ਵੱਡੀ ਗਿਣਤੀ ਵਿਚ ਪਹੁੰਚੇ ਸਿਆਸਤਦਾਨ ਤੇ ਲਿਬਰਲ ਹਮਾਇਤੀ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ 28 ਜੁਲਾਈ ਨੂੰ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣਾ ਸਲਾਨਾ ਬਾਰ-ਬੀਕਿਊ ਬਰੈਂਪਟਨ ਦੀ 43 ਕਲੈਮੈੱਨਟਾਈਨ ਡਰਾਈਵ ਸਥਿਤ ‘ਲੌਗਹੀਡ ਪਾਰਕ’ ਵਿਚ ਪੂਰੇ ਧੂਮਧਾਮ ਨਾਲ ਕੀਤਾ। ਇਸ ਮੌਕੇ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਬਰੈਂਪਟਨ ਈਸਟ ਦੇ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਅਤੇ ਮੈਂਬਰ ਪਾਰਲੀਮੈਂਟ ਜਨਾਬ ਸ਼ਫ਼ਕਤ ਅਲੀ ਅਤੇ ਮਿਸੀਸਾਗਾ ਤੋਂ ਮਾਣਯੋਗ ਫ਼ੈੱਡਰਲ ਮੰਤਰੀ ਰੇਸ਼ੀ ਵਾਲਡੇਜ਼ ਅਤੇ ਸੀਨੀਅਰਜ਼ ਕਲੱਬਾਂ ਦੇ ਮੈਂਬਰ ਸਾਹਿਬਾਨ ਅਤੇ ਬਰੈਂਪਟਨ ਵਿਚ ਵੱਸਦੀਆਂ ਵੱਖ-ਵੱਖ ਕਮਿਊਨਿਟੀਆਂ ਅਤੇ ਲਿਬਰਲ ਪਾਰਟੀ ਦੇ ਹਮਾਇਤੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਦਰਜਨ ਤੋਂ ਵਧੀਕ ਸਥਾਨਕ ਸੰਸਥਾਵਾਂ, ਬਿਜ਼ਨੈੱਸ ਅਦਾਰਿਆਂ ਅਤੇ ਸਰਵਿਸ ਖ਼ੇਤਰ ਨਾਲ ਜੁੜੀਆਂ ਆਰਗੇਨਾਈਜ਼ੇਸ਼ਨਾਂ ਵੱਲੋਂ ਆਪਣੇ ਸਟਾਲ ਲਗਾ ਕੇ ਵੱਖ-ਵੱਖ ਕਿਸਮ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਗਈ।
ਆਏ ਮਹਿਮਾਨਾਂ ਤੇ ਹਮਾਇਤੀਆਂ ਦਾ ਹਾਰਦਿਕ ਸਵਾਗਤ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਮੈਨੂੰ ਅੱਜ ਬੜੀ ਖੁਸ਼ੀ ਤੇ ਉਮਾਹ ਦਾ ਅਹਿਸਾਸ ਹੋ ਰਿਹਾ ਹੈ ਜਦੋਂ ਮੈਂ ਇੱਥੇ ਇਸ ਪਾਰਕ ਵਿਚ ਏਨੀ ਵੱਡੀ ਗਿਣਤੀ ਵਿਚ ਇਸ ਬਾਰ-ਬੀਕਿਊ ਸਮਾਗ਼ਮ ਵਿਚ ਸ਼ਾਮਲ ਹੋਏ ਮਹਿਮਾਨਾਂ ਤੇ ਸਮੱਰਥਕਾਂ ਨੂੰ ਵੇਖ ਰਹੀ ਹਾਂ। ਇਹ ਕੇਵਲ ਸਲਾਨਾ ਬਾਰ-ਬੀਕਿਊ ਹੀ ਨਹੀਂ ਹੈ, ਸਗੋਂ ਇਹ ਤਾਂ ਉਸ ਤੋਂ ਕਈ ਗੁਣਾਂ ਵੱਧ ਕੇ ਕਮਿਊਨਿਟੀਆਂ ਦੀ ਵਿਭਿੰਨਤਾ, ਸਾਂਝੇ ਸੱਭਿਆਚਾਰ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਾਡੇ ਭਵਿੱਖਮਈ ਸੁਪਨਿਆਂ ਨੂੰ ਦਰਸਾਉਂਦਾ ਹੋਇਆ ਵੱਡਾ ਈਵੈਂਟ ਹੈ।”
ਉਨ੍ਹਾਂ ਹੋਰ ਕਿਹਾ ਕਿ ਪਿਛਲੀਆਂ ਤਿੰਨ ਟਰਮਾਂ ਤੋਂ ਜੇਕਰ ਲਗਾਤਾਰ ਮੈਂ ਇਸ ਅਹੁਦੇ ‘ਤੇ ਕੰਮ ਕਰ ਰਹੀ ਹਾਂ ਤਾਂ ਇਹ ਸੱਭ ਤੁਹਾਡੀ ਬਦੌਲਤ ਹੈ। ਇਨ੍ਹਾਂ ਅੱਠ-ਨੌਂ ਸਾਲਾਂ ਦੌਰਾਨ ਪੂਰੀ ਤਨਦੇਹੀ ਨਾਲ ਕੰਮ ਕਰਦਿਆਂ ਵਿਚ ਮੈਂ ਡਾਇਬਟੀਜ਼ ਸਬੰਧੀ ਬਿੱਲ ਸੀ-237 ਪਾਰਲੀਮੈਂਟ ਵਿਚ ਪਾਸ ਕਰਵਾਉਣ ਵਿਚ ਕਾਮਯਾਬ ਹੋਈ ਹਾਂ ਅਤੇ ਡਾਇਬਟੀਜ਼ ਦੇ ਮਰੀਜਾਂ ਨੂੰ ਅਗਲੇ ਸਾਲ ਤੋਂ ਮੁਫ਼ਤ ਦਵਾਈਆਂ ਤੇ ਹੋਰ ਬੈਨੀਫ਼ਿਟ ਮਿਲਣੇ ਸ਼ੁਰੂ ਹੋ ਜਾਣਗੇ। ਸਾਡੀ ਸਰਕਾਰ ‘ਕੈਨੇਡਾ ਡੈਂਟਲ ਹੈੱਲਥਕੇਅਰ ਪ੍ਰੋਗਰਾਮ’ ਸੀਨੀਅਰਾਂ, ਵਿਕਲਾਂਗ ਵਿਅੱਕਤੀਆਂ ਅਤੇ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਤੱਕ ਪਹੁੰਚਾਉਣ ਵਿਚ ਸਫਲ ਹੋਈ ਹੈ।
ਫੈੱਡਰਲ ਸਰਕਾਰ ਵੱਲੋਂ ਬਰੈਂਪਟਨ ਟਰਾਂਜ਼ਿਟ ਵਿਚ ਹੋਰ ਵਾਧਾ ਕਰਨ, ਨਵੇਂ ਘਰ ਬਨਾਉਣ ਅਤੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ। ਇਹ ਸੱਭ ਤੁਹਾਡੇ ਸੁਹਿਰਦ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ।
ਬਰੈਂਪਟਨ ਨੌਰਥ ਦੀ ਐੱਮ.ਪੀ. ਰੂਬੀ ਸਹੋਤਾ ਨੇ ਬਰੈਂਪਟਨ ਵਾਸੀਆਂ ਵੱਲੋਂ ਲਿਬਰਲ ਪਾਰਟੀ ਦੀਆਂ ਪਾਲਸੀਆਂ ਤੇ ਪ੍ਰੋਗਰਾਮਾਂ ਦੀ ਹਮਾਇਤ ਕਰਨ ਅਤੇ ਉਸ ਨੂੰ ਭਰਵਾਂ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਵੱਲੋਂ ਇਸ ਬਾਰ-ਬੀਕਿਊ ਸਮਾਗਮ ਦੀ ਅਪਾਰ ਸਫ਼ਲਤਾ ਲਈ ਸੋਨੀਆ ਸਿੱਧੂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਆਸ ਪਰਗਟ ਕੀਤੀ ਕਿ ਲੋਕ ਅੱਗੋਂ ਵੀ ਲਿਬਰਲ ਪਾਰਟੀ ਨੂੰ ਏਸੇ ਤਰ੍ਹਾਂ ਸਹਿਯੋਗ ਦੇਣਗੇ। ਬਰੈਂਪਟਨ ਈਸਟ ਦੇ ਐੱਮ.ਪੀ. ਮਨਿੰਦਰ ਸਿੱਧੂ ਅਤੇ ਬਰੈਂਪਟਨ ਸੈਂਟਰ ਦੇ ਐੱਮ.ਪੀ. ਸ਼ਫ਼ਕਤ ਅਲੀ ਵੱਲੋਂ ਵੀ ਆਪਣੇ ਸੰਬੋਧਨਾਂ ਵਿਚ ਅਜਿਹੇ ਹੀ ਹਾਵ-ਭਾਵ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ। ਉਨ੍ਹਾਂ ਵੱਲੋਂ ਸੋਨੀਆ ਸਿੱਧੂ ਨੂੰ ਇਸ ਬਾਰ-ਬੀਕਿਊ ਦੀ ਕਾਮਯਾਬੀ ਲਈ ਹਾਰਦਿਕ ਮੁਬਾਰਕਬਾਦ ਦਿੱਤੀ ਗਈ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ, ਸਿਟੀ ਕੌਂਸਲਰਾਂ ਪਾਲ ਵਿਸੰਤੇ ਤੇ ਨਵਜੋਤ ਬਰਾੜ, ਸਿਟੀ ਦੀ ਨੁਮਾਇੰਦਗੀ ਕਰਦੀ ਕੈਥੀ ਮੈਕਡਫ਼, ਤੇ ਕਈ ਹੋਰ ਪਤਵੰਤੇ ਸੱਜਣਾਂ ਨੇ ਇਸ ਬਾਰ-ਬੀਕਿਊ ਸਮਾਗ਼ਮ ਵਿਚ ਕੁਝ ਸਮੇਂ ਲਈ ਆਪਣੀਆਂ ਹਾਜ਼ਰੀਆਂ ਭਰੀਆਂ।
ਇਸ ਦੌਰਾਨ ਹਰਦਮ ਮਾਂਗਟ ਨੇ ਆਪਣੇ ਸੰਬੋਧਨ ਵਿਚ ਜਿੱਥੇ ਲਿਬਰਲ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਲਿਬਰਲ ਪਾਰਟੀ ਦੀ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ, ਉੱਥੇ ਗੁਰਪ੍ਰੀਤ ਬਾਠ ਨੇ ਬਰੈਂਪਟਨ ਰਾਈਡਿੰਗ ਦੇ ਸਮੂਹ-ਵਾਸੀਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਏਨੀ ਵੱਡੀ ਗਿਣਤੀ ਵਿਚ ਇਸ ਬਾਰ-ਬੀਕਿਊ ਸਮਾਗ਼ਮ ਵਿਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਵੱਲੋਂ ਸੋਨੀਆ ਸਿੱਧੂ ਦੇ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ ਗਈ ਅਤੇ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਹ ਅੱਗੋਂ ਵੀ ਇਸ ਰਾਈਡਿੰਗ ਦੀ ਪ੍ਰਤੀਨਿਧਤਾ ਕਰਦੇ ਹੋਏ ਇੰਜ ਹੀ ਸ਼ਾਨਦਾਰ ਕੰਮ ਕਰਦੇ ਰਹਿਣਗੇ। ਵੱਡੀ ਗਿਣਤੀ ਵਿਚ ਲਾਲ ਟੀ-ਸ਼ਰਟਾਂ ਪਹਿਨੀ ਵਾਲੰਟੀਅਰਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਸ ਰਾਈਡਿੰਗ ਦੀ ‘ਵਰਕ ਫੋਰਸ’ ਹਨ ਅਤੇ ਇਨ੍ਹਾਂ ਦੀ ਸਖ਼ਤ ਮਿਹਨਤ ਤੇ ਸਹਿਯੋਗ ਸਦਕਾ ਹੀ ਸਾਨੂੰ ਇੱਥੋਂ ਕਾਮਯਾਬੀ ਮਿਲਦੀ ਰਹੀ ਹੈ ਅਤੇ ਇਹ ਅੱਗੋਂ ਵੀ ਇੰਜ ਹੀ ਮਿਲਦੀ ਰਹੇਗੀ।
ਸੋਨੀਆ ਸਿੱਧੂ ਤੇ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਇਸ ਮੌਕੇ ਖਾਣ-ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਪੰਡਾਲ ਦੇ ਸੱਜੇ ਪਾਸੇ ‘ਡਾਇਬਟੀਜ਼ ਕੈਨੇਡਾ’ ਦੇ ਸਟਾਲ ‘ਤੇ ਵਾਲੰਟੀਅਰਾਂ ਵੱਲੋਂ ਡਾਇਬਟੀਜ਼ ਸਬੰਧੀ ਪੈਂਫਲਿਟਾਂ ਨਾਲ ਅਤੇ ਜ਼ਬਾਨੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ।
ਇਸ ਦੇ ਨਾਲ ਇਕ ਹੋਰ ਸਟਾਲ ‘ਸੇਂਟ ਜੌਹਨ ਐਂਬੂਲੈਂਸ’ ਦਾ ਸੀ ਜਿੱਥੇ ਦੁਰਘਟਨਾ ਸਮੇਂ ਜਾਂ ਹੋਰ ਹੰਗਾਮੀ ਹਾਲਤਾਂ ਵਿਚ ਜਾਨ ਬਚਾਊ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ। ਕੁਲ ਮਿਲਾ ਕੇ ਸੋਨੀਆ ਸਿੱਧੂ ਤੇ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਬਾਰ-ਬੀਕਿਊ ਦਾ ਇਹ ਈਵੈਂਟ ਗਿਣਤੀ ਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਹੀ ਬੇਹੱਦ ਕਾਮਯਾਬ ਰਿਹਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …