’ਤੇ ਭਾਰਤ ਅਤੇ ਪੰਜਵੇਂ ਸਥਾਨ ’ਤੇ ਬਿ੍ਰਟੇਨ ਹੈ। ਪਿਛਲੇ ਸਾਲ ਵੀ ਇਸ ਸੂਚੀ ਵਿਚ ਭਾਰਤ ਚੌਥੇ ਨੰਬਰ ’ਤੇ ਹੀ ਸੀ। ਛੇਵੇਂ ’ਤੇ ਦੱਖਣੀ ਕੋਰੀਆ, ਸੱਤਵੇਂ ’ਤੇ ਪਾਕਿਸਤਾਨ, ਅੱਠਵੇਂ ’ਤੇ ਜਪਾਨ, ਨੌਵੇਂ ਨੰਬਰ ’ਤੇ ਫਰਾਂਸ ਅਤੇ ਦਸਵੇਂ ਨੰਬਰ ’ਤੇ ਇਟਲੀ ਦੀ ਫੌਜ ਹੈ। ਗਲੋਬਲ ਫਾਇਰ ਪਾਵਰ ਦੀ ਸੂਚੀ ਵਿਚ ਸ਼ਾਮਲ ਕੁੱਲ 145 ਦੇਸ਼ਾਂ ਵਿਚੋਂ ਭੂਟਾਨ ਸੈਨਿਕ ਰੂਪ ਵਿਚ ਸਭ ਤੋਂ ਘੱਟ ਸ਼ਕਤੀਸ਼ਾਲੀ ਦੇਸ਼ ਹੈ ਅਤੇ ਇਹ 145ਵੇਂ ਸਥਾਨ ’ਤੇ ਹੈ। ਭਾਰਤ ਕੋਲ 4500 ਟੈਂਕ ਤੇ 538 ਲੜਾਕੂ ਜਹਾਜ਼ ਹਨ। ਭਾਰਤ ਵਿਚ 14 ਲੱਖ 44 ਹਜ਼ਾਰ ਸੈਨਿਕ ਹਨ, ਜੋ ਦੁਨੀਆ ਵਿਚ ਦੂਜਾ ਨੰਬਰ ਹੈ।