ਸਰੀ : ਕੈਨੇਡਾ ਤੋਂ ਪ੍ਰਕਾਸ਼ਿਤ ਹੁੰਦੇ ਆਨਲਾਈਨ ਪਰਚੇ ‘ਰੈਡੀਕਲ ਦੇਸੀ’ ਨੇ ਬੀਬੀਸੀ ਦੀ ਦੋ ਐਪੀਸੋਡ ਵਿਚ ਤਿਆਰ ਕੀਤੀ ਦਸਤਾਵੇਜ਼ੀ ਫਿਲਮ ‘ਇੰਡੀਆ: ਦਿ ਮੋਦੀ ਕੁਐਸਚਨ’ ਸਰੀ ਸਥਿਤ ਸਟਰਾਬੈਰੀ ਹਿੱਲ ਲਾਇਬਰੇਰੀ ਵਿਖੇ ਦਿਖਾਈ। ਇਸ ਦਸਤਾਵੇਜ਼ੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਢੰਗ-ਤਰੀਕਿਆਂ, ਖਾਸਕਰ 2002 ਵਿਚ ਹੋਏ ਮੁਸਲਮਾਨਾਂ ਦੇ ਕਤਲੇਆਮ (ਜਦੋਂ ਉਹ ਉੱਥੇ ਮੁੱਖ ਮੰਤਰੀ ਸਨ) ਬਾਰੇ ਤਿੱਖੀ ਨੁਕਤਾਚੀਨੀ ਕੀਤੀ ਗਈ ਹੈ। ਇਸ ਦਸਤਾਵੇਜ਼ੀ ਫਿਲਮ ਦੀ ਸਕਰੀਨਿੰਗ ਉੱਘੀ ਪੱਤਰਕਾਰ ਗੌਰੀ ਲੰਕੇਸ਼ ਦੇ ਜਨਮ ਦਿਨ ਮੌਕੇ ਕੀਤੀ ਗਈ, ਜਿਸ ਨੂੰ ਕੱਟੜਪੰਥੀਆਂ ਨੇ 2017 ਵਿਚ ਕਤਲ ਕਰ ਦਿੱਤਾ ਸੀ। ਗੋਰੀ ਲੰਕੇਸ਼ ਨੇ ਪੱਤਰਕਾਰ ਰਾਣਾ ਅਯੂਬ ਦੀ ਗੁਜਰਾਤ ਹਿੰਸਾ ਬਾਰੇ ਲਿਖੀ ਕਿਤਾਬ ‘ਗੁਜਰਾਤ ਫਾਈਲਜ਼’ ਕੰਨੜ ਵਿਚ ਅਨੁਵਾਦ ਕੀਤੀ ਸੀ।
ਇਹ ਸਮਾਗਮ ਸ਼ੁਰੂ ਹੋਣ ਮੌਕੇ ਪ੍ਰਗਤੀਸ਼ੀਲ ਪੰਜਾਬੀ ਕਵੀ ਅੰਮ੍ਰਿਤ ਦੀਵਾਨਾ ਨੇ ਗੌਰੀ ਲੰਕੇਸ਼ ਨੂੰ ਸਮਰਪਿਤ ਕਵਿਤਾ ਸੁਣਾਈ। ‘ਰੈਡੀਕਲ ਦੇਸੀ’ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੈਨੇਡੀਅਨ ਸਿਆਸਤਦਾਨ, ਖਾਸਕਰ ਭਾਰਤੀ ਮੂਲ ਦੇ ਸਿਆਸਤਦਾਨ, ਕਿਊਬੈਕ ਵਿਚ 29 ਜਨਵਰੀ 2017 ਨੂੰ ਹੋਈ ਨਫ਼ਰਤੀ ਹਿੰਸਾ ਦੇ ਖਿਲਾਫ ਤਾਂ ਆਵਾਜ਼ ਬੁਲੰਦ ਕਰਦੇ ਹਨ, ਪਰ ਨਵੀਂ ਦਿੱਲੀ ਸਰਕਾਰ ਜਦੋਂ ਘੱਟਗਿਣਤੀਆਂ ਨਾਲ ਵਿਤਕਰਾ ਕਰਦੀ ਹੈ, ਤਾਂ ਉਸ ਸਰਕਾਰ ਖਿਲਾਫ ਕੁਝ ਨਹੀਂ ਬੋਲਦੇ। ਫਿਲਮ ਦੀ ਸਕਰੀਨਿੰਗ ਤੋਂ ਬਾਅਦ ਸਵਾਲਾਂ-ਜਵਾਬਾਂ ਦਾ ਦੌਰ ਵੀ ਚੱਲਿਆ। ਇਸ ਮੌਕੇ ਨਸਲਪ੍ਰਸਤੀ ਵਿਰੋਧੀ ਕਾਰਕੁਨ ਇਮਤਿਆਜ਼ ਪੋਪਟ, ਨਸਲਪ੍ਰਸਤੀ ਵਿਰੋਧੀ ਐਜੂਕੇਟਰ ਐਨੀ ਓਹਾਨਾ, ਮਨੁੱਖੀ ਹੱਕਾਂ ਦੇ ਕਾਰਕੁਨ ਸੁਨੀਲ ਕੁਮਾਰ, ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਅਤੇ ਲੇਖਕ ਕੰਵਲ ਗਿੱਲ ਨੇ ਵੀ ਸੰਬੋਧਨ ਕੀਤਾ।