ਕਿਹਾ : ਅਕਾਲੀ ਦਲ ਹਰਿਆਣਾ ਨੂੰ ਐਸ ਵਾਈ ਐਲ ਦਾ ਪਾਣੀ ਦਿਵਾਉਣ ‘ਚ ਮੱਦਦ ਕਰੇ ਤਾਂ ਉਸ ਨੂੰ ਦੋ-ਤਿੰਨ ਸੀਟਾਂ ਵੈਸੇ ਹੀ ਦੇ ਦਿੰਦੇ
ਕਾਲਾਂਵਾਲੀ/ਬਿਊਰੋ ਨਿਊਜ਼ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਨੂੰ ਐੱਸਵਾਈਐੱਲ ਦਾ ਪਾਣੀ ਦਿਵਾਉਣ ‘ਚ ਮਦਦ ਕਰੇ ਤਾਂ ਉਹ ਦੋ-ਤਿੰਨ ਸੀਟਾਂ ਉਨ੍ਹਾਂ ਨੂੰ ਵੈਸੇ ਹੀ ਦੇ ਦੇਣਗੇ। ਭਾਜਪਾ ਉਮੀਦਵਾਰ ਬਲਕੌਰ ਸਿੰਘ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ”ਅਕਾਲੀ ਦਲ ਸਮਝੌਤੇ ਲਈ ਸਾਡੇ ਅੱਗੇ-ਪਿੱਛੇ ਫਿਰਦਾ ਰਿਹਾ ਪਰ ਅਸੀਂ ਸਮਝੌਤਾ ਨਹੀਂ ਕੀਤਾ।”
ਸ਼੍ਰੋਮਣੀ ਅਕਾਲੀ ਦਲ ਬਾਰੇ ਉਨ੍ਹਾਂ ਕਿਹਾ, ”ਅਸੀਂ ਉਨ੍ਹਾਂ ਨੂੰ ਇੱਕ ਵੀ ਸੀਟ ਇਸ ਲਈ ਨਹੀਂ ਦਿੱਤੀ ਕਿਉਂਕਿ ਐੱਸਵਾਈਐੱਲ ਨਹਿਰ ਦੇ ਮੁੱਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਅੜਚਨਾਂ ਪਾਈਆਂ ਸਨ, ਉਹ ਪ੍ਰਦੇਸ਼ ਦੀ ਜਨਤਾ ਨੂੰ ਪਤਾ ਹਨ।” ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਐੱਸਵਾਈਐੱਲ ਦੀ ਖੁਦਾਈ ਵਿੱਚ ਕੋਈ ਅੜਚਨ ਨਾ ਪਾਉਣ ਦਾ ਬਿਆਨ ਜਾਰੀ ਕਰਦਾ ਹੈ ਤਾਂ ਭਾਜਪਾ ਕਾਲਾਂਵਾਲੀ ਹਲਕੇ ਨੂੰ ਛੱਡ ਕੇ ਅਕਾਲੀ ਦਲ ਦੇ ਉਮੀਦਵਾਰਾਂ ਖਿਲਾਫ ਚੋਣ ਲੜ ਰਹੇ ਆਪਣੇ ਉਮੀਦਵਾਰਾਂ ਨੂੰ ਵਾਪਸ ਸੱਦ ਲਵੇਗੀ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕਾਲਾਂਵਾਲੀ ਤੋਂ ਪਿਛਲੀ ਵਾਰ ਭਾਜਪਾ ਦਾ ਉਮੀਦਵਾਰ ਰਿਹਾ ਰਜਿੰਦਰ ਸਿੰਘ ਦੇਸੂਜੋਧਾ ਅਤੇ ਉਸ ਦਾ ਖਾਨਦਾਨ ਕਥਿਤ ਤੌਰ ‘ਤੇ ਨਸ਼ੇ ਦੇ ਕਾਰੋਬਾਰ ਵਿੱਚ ਫਸੇ ਹੋਏ ਹਨ ਜਿਸ ਕਰਕੇ ਪਾਰਟੀ ਨੇ ਉਸ ਨੂੰ ਟਿਕਟ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਬਲਕੌਰ ਸਿੰਘ ਪਿਛਲੀ ਵਿਧਾਨ ਸਭਾ ‘ਚ ਅਕਾਲੀ ਦਲ ਦਾ ਵਿਧਾਇਕ ਸੀ ਜਦਕਿ ਦੇਸੂਜੋਧਾ ਐਤਕੀਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਰਿਹਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਬਲਕੌਰ ਸਿੰਘ ਚੰਗਾ, ਸ਼ਰੀਫ, ਇਮਾਨਦਾਰ ਅਤੇ ਮਿਹਨਤੀ ਵਿਅਕਤੀ ਹੈ। ਇਸ ਮੌਕੇ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਅਤੇ ਬਲਕੌਰ ਸਿੰਘ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …