Home / ਕੈਨੇਡਾ / ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਨੂੰ ਸਹਿਯੋਗ ਦੇਣ ਲਈ ਫੰਡ ਰੇਜਿੰਗ ਕੰਪੇਨ ਚਲਾਈ ਜਾਵੇਗੀ

ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਨੂੰ ਸਹਿਯੋਗ ਦੇਣ ਲਈ ਫੰਡ ਰੇਜਿੰਗ ਕੰਪੇਨ ਚਲਾਈ ਜਾਵੇਗੀ

ਟੇਰਾਂਟੋ : ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਸੇਵ-ਅਫਗਾਨ ਮਾਇਨੋਰਟੀ ਪ੍ਰਾਜੈਕਟ, ਜਿਸ ਅਧੀਨ ਸਵਰਗਵਾਸੀ ਮਨਮੀਤ ਸਿੰਘ ਭੁੱਲਰ ਵਲੋਂ ਅਫਗਾਨਿਸਤਾਨ ਵਿਚ ਮੁਸ਼ਕਲਾਂ ਭਰੀ ਜ਼ਿੰਦਗੀ ਬਸਰ ਕਰ ਰਹੇ ਸਿੱਖ-ਹਿੰਦੂ ਪਰਿਵਾਰਾਂ ਦੀ ਬਾਂਹ ਫੜਨ ਦਾ ਕੰਮ ਸੁਰੂ ਕੀਤਾ ਗਿਆ ਸੀ। ਉਸ ਨੇਕ ਕਾਰਜ ਵਿਚ ਸਹਿਯੋਗ ਦੇਣ ਲਈ ਐਤਵਾਰ, 10 ਫਰਵਰੀ ਨੂੰ ਉਨਟਾਰੀਓ ਖਾਲਸਾ ਦਰਬਾਰ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵਕੀਲ, ਬਲਪ੍ਰੀਤ ਸਿੰਘ ਤੋਂ ਇਲਾਵਾ ਪੰਜਾਬੀ ਮੀਡੀਏ ਨਾਲ ਸਬੰਧਤ ਕੁਝ ਕਾਰਕੁੰਨਾਂ ਨੇ ਮੀਟਿੰਗ ਕੀਤੀ । ਇਸ ਕਾਰਵਾਈ ਵਿਚ ਸਵਰਗਵਾਸੀ ਮਨਮੀਤ ਸਿੰਘ ਭੁੱਲਰ ਦੇ ਪਿਤਾ, ਸ੍ਰ: ਬਲਜਿੰਦਰ ਸਿੰਘ ਭੁੱਲਰ ਨੇ ਕੈਲਗਰੀ ਤੋਂ ਟੈਲੀਫੋਨ ਦੇ ਜ਼ਰੀਏ ਸ਼ਿਰਕਤ ਕੀਤੀ । ਉਨਟਾਰੀਓ ਖਾਲਸਾ ਦਰਬਾਰ ਦੇ ਪ੍ਰਬੰਧਕਾਂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਫਰਵਰੀ ਮਹੀਨੇ ਵਿਚ ਅਫਗਾਨ ਸਿੱਖ-ਹਿੰਦੂ ਰਫਿਊਜੀਆਂ ਦੇ ਪ੍ਰਾਜੈਕਟ ਵਿਚ ਸਹਿਯੋਗ ਦੇਣ ਲਈ ਗੁਰਦੁਆਰਾ ਸਾਹਿਬ ਵਲੋਂ ਸਪੈਸ਼ਲ ਰਸੀਦ ਬੁੱਕ ਲਗਾ ਦਿੱਤੀ ਗਈ ਹੈ ਅਤੇ ਸੰਗਤ ਵਲੋਂ ਜੇਕਰ ਕੋਈ ਵੀ ਇਸ ਪ੍ਰਾਜੈਕਟ ਲਈ ਮਾਇਕ ਸਹਿਯੋਗ ਦੇਵੇਗਾ ਤਾਂ ਉਹ ਸਾਰੀ ਮਾਇਆ, ਗੁਰਦੁਆਰਾ ਸਾਹਿਬ ਵਲੋਂ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਨੂੰ ਭੇਜ ਦਿੱਤੀ ਜਾਵੇਗੀ । ਪੰਜਾਬੀ ਮੀਡੀਏ ਦੇ ਪ੍ਰਤੀਨਿਧ, ਡਾ: ਬਲਵਿੰਦਰ ਸਿੰਘ, ਦਿਲਬਾਗ ਚਾਵਲਾ, ਰਾਜਿੰਦਰ ਸੈਣੀ ਅਤੇ ਸੁਖਦੇਵ ਸਿੰਘ ਵਲੋਂ ਇਸ ਕਾਰਜ ਨੂੰ ਹੋਰ ਵਿਸ਼ਾਲ ਬਣਾਉਣ ਲਈ ਇਹ ਮਸ਼ਵਰਾ ਦਿੱਤਾ ਗਿਆ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬਲਪ੍ਰੀਤ ਸਿੰਘ ਜੋ ਕਿ ਮਨਮੀਤ ਸਿੰਘ ਭੁੱਲਰ ਦੇ ਨਾਲ ਇਸ ਪ੍ਰਾਜੈਕਟ ਵਿਚ ਮੁੱਢ ਤੋਂ ਹੀ ਕੰਮ ਕਰਦੇ ਆ ਰਹੇ ਹਨ, ਨੂੰ ਟਰਾਂਟੋ ਇਲਾਕੇ ਦੇ ਹੋਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਸੇਵਾ ਫੂਡ ਬੈਂਕ ਦੇ ਕੁਲਵੀਰ ਸਿੰਘ ਦੀ ਟੀਮ ਨੂੰ ਇਸ ਪ੍ਰਾਜੈਕਟ ਵਿਚ ਸ਼ਾਮਲ ਕਰਨ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ। ਉਥੇ ਉਹ ਪੰਜਾਬੀ ਮੀਡੀਏ ਦੇ ਬਾਕੀ ਕਾਰਕੁੰਨਾਂ ਦੇ ਨਾਲ ਤਾਲ-ਮੇਲ ਕਰਕੇ ਆਉਣ ਵਾਲੇ ਕੁਝ ਦਿਨਾਂ ਵਿਚ ਮੀਡੀਏ ਦੇ ਜ਼ਰੀਏ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਦਾ ਸਹਿਯੋਗ ਦੇਣ ਲਈ ਫੰਡ ਰੇਜ਼ ਕਰਨ ਵਿਚ ਸਹਿਯੋਗ ਪਾਉਣਗੇ ਤਾਂ ਜੋ ਅਫਗਾਨ ਸਿੱਖ-ਹਿੰਦੂ ਰਫਿਊਜੀਆਂ ਨੂੰ ਕੈਨੇਡਾ ਲਿਆਉਣ ਅਤੇ ਇਥੇ ਰਹਿਣ ਲਈ ਆਉਣ ਵਾਲੇ ਖਰਚੇ ਵਿਚ ਮਾਇਕ ਯੋਗਦਾਨ ਪਾਇਆ ਜਾ ਸਕੇ।ਬਲਪ੍ਰੀਤ ਸਿੰਘ ਅਤੇ ਉਨਟਾਰੀਓ ਖਾਲਸਾ ਦਰਬਾਰ ਦੇ ਪ੍ਰਬੰਧਕਾਂ ਨੇ ਜ਼ਿੰਮੇਵਾਰੀ ਲਈ ਕਿ ਉਨ੍ਹਾਂ ਵਲੋਂ ਆਉਣ ਵਾਲੇ ਕੁਝ ਦਿਨਾਂ ਵਿਚ ਬਾਕੀ ਗੁਰਦੁਆਰਾ ਸਾਹਿਬਾਨ, ਉਨਟਾਰੀਓ ਗੁਰਦੁਆਰਾ ਕਮੇਟੀ ਅਤੇ ਉਨਟਾਰੀਓ ਸਿੱਖ ਗੁਰਦੁਆਰਾ ਕੌਂਸਿਲ ਤੋਂ ਇਲਾਵਾ ਸੇਵਾ ਫੂਡ ਬੈਂਕ ਅਤੇ ਹੋਰ ਭਾਈਚਾਰੇ ਦੀਆਂ ਸਮਾਜਿਕ ਸੰਸਥਾਵਾਂ ਨਾਲ ਸੰਪਰਕ ਕਰਨ ਤੋਂ ਇਲਾਵਾ ਇਕ ਪ੍ਰੈਸ ਰਲੀਜ਼ ਜਾਰੀ ਕਰਕੇ ਪੰਜਾਬੀ ਮੀਡੀਏ ਨਾਲ ਇਕ ਮੀਟਿੰਗ ਆਯੋਜਿਤ ਕਰਕੇ ਟਰਾਂਟੋ ਇਲਾਕੇ ਵਿਚ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਦਾ ਸਹਿਯੋਗ ਦੇਣ ਲਈ ਫੰਡਰੇਜ ਕੰਪੇਨ ਚਲਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬਲਪ੍ਰੀਤ ਸਿੰਘ ਨਾਲ 416-904-9110 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Check Also

551ਵੇਂ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਹੋਵੇਗਾ ਸਿੱਧਾ ਪ੍ਰਸਾਰਣ   

ਪਾਕਿਸਤਾਨ ਤੋਂ ਗੁਰਪੁਰਬ ਮੌਕੇ ਤਿੰਨ ਦਿਨਾਂ ਦੇ ਸਿੱਧੇ ਪ੍ਰਸਾਰਣ ਨੂੰ ਕੈਨੇਡਾ, ਅਮਰੀਕਾ ਤੇ ਭਾਰਤ ਸਣੇ …