-0.4 C
Toronto
Friday, November 28, 2025
spot_img
Homeਕੈਨੇਡਾ'ਆਦਤਾਂ ਛੋਟੀਆਂ, ਤਬਦੀਲੀਆਂ ਵੱਡੀਆਂ' ਵਿਸ਼ੇ 'ਤੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਵੱਲੋਂ ਕਰਵਾਇਆ...

‘ਆਦਤਾਂ ਛੋਟੀਆਂ, ਤਬਦੀਲੀਆਂ ਵੱਡੀਆਂ’ ਵਿਸ਼ੇ ‘ਤੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਵੱਲੋਂ ਕਰਵਾਇਆ ਗਿਆ ਸੈਮੀਨਾਰ

ਬਰੈਂਪਟਨ/ਡਾ. ਝੰਡ : ਆਪਣੇ ਮੈਂਬਰਾਂ ਸਿਹਤ ਸਬੰਧੀ ਜਾਗਰੂਕਤਾ ਪ੍ਰਦਾਨ ਕਰਨ ਲਈ ਬਰੈਂਪਟਨ ਦੀ ‘ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ’ ਸਮੇਂ-ਸਮੇਂ ਸੈਮੀਨਾਰ ਕਰਵਾਉਂਦੀ ਰਹਿੰਦੀ ਹੈ। ਏਸੇ ਕੜੀ ਵਿੱਚ ਲੰਘੇ ਮੰਲਵਾਰ 18 ਨਵੰਬਰ ਨੂੰ ਇਸ ਕਲੱਬ ਵੱਲੋਂ ਹੈੱਲਥ ਐਂਡ ਵੈੱਲਥ ਸੈਮੀਨਾਰ ‘ਆਦਤਾਂ-ਛੋਟੀਆਂ-ਛੋਟੀਆਂ ਪਰ ਤਬਦੀਆਂ ਵੱਡੀਆਂ’ ਵਿਸ਼ੇ ਉੱਪਰ ਸੈਮੀਨਾਰ ਸਥਾਨਕ ਪਾਲ ਪਲੈਸ਼ੀ ਰੀਕਰੀਏਸ਼ਨ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ।
ਕਲੱਬ ਦੇ 100 ਤੋਂ ਵਧੀਕ ਮੈਂਬਰਾਂ ਵੱਲੋਂ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ ਗਈ। ਇੱਥੋਂ ਕਲੱਬ ਦੀ ਆਪਣੇ ਮੈਂਬਰਾਂ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਿਕ ਸਿਹਤ ਪ੍ਰਤੀ ਜਾਗਰੂਕਤਾ ਲਈ ਵਚਨਬੱਧਤਾ ਦਿਖਾਈ ਦਿੰਦੀ ਹੈ।
ਸੈਮੀਨਾਰ ਦੇ ਆਰੰਭ ਵਿੱਚ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸੈਮੀਨਾਰ ਦੇ ਮੁੱਖ-ਬੁਲਾਰੇ ਡਾ. ਹਰਿੰਦਰਾ ਜੋਸ਼ੀ ਅਤੇ ਕਲੱਬ ਦੇ ਮੈਂਬਰਾਂ ‘ਜੀ ਆਇਆਂ’ ਕਹਿੰਦਿਆਂ ਹੋਇਆਂ ਸੀਨੀਅਰਂ ਦੀ ਸਿਹਤ ਸੰਭਾਲ ਬਾਰੇ ਮੁੱਢਲੇ ਸ਼ਬਦ ਕਹੇ। ਉਨ੍ਹਾਂ ਕਿਹਾ, ”ਸਾਡੇ ਸੀਨੀਅਰ ਸਾਡੀ ਮਦਦ, ਅਗਵਾਈ ਅਤੇ ਪ੍ਰਵਾਹ ਦੇ ਪੂਰੇ ਹੱਕਦਾਰ ਹਨ। ਅੱਜ ਦਾ ਇਹ ਸੈਮੀਨਾਰ ਸਿਹਤ ਨੂੰ ਤੰਦਰੁਸਤ ਰੱਖਣ, ਜੀਵਨ ਵਿੱਚ ਖ਼ੁਸ਼ ਰਹਿਣ ਅਤੇ ਵਧੀਆ ਜ਼ਿੰਦਗੀ ਗੁਜ਼ਾਰਨ ਵੱਲ ਇੱਕ ਕਦਮ ਹੈ।” ਸੈਮੀਨਾਰ ਦੇ ਮੁੱਖ-ਬੁਲਾਰੇ ਸਿਹਤ ਸੰਭਾਲ ਸਬੰਧੀ ਮੰਨੇ-ਪ੍ਰਮੰਨੇ ਡਾ. ਹਰਿੰਦਰ ਜੋਸ਼ੀ ਸਨ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਈ ਛੋਟੀਆਂ-ਛੋਟੀਆਂ ਮਨੁੱਖੀ ਆਦਤਾਂ ਬਾਰੇ ਜ਼ਿਕਰ ਕੀਤਾ ਜੋ ਸਾਡੇ ਜੀਵਨ ਵਿੱਚ ਭਾਰੀ ਅਹਿਮੀਅਤ ਰੱਖਦੀਆਂ ਹਨ ਅਤੇ ਸਾਡੇ ਸਰੀਰਕ ਅਤੇ ਮਾਨਸਿਕ ਸੰਤੁਲਨ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਸੈਸ਼ਨ ਵਿੱਚ ਉਨ੍ਹਾਂ ਆਪਣੇ ਸੰਬੋਧਨ ਨੂੰ ਚਾਰ ਅਹਿਮ ਮੁੱਦਿਆਂ — ਤੰਦਰੁਸਤ ਜੀਵਨ-ਜਾਚ ਨੂੰ ਜਾਰੀ ਰੱਖਣ, ਚਿੰਤਾ ਤੇ ਭਾਵਨਾਵਾਂ ਨੂੰ ਕਾਬੂ ਵਿਚ ਰੱਖਣ, ਰੋਜ਼ਾਨਾ ਕੰਮ-ਕਾਜ ਦਾ ਲੇਖਾ-ਜੋਖਾ ਕਰਨ ਅਤੇ ਨਿੱਜੀ-ਖ਼ੁਰਾਕ ਤੇ ਤੰਦਰੁਸਤੀ ਦੀ ਯੋਜਨਾਬੰਦੀ — ‘ਤੇ ਕੇਂਦ੍ਰਿਤ ਕੀਤਾ।
ਅਗਲੇ ਸਵਾਲ-ਜੁਆਬ ਸੈਸ਼ਨ ਵਿੱਚ ਡਾ. ਜੋਸ਼ੀ ਨੇ ਸਰੋਤਿਆਂ ਵੱਲੋਂ ਆਏ ਕਈ ਸੁਆਲਾਂ ਦਾ ਜੁਆਬ ਦਿੰਦਿਆਂ ਆਪਣਾ ਸਾਰਥਿਕ ਸੁਨੇਹਾ ਦਿੱਤਾ, ”ਚੰਗੀ ਸਿਹਤ ਦਵਾਈਆਂ ਦੀ ਮੁਹਤਾਜ ਨਹੀਂ ਹੈ, ਸਗੋਂ ਇਹ ਤਾਂ ਜਾਗਰੂਕਤਾ, ਜੀਵਨ ਵਿਚ ‘ਹਾਂ-ਪੱਖੀ ਪਹੁੰਚ’ ਅਤੇ ਰੋਜ਼ਾਨਾ ਛੌਟੀਆਂ-ਛੋਟੀਆਂ ਆਦਤਾਂ ਜੋ ਜੀਵਨ ਣਿੱਚ ਵੱਡੇ ਸੁਧਾਰਾਂ ਦੀ ਸ਼ੁਰੂਆਤ ਕਰਦੀਆਂ ਹਨ, ਵਿੱਚ ਸਮਾਈ ਹੋਈ ਹੈ।”
ਇਸ ਦੌਰਾਨ ਕਮਿਊਨਿਟੀ ਦੀ ਜਾਣੀ-ਪਛਾਣੀ ਸ਼ਖਸੀਅਤ ਸੁਖਦੇਵ ਸਿੰਘ ਬੇਦੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਕਿਹਾ, ”ਸਾਡੇ ਸੀਨੀਅਰਾਂ ਨੂੰ ਬੋਲਣ, ਸਿੱਖਣ ਅਤੇ ਸੁਣੇ ਜਾਣ ਦੇ ਮੌਕੇ ਲਗਾਤਾਰ ਮਿਲਣੇ ਚਾਹੀਦੇ ਹਨ। ਮਜ਼ਬੂਤ ਕਮਿਊਨਿਟੀ ਵਿੱਚ ਵਿਚਰਨ ਵਾਲੇ ਹੀ ਸੀਨੀਅਰ ਮਜ਼ਬੂਤ ਹੁੰਦੇ ਹਨ ਅਤੇ ਐੱਫ਼.ਸੀ.ਐੱਫ਼.ਸੀ. ਕਲੱਬ ਇਸ ਦਿਸ਼ਾ ਵਿੱਚ ਆਪਣਾ ਕੰਮ ਬਾਖ਼ੂਬੀ ਕਰ ਰਹੀ ਹੈ।” ਕਲੱਬ ਦੀ ਪ੍ਰਧਾਨ ਜਸਵਿੰਦਰ ਦੈਂਦ ਨੇ ਇਸ ਮੌਕੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਡਾ. ਜੋਸ਼ੀ ਵੱਲੋਂ ਦਿੱਤੀਆਂ ਗਈਆਂ ਬਹੁ-ਮੁੱਲੀਆਂ ਸਲਾਹਾਂ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਕਿ ਕਿਵੇਂ ਆਪਣੀਆਂ ਛੋਟੀਆਂ-ਛੋਟੀਆਂ ਆਦਤਾਂ ਵੱਲ ਧਿਆਨ ਦੇ ਕੇ ਅਸੀਂ ਲੰਮੇਂ ਸਮੇਂ ਲਈ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ। ਇਹ ਯੋਗ-ਅਗਵਾਈ ਦੇਣ ਲਈ ਅਸੀਂ ਡਾ. ਜੋਸ਼ੀ ਦੇ ਅਤੀ ਧੰਨਵਾਦੀ ਹਾਂ।” ਸੈਮੀਨਾਰ ਤੋਂ ਬਾਅਦ ਮਨੋਰੰਜਨ ਦਾ ਦੌਰ ਆਰੰਭ ਹੋ ਗਿਆ ਜਿਸ ਵਿੱਚ ਹਮੇਸ਼ਾ ਵਾਂਗ ਜਿਓਤੀ ਵੱਲੋਂ ਗੀਤਾਂ ਅਤੇ ਮੈਂਬਰਾਂ ਨੂੰ ਆਪਣੀਆਂ ਨਿੱਜੀ ਯਾਦਾਂ ਸਾਂਝੀਆਂ ਕਰਨ ਲਈ ਉਨ੍ਹਾਂ ਦੀ ਅਗਵਾਈ ਕੀਤੀ ਗਈ। ਰਘਬੀਰ ਚੌਹਾਨ ਨੇ ਬਹੁਤ ਵਧੀਆ ਪੇਸ਼ਕਾਰੀ ਕਰਦਿਆਂ ਹੋਇਆਂ ਇਹ ਕਹਿੰਦੇ ਹੋਏ ਕਲੱਬ ਦੀਆਂ ਸਰਗਰਮੀਆਂ ਦੀ ਸਰਾਹਨਾ ਕੀਤੀ, ”ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਸੀਨੀਅਰਾਂ ਦੀ ਸਿਹਤ ਦਾ ਖ਼ਿਆਰ ਲੱਖਣ ਅਤੇ ਉਨ੍ਹਾਂ ਦੇ ਮਨੋਰੰਜਨ ਲਈ ਬੜੇ ਵਧੀਆ ਮੌਕੇ ਪੈਦਾ ਕਰਦੀ ਰਹਿੰਦੀ ਹੈ। ਅੱਜ ਦੇ ਸੈਮੀਨਾਰ ਨੇ ਇਹ ਦੱਸ ਦਿੱਤਾ ਹੈ ਕਿ ਸਾਡੇ ਜੀਵਨ ਵਿੱਚ ਤੰਦਰੁਸਤ ਸਿਹਤ, ਖ਼ੁਸ਼ੀਆਂ ਅਤੇ ਕਮਿਊਨਿਟੀਆਂ ਕਿਵੇਂ ਨਾਲ਼ੋ-ਨਾਲ਼ ਚੱਲਦੀਆਂ ਹਨ।”
ਸਮਾਗਮ ਦੇ ਅਖ਼ੀਰ ਵਿਚ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਡਾ. ਹਰਿੰਦਰਾ ਜੋਸ਼ੀ, ਪ੍ਰਬੰਧਕੀ-ਟੀਮ ਦੇ ਮੈਂਬਰਾਂ ਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲ਼ ਕੇ ਇੱਕ-ਦੂਸਰੇ ਦਾ ਖ਼ਿਆਲ ਰੱਖਣ ਵਾਲੀ, ਜਾਗਰੂਕਤਾ ਅਤੇ ਖ਼ੁਸ਼ੀਆਂ ਨਾਲ ਭਰਪੂਰ ਸੀਨੀਅਰ ਕਮਿਊਨਿਟੀ ਦਾ ਨਿਰਮਾਣ ਕਰ ਰਹੇ ਹਾਂ ਅਤੇ ਇਸ ਦੇ ਲਈ ਕਲੱਬ ਦੇ ਸਮੂਹ ਮੈਂਬਰ ਧੰਨਵਾਦ ਦੇ ਪਾਤਰ ਹਨ।

RELATED ARTICLES
POPULAR POSTS