ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕੈਨੇਡਾ ਵਿਚ ਬੇ-ਰੋਜ਼ਗਾਰੀ ਦੀ ਦਰ ਉੱਪਰ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਤੰਬਰ 2017 ਤੱਕ ਪਿਛਲੇ ਸਾਲਾਂ ਵਿਚ ਘੱਟ ਤੋਂ ਘੱਟ ਰਹੀ ਅਕਤੂਬਰ 2008 ਦੀ 6.4% ਦਰ ਦੇ ਨਾਲ ਮੇਲ ਖਾ ਰਹੀ ਹੈ। ਉਨ੍ਹਾਂ ਇਸ ਦੇ ਲਈ ਜ਼ਿੰਮੇਵਾਰ ਕੈਨੇਡਾ ਸਰਕਾਰ ਦੀਆਂ ਆਰਥਿਕ ਯੋਜਨਾਵਾਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਹਰੇਕ ਬੱਜਟ ਵਿਚ ਕੈਨੇਡੀਅਨ ਬਿਜ਼ਨੈੱਸਾਂ ਨੂੰ ਪ੍ਰਫੁੱਲਤ ਕਰਨ ਅਤੇ ਕੈਨੇਡਾ-ਵਾਸੀਆਂ ਲਈ ਪੂਰੇ-ਸਮੇਂ ਦੀਆਂ ਨੌਕਰੀਆਂ ਪੈਦਾ ਕਰਨ ਲਈ ਖ਼ਾਸ ਨੁਕਤੇ ਰੱਖੇ ਗਏ ਹਨ। ਨੌਕਰੀਆਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਯੋਜਨਾਵਾਂ ਸਹੀ ਦਿਸ਼ਾ ਵਿਚ ਕੰਮ ਕਰ ਰਹੀਆਂ ਹਨ।
ਸੋਨੀਆ ਨੇ ਕਿਹਾ ਕਿ ਇਕ ਹੋਰ ਦਿਲਚਸਪ ਤੱਥ ਹੈ ਕਿ ਅਗੱਸਤ ਤੋਂ ਸਤੰਬਰ ਮਹੀਨੇ ਵਿਚ 55 ਸਾਲ ਜਾਂ ਇਸ ਤੋਂ ਵਧੇਰੇ ਉਮਰ ਵਾਲਿਆਂ ਲਈ ਰੋਜ਼ਗਾਰਾਂ ਵਿਚ ਵਾਧਾ ਹੋਇਆ ਹੈ। ਕਈ ਹੋਰ ਕਨੇਡੀਅਨਾਂ ਨੇ ਸਿੱਖਿਆ ਦੇ ਖ਼ੇਤਰ ਵਿਚ ਨੌਕਰੀਆਂ ਪ੍ਰਾਪਤ ਕੀਤੀਆਂ, ਪਬਲਿਕ ਖ਼ੇਤਰ ਦੀਆਂ ਰੋਜ਼ਗਾਰ ਸੇਵਾਵਾਂ ਵਿਚ ਮਾਮੂਲੀ ਵਾਧਾ ਹੋਇਆ, ਪ੍ਰਾਈਵੇਟ ਖ਼ੇਤਰ ਲੱਗਭੱਗ ਸਮਾਨ ਹੀ ਰਿਹਾ ਅਤੇ ਸਵੈ-ਰੋਜ਼ਗਾਰ ਕਾਮਿਆਂ ਦੀ ਗਿਣਤੀ ਵੀ ਓਥੇ ਕੁ ਹੀ ਟਿਕੀ ਰਹੀ। ਉਨ੍ਹਾਂ ਕਿਹਾ ਕਿ ਇਕ ਹੋਰ ਨੁਕਤਾ ਵੀ ਹੈ ਕਿ ਨੌਜਵਾਨਾਂ ਦੀ ਬੇ-ਰੋਜ਼ਗਾਰੀ ਦੀ ਦਰ ਘਟੀ ਹੈ। ਨੌਜੁਆਨਾਂ ਲਈ 37,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਜਿਨ੍ਹਾਂ ਸਦਕਾ ਸਤੰਬਰ ਵਿਚ ਬੇ-ਰੋਜ਼ਗਾਰੀ ਦੀ ਦਰ 1.2% ਘਟੀ ਹੈ। ਓਨਟਾਰੀਓ ਵਿਚ ਪਿਛਲੇ ਮਹੀਨੇ 35,000 ਰੋਜ਼ਗਾਰ ਹੋਰ ਵਧੇ ਹਨ। ਪਿਛਲੇ ਪੰਜਾਂ ਵਿੱਚੋਂ ਚਾਰ ਮਹੀਨਿਆਂ ਓਨਟਾਰੀਓ ਸੂਬੇ ਵਿਚ ਬੇ-ਰੋਜ਼ਗਾਰੀ ਘਟੀ ਹੈ ਜਿਸ ਦਾ ਭਾਵ ਹੈ ਕਿ ਬਰੈਂਪਟਾਊਨ ਸਾਊਥ ਵਿਚ ਵੀ ਹੋਰ ਲੋਕਾਂ ਨੂੰ ਨੌਕਰੀਆਂ ਮਿਲੀਆਂ ਹਨ ਅਤੇ ਇਸ ਦੇ ਨਾਲ ਹੀ ਕੈਨੇਡਾ ਦਾ ਅਰਥਚਾਰਾ ਵੀ ਮਜ਼ਬੂਤ ਹੋ ਰਿਹਾ ਹੈ। ਲਿਬਰਲ ਸਰਕਾਰ ਦੇ ਆਉਣ ‘ਤੇ ਮੱਧ-ਵਰਗ ਉੱਪਰ ਟੈਕਸ ਦਾ ਬੋਝ ਘਟਿਆ ਹੈ, ਜਦਕਿ ਵਧੇਰੇ ਆਮਦਨੀ ਵਾਲਿਆਂ ਉੱਪਰ ਇਹ 1% ਵਧਿਆ ਹੈ।