Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਦੀ ਡਾ. ਗੁਰਬਖਸ਼ ਭੰਡਾਲ ਨਾਲ ਮਿੱਤਰ-ਮਿਲਣੀ ਵਿਚ ਪੰਜਾਬ ਦੇ ਅਜੋਕੇ ਹਾਲਾਤ ਤੇ ਸਿੱਖਿਆ ਬਾਰੇ ਵਿਚਾਰਾਂ ਹੋਈਆਂ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਦੀ ਡਾ. ਗੁਰਬਖਸ਼ ਭੰਡਾਲ ਨਾਲ ਮਿੱਤਰ-ਮਿਲਣੀ ਵਿਚ ਪੰਜਾਬ ਦੇ ਅਜੋਕੇ ਹਾਲਾਤ ਤੇ ਸਿੱਖਿਆ ਬਾਰੇ ਵਿਚਾਰਾਂ ਹੋਈਆਂ

ਸਭਾ ਦੇ 17 ਨਵੰਬਰ ਦੇ ਮਹੀਨਵਾਰ ਸਮਾਗ਼ਮ ਵਿਚ ਪ੍ਰੋ. ਰਾਮ ਸਿੰਘ ਦਾ ਪੰਜਾਬੀ ਸਾਹਿਤ ਆਲੋਚਨਾ ਬਾਰੇ ਵਿਸ਼ੇਸ਼ ਭਾਸ਼ਨ ਤੇ ਕਵੀ ਦਰਬਾਰ ਹੋਵੇਗਾ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 9 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਤੋਂ ਆਏ ਵਿਦਵਾਨ ਡਾ. ਗੁਰਬਖ਼ਸ਼ ਸਿੰਘ ਭੰਡਾਲ ਨਾਲ ਸ਼ਾਮੀਂ ਪੰਜ ਵਜੇ ‘ਸ਼ੇਰਗਿੱਲ ਲਾਅ ਆਫ਼ਿਸ’ ਦੇ ਮੀਟਿੰਗ-ਰੂਮ ਵਿਚ ਮਿੱਤਰ-ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਇਕੱਤਰਤਾ ਵਿਚ ਗੁਰੂ ਨਾਨਕ ਦੇਵ ਜੀ ਦੇ 550਼ਵੇਂ ਪ੍ਰਕਾਸ਼-ਪੁਰਬ ਤੋਂ ਤਿੰਨ ਦਿਨ ਪਹਿਲਾਂ 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੇ ਡੇਰਾ ਬਾਬਾ ਨਾਨਕ (ਭਾਰਤ) ਦਰਮਿਆਨ ਖੋਲ੍ਹੇ ਗਏ ਲਾਂਘੇ, ਪ੍ਰਕਾਸ਼-ਉਤਸਵ ਸਬੰਧੀ ਵੱਖ-ਵੱਖ ਥਾਵਾਂ ‘ઑਤੇ ਮਨਾਏ ਜਾ ਰਹੇ ਜਸ਼ਨਾਂ ਅਤੇ ਪੰਜਾਬ ਦੇ ਅਜੋਕੇ ਹਾਲਾਤ ਬਾਰੇ ਵਿਚਾਰ-ਚਰਚਾ ਹੋਈ।
ਚਰਚਾ ਵਿਚ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕਸ਼ੀਆਂ, ਨੌਜੁਆਨਾਂ ਵਿਚ ਨਸ਼ਿਆਂ ਦੇ ਦਿਨੋਂ-ਦਿਨ ਵੱਧ ਰਹੇ ਰੁਝਾਨ, ਉਨ੍ਹਾਂ ਦੇ ਹਰ ਹੀਲੇ ਵਿਦੇਸ਼ਾਂ ਵਿਚ ਆਉਣ ਦਾ ਮੁਹਾਣ ਅਤੇ ਸੂਬੇ ਤੇ ਦੇਸ਼ ਦੀ ਸਿਆਸਤ ਮੁੱਖ ਵਿਸ਼ੇ ਬਣੇ। ਇਸ ਦੌਰਾਨ ਮੁੱਖ-ਬੁਲਾਰੇ ਡਾ. ਭੰਡਾਲ ਦਾ ਇਸ ਬਾਰੇ ਕਹਿਣਾ ਸੀ ਕਿ ਬਿਹਾਰ ਵਿਚ ਲੜਕੇ ਲੜਕੀਆਂ ਆਈ.ਏ.ਐਸ. ਬਣਨ ਦੀਆਂ ਗੱਲਾਂ ਕਰਦੇ ਹਨ, ਜਦਕਿ ਸਾਡੇ ਪੰਜਾਬ ਵਿਚ ਉਹ ਕੇਵਲ ઑਆਇਲੈੱਟਸ਼ ਵਿਚ ਬੈਂਡ ਲੈਣ ਦੀ ਹੀ ਚਰਚਾ ਕਰਦੇ ਹਨ। ਮੁਕਾਬਲੇ ਦੇ ਇਮਤਿਹਾਨਾਂ ਵਿਚ ਬੈਠਣ ਦੀ ਹੁਣ ਉੱਥੇ ਕੋਈ ਨਹੀਂ ਸੋਚ ਰਿਹਾ, ਸਗੋਂ ਹੁਣ ਤਾਂ ਉਨ੍ਹਾਂ ਦਾ ਸਾਰਾ ਜ਼ੋਰ ਵਿਦੇਸ਼ਾਂ ਵਿਚ ਜਾਣ ਲਈ ਹੀ ਲੱਗ ਰਿਹਾ ਹੈ।
ਖ਼ਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਬਾਬਾ ਸੇਵਾ ਸਿੰਘ ਹੀ ਪੰਜਾਬ ਵਿਚ ਬੱਚਿਆਂ ਨੂੰ ਮਿਆਰੀ ਵਿੱਦਿਆ ਦਿਵਾਉਣ ਅਤੇ ਉਨ੍ਹਾਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰ ਕਰਨ ਲਈ ਪਹਿਲ-ਕਦਮੀ ਕਰ ਰਹੇ ਹਨ। ਉੱਥੋਂ ਦੇ ਕਈ ਵਿਦਿਆਰਥੀ ਫ਼ੌਜ ਅਤੇ ਪੈਰਾ-ਮਿਲਟਰੀ ਫ਼ੋਰਸਿਜ਼ ਵਿਚ ਚੰਗੀਆਂ ਪੋਜ਼ੀਸ਼ਨਾਂ ਲਈ ਚੁਣੇ ਗਏ ਹਨ। ਕਈ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿਚ ਦਾਖ਼ਲਾ ਲੈ ਚੁੱਕੇ ਹਨ। ਬਾਬਾ ਜੀ ਹੁਣ ਉੱਥੇ ਆਈ.ਏ.ਐੱਸ./ ਆਈ.ਪੀ.ਐੱਸ/ ਪੀ.ਸੀ.ਐੱਸ. ਵਰਗੇ ਮੁਕਾਬਲੇ ਦੇ ਇਮਤਿਹਾਨਾਂ ਲਈ ਵੀ ਬੱਚਿਆਂ ਨੂੰ ਤਿਆਰੀ ਕਰਵਾਉਣ ਲਈ ਉਸ ਸੈਂਟਰ ਵਿਚ ਯੋਗ ਪ੍ਰਬੰਧ ਕਰ ਰਹੇ ਹਨ।
ਉਨ੍ਹਾਂ ਕਿਹਾਕਿ ਹੋਰ ਬਾਬਿਆਂ ਅਤੇ ਸੰਸਥਾਵਾਂ ਨੂੰ ਵੀ ਪੰਜਾਬ ਵਿਚ ਬੱਚਿਆਂ ਲਈ ਵਧੀਆ ਤੇ ਮਿਆਰੀ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਥੇ ਪਾਠਕਾਂ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 17 ਨਵੰਬਰ ਨੂੰ ਹੋਣ ਵਾਲੀ ਮਾਸਿਕ-ਇਕੱਤਰਤਾ ਵਿਚ ਉੱਘੇ ਵਿਦਵਾਨ ਪ੍ਰੋ. ਰਾਮ ਸਿੰਘ ਹੋਰਾਂ ਦਾ ‘ਪੰਜਾਬੀ ਸਾਹਿਤ ਅਤੇ ਆਲੋਚਨਾ’ ਵਿਸ਼ੇ ‘ਤੇ ਵਿਸ਼ੇਸ਼ ਵਿੱਦਿਅਕ-ਲੈੱਕਚਰ ਹੋਵੇਗਾ। ਇਸ ਦੇ ਨਾਲ ਹੀ ਦੋ ਨਵੀਆਂ ਪੁਸਤਕਾਂ ਲੋਕ-ਅਰਪਿਤ ਕੀਤੀਆਂ ਜਾਣਗੀਆਂ ਅਤੇ ਆਮ ਵਾਂਗ ਕਵੀ ਦਰਬਾਰ ਵੀ ਹੋਵੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …