ਡਾ. ਦੇਵਿੰਦਰ ਸਿੰਘ ਸੇਖੋਂ ਕੈਨੇਡਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਉਲਥਾ ਕਰਦਿਆਂ ਕਈ ਅਜਿਹੇ ਪਾਵਨ ਸ਼ਬਦ ਸਾਹਮਣੇ ਆਏ ਜਿਨ੍ਹਾਂ ਦੇ ਪ੍ਰਚਲਤ ਅਰਥਾਂ ਵਿੱਚ ਕੁਝ ਔਕੜਾਂ ਨਜ਼ਰ ਆਈਆਂ, ਅਤੇ ਉਹਨਾਂ ਦੇ ਅਰਥਾਂ ਨਾਲ਼ ਦਾਸ ਦੀ ਸੰਤੁਸ਼ਟੀ ਨਹੀਂ ਹੁੰਦੀ ਸੀ॥ ਉਲਥਾ ਕਰਦੇ ਸਮੇਂ ਦਾਸ ਦੋ ਤਿੰਨ ਗੱਲ਼ਾਂ ਵੱਲ ਉਚੇਚਾ ਧਿਆਨ ਦਿੰਦਾ ਹੈ (1)॥ ਗੁਰੂ ਗਰੰਥ ਸਾਹਿਬ ਸਾਡੇ ਸੰਪੂਰਨ ਗੁਰੂ ਹਨ ਅਤੇ ਉਹਨਾਂ ਵਿੱਚ ਕਿਤੇ ਵੀ ਪ੍ਰਸਪਰ ਵਿਰੋਧਤਾ ਨਹੀਂ ਹੋ ਸਕਦੀ॥ (2) ਗੁਰੂ ਸਾਹਿਬਾਨ ਦੇ ਹਰ ਸ਼ਬਦ ਵਿੱਚ ਸਾਡੇ ਲਈ ਡੂੰਘਾ ਸੰਦੇਸ਼ ਹੁੰਦਾ ਹੈ ਅਤੇ ਕੋਈ ਵੀ ਤੁਕ ਘੱਟ ਜਾਂ ਵੱਧ ਨਹੀਂ ਹੁੰਦੀ॥ (3) ਜਿੱਥੇ ਸੰਭਵ ਹੋ ਸਕੇ, ਨਵੇਂ ਅਰਥਾਂ ਦੀ ਪ੍ਰੋੜਤਾ ਵਿੱਚ ਮੈਂ ਕੁਝ ਹੋਰ ਸ਼ਬਦ ਵਰਤੇ ਜਾਣ॥
ਇਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਜਦ ਮੈਂ ਨਵੇਂ ਅਰਥਾਂ ਦੀ ਭਾਲ ਕਰਦਾ ਰਿਹਾ ਹਾਂ ਤਾਂ ਬਹੁਤ ਸੋਚਣ ਤੋਂ ਬਾਅਦ ਸਤਿਗੁਰੂ ਬਖ਼ਸ਼ਿਸ਼ ਕਰਕੇ ਚਾਨਣ ਬਖ਼ਸ਼ਦੇ ਰਹੇ ਹਨ॥ ਉਹਨਾਂ ਦੀ ਮਿਹਰ ਸਦਕਾ ਮੈਂ ਉਹਨਾਂ ਸ਼ਬਦਾਂ ਦੇ ਅਰਥ ਮੈਂਨਵੀਂ ਰੋਸ਼ਨੀ ਵਿੱਚ ਕੀਤੇ ਹਨ॥ ਉਹਨਾਂ ਵਿੱਚੋਂ ਕੁਝ ਕੁ ਸ਼ਬਦਾਂ ਦੇ ਅਰਥ ਮੈਂ ਤੁਹਾਡੇ ਨਾਲ਼ ਸਾਂਝੇ ਕਰ ਰਿਹਾ ਹਾਂ॥
(1)॥ ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰਿਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰੁ॥ – (ਸਲੋਕ ਮਹਲਾ 1, ਵਾਰ ਆਸਾ, 464) ॥
ਇਸ ਪਾਵਨ ਸ਼ਬਦ ਵਿੱਚ ਸਾਡੀ ਵਿਚਾਰ ਦਾ ਕੇਂਦਰ ”ਧਰਤੀ ਦੱਬੀ ਭਾਰਿ” ਅਤੇ ਉਇੰਦੁ ਫਿਰੈ ਸਿਰ ਭਾਰੁ) ਹੀ ਰਹੇਗਾ ਕਿ ਉਹ ਕਿਹੜਾ ਭਾਰ ਹੈ ਜਿਸ ਹੇਠਾਂ ਸਾਡੀ ਧਰਤੀ ਦੱਬੀ ਪਈ ਹੈ ਅਤੇ ਇਸ ਦੀ ਕੀ ਲੋੜ ਹੈ॥ ਅਤੇ ਸਤਿਗੁਰਾਂ ਇਹ ਕਿਉਂ ਲਿਖਿਆ ਹੈ ਕਿ ਇੰਦ ਜਾਂ ਇੰਦ੍ਰ (ਭਾਵ ਬੱਦਲ) ਸਿਰ ਭਾਰ (ਭਾਵ ਪੁੱਠਾ ਹੋ ਕੇ) ਕਿਉਂਕਿ ਉੱਡਦੇ ਹਨ॥
ਪ੍ਰਚੱਲਤ ਅਰਥ॥ ਅਕਾਲ ਪੁਰਖ ਦੇ ਡਰ ਅਦਬ (ਉਸਦੇ ਨਿਯਮਾਂ ਅਨੁਸਾਰ) ਹਵਾ ਸਦੀਵ ਵਗਦੀ ਹੈ, ਅਤੇ ਉਸ ਦੇ ਨਿਯਮਾਂ ਅਨੁਸਾਰ ਹੀ ਲੱਖਾਂ ਦਰਿਆ ਵਗਦੇ ਹਨ॥ ਅੱਗ ਵੀ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਲੋਕਾਂ ਦੇ ਕੰਮ ਸੁਆਰਦੀ (ਜਾਂ ਵਿਗਾੜਦੀ) ਹੈ॥ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਧਰਤੀ ਭਾਰ ਹੇਠ ਦੱਬੀ ਪਈ ਹੈ ਅਤੇ ਬੱਦਲ ਸਿਰ-ਭਾਰ ਹੋ ਕੇ ਚੱਲਦੇ ਹਨ (ਜਦ ਕਿ ਬਾਕੀ ਸਾਰੇ ਜੀਵ ਜੰਤੂ ਸਿਰ ਉੱਪਰ ਰੱਖ ਕੇ ਚੱਲਦੇ ਹਨ)॥
ਔਕੜਾਂ॥ ਸਾਰੇ ਹੀ ਵਿਦਵਾਨਾਂ ਨੇ ਇਹਨਾਂ ਪਾਵਨ ਪੰਕਤੀਆਂ ਦੇ ਸ਼ਬਦ-ਅਰਥ ਹੀ ਕੀਤੇ ਹਨ ਅਤੇ ਜਿਵੇਂ ਕਿ ਉੱਪਰ ਵੀਚਾਰ ਕੀਤੀ ਗਈ ਹੈ, ਇਹਨਾਂ ਦੇ ਡੂੰਘੇ ਭਾਵ-ਅਰਥ ਨਹੀਂ ਕੀਤੇ ਕਿ ਧਰਤੀ ਤੇ ਅਜਿਹਾ ਕਿਹੜਾ ਭਾਰ ਹੈ ਜਿਸ ਦੇ ਹੇਠਾਂ ਉਹ ਦੱਬੀ ਪਈ ਹੈ ਅਤੇ ਉਹ ਭਾਰ ਕਿਉਂ ਹੈ॥ ਅਤੇ ਦੂਸਰੇ ਇਹ ਕਿਉਂ ਲਿਖਿਆ ਹੈ ਕਿ ਬੱਦਲ ਸਿਰ ਦੇ ਭਾਰ ਉੱਡਦੇ ਹਨ॥
ਪਹਿਲਾਂ ਅਸੀਂ ”ਧਰਤੀ ਦੱਬੀ ਭਾਰਿ” ‘ਤੇ ਹੀ ਵਿਚਾਰ ਕਰਾਂਗੇ॥ ਪਰ ਇਸ ਤੋਂ ਪਹਿਲਾਂ ਕਿ ਅਸੀਂ ਪਾਵਨ ਸ਼ਬਦ ਦੇ ਇਸ ਹਿੱਸੇ ਤੇ ਵੀਚਾਰ ਕਰੀਏ, ਆਉ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਹੋਰ ਅਤਿਅੰਤ ਹੀ ਮਹੱਤਵਪੂਰਨ ਪੰਕਤੀ ਨੂੰ ਵੀਚਾਰੀਏ ਜਿਸ ਵਿੱਚ ਵਿਗਿਆਨ ਦੇ ਬਹੁਤ ਡੂੰਘੇ ਭਾਵ ਛੁਪੇ ਹੋਏ ਹਨ ਅਤੇ ਜਿਹੜੇ ”ਧਰਤੀ ਦੇ ਭਾਰ” ਦੇ ਗੁੱਝੇ ਭੇਦ ਨੂੰ ਵੀ ਖੋਲ੍ਹਣਗੇ॥ ਉਹ ਪਾਵਨ ਪੰਕਤੀ ਇਉਂ ਹੈ॥
ੲ ਸਾਚੇ ਸਾਹਿਬ ਸਿਰਜਣਹਾਰੇ॥ ਜਿਨਿ ਧਰ ਚਕ੍ਰ ਧਰੇ ਵੀਚਾਰੇ॥ (ਮਾਰੂ ਸੋਲਹੇ ਮ: 1, 12॥ 1033)॥
ਅਰਥ॥ ਅਟੱਲ ਅਤੇ ਰਚਣਹਾਰ ਪ੍ਰਭੂ ਨੇ ਧਰਤੀ ਨੂੰ ਬਹੁਤ ਹੀ ਡੂੰਘੀ ਸਮਝ ਨਾਲ਼ ਚੱਕਰਾਂ ਵਿੱਚ ਰੱਖਿਆ (ਬੰਨ੍ਹਿਆ) ਹੋਇਆ ਹੈ॥ 2
ਜੇ ਇਸ ਪੰਕਤੀ ਨੂੰ ਗਹੁ ਨਾਲ਼ ਵੀਚਾਰੀਏ ਤਾਂ ਪੂਰੀ ਸਮਝ ਪੈ ਜਾਂਦੀ ਹੈ ਕਿ ਗੁਰਦੇਵ ਨੇ ਇਥੇ ਉਹਨਾਂ ਚੱਕਰਾਂ ਦਾ ਗੁੱਝਾ ਭੇਦ ਦੱਸਿਆ ਹੈ ਜਿਹਨਾਂ ਵਿੱਚ ਚੱਲ ਕੇ ਧਰਤੀ ਸੂਰਜ ਦੇ ਦੁਆਲੇ ਚੱਕਰ ਲਾਉਂਦੀ ਹੈ॥ ਕਿਉਂਕਿ ਗੁਰਦੇਵ ਸਾਨੂੰ ਵਿਗਿਆਨ ਦਾ ਗਿਆਨ ਦੇਣ ਲਈ ਇਸ ਧਰਤੀ ਤੇ ਨਹੀਂ ਆਏ ਸਨ, ਸੋ ਉਹਨਾਂ ਨੇ ਪ੍ਰਭੂ ਦੀ ਵਡਿਆਈ ਲਈ ਹੀ ਵਿਗਿਆਨ ਦੀ ਇਹ ਗੁੱਝਾ ਭੇਦ ਵਰਤਿਆ ਹੈ ਜਾਂ ਇਉਂ ਕਹਿ ਲਉ ਕਿ ਇਸ ਗੁੱਝੀ ਸੈਨਤ ਰਾਹੀਂ ਉਹਨਾਂ ਨੇ ਪ੍ਰਭੂ ਦੀ ਹੀ ਵਡਿਆਈ ਕੀਤੀ ਹੈ॥ ਇਹੋ ਗੁਝਾ ਭੇਦ ਉਧਰਤੀ ਦੇ ਭਾਰ” ਦੀ ਗੁੱਝੀ ਗੁੱਥੀ ਨੂੰ ਵੀ ਸੁਲਝਾਏਗਾ॥
ਜਦ ਕੋਈ ਪਿੰਡ ਚੱਕਰ ਵਿੱਚ ਘੁੰਮਦਾ ਹੈ, ਤਾਂ ਉਸਦੀ ਸਦਾ ਹੀ ਇਹ ਚੇਸ਼ਟਾ ਰਹਿੰਦੀ ਹੈ ਕਿ ਉਸ ਚੱਕਰ ਵਿੱਚੋਂ ਨਿਕਲ ਕੇ ਸਿੱਧੇ ਰਸਤੇ ਤੇ ਚੱਲੇ॥ ਇਸ ਕਾਰਨ ਕਰਕੇ ਇਹ ਜ਼ਰੂਰੀ ਹੈ ਕਿ ਉਸਨੂੰ ਕੋਈ ਅਜਿਹਾ ਬਲ ਬਖ਼ਸ਼ਿਆ ਜਾਏ ਜਿਹੜਾ ਉਸਨੂੰ ਚੱਕਰ ਵਿੱਚ ਬੰਨ੍ਹ ਕੇ ਰੱਖੇ ਨਹੀਂ ਤਾਂ ਉਹ ਪਿੰਡ ਆਪਣੇ ਨੀਯਤ ਚੱਕਰ ਵਿੱਚੋਂ ਬਾਹਰ ਨਿਕਲ ਜਾਵੇਗਾ॥ ਅੰਗ੍ਰੇਜ਼ੀ ਵਿੱਚ ਇਸਨੂੰ (centripetal force) ਆਖਿਆ ਜਾਂਦਾ ਹੈ ਅਤੇ ਉਸ ਬਲ ਨੂੰ ਜਿਹੜਾ ਬ੍ਰਹਿਮੰਡ ਵਿੱਚ ਸਾਰੇ ਗ੍ਰਹਿਆਂ ਅਤੇ ਤਾਰਿਆਂ ਨੂੰ ਆਪੋ ਆਪਣੇ ਚੱਕਰਾਂ ਵਿੱਚ ਟਿਕਾਉਂਦਾ ਹੈ gravitational force or just gravity ਆਖਿਆ ਜਾਂਦਾ ਹੈ॥ ਗੁਰਦੇਵ ਨੇ ਇਸੇ ਹੀ ਬਲ ਨੂੰ ”ਭਾਰ” ਦਾ ਨਾਮ ਦਿੱਤਾ ਹੈ॥ ਆਪ ਸਾਰਿਆਂ ਨੂੰ ਪਤਾ ਹੈ ਕਿ ਜੇ ਕਿਸੇ ਭੁਕਾਨੇ ਵਿੱਚ ਹਾਈਡ੍ਰੋਜਨ ਜਾਂ ਹੀਲੀਅਮ ਗੈਸ ਭਰੀ ਹੋਵੇ ਤਾਂ ਉਹ ਹਵਾ ਵਿੱਚ ਉੱਡ ਜਾਂਦਾ ਹੈ॥ ਉਸਨੂੰ ਉੱਡਣ ਤੋਂ ਰੋਕਣ ਲਈ ਜਾਂ ਤਾਂ ਉਸਨੂੰ ਬੰਨ੍ਹ ਕੇ ਰੱਖਣਾ ਪੈਂਦਾ ਹੈ ਜਾਂ ਉਸ ‘ਤੇ ਕੋਈ ਭਾਰ ਰੱਖਣਾ ਪੈਂਦਾ ਹੈ॥ ਬੱਸ ਇਸੇ ਕਰਕੇ ਹੀ ਗੁਰਦੇਵ ਨੇ ਗ੍ਰੈਵਿਟੀ ਨੂੰ ਭਾਰ ਦਾ ਨਾਮ ਦਿੱਤਾ ਹੈ॥
ਬੱਦਲ ਸਿਰ ਦੇ ਭਾਰ ਕਿਉਂ ਉੱਡਦੇ ਹਨ॥ ਜੇਕਰ ਕਿਸੇ ਭਾਂਡੇ ਜਾਂ ਘੜੇ ਵਿੱਚ ਪਾਣੀ ਹੋਵੇ ਤਾਂ ਉਸਦਾ ਮੂੰਹ (ਜਾਂ ਸਿਰ) ਉੱਪਰ ਵੱਲ ਰੱਖਿਆ ਜਾਂਦਾ ਹੈ (ਤਾਂ ਜੁ ਪਾਣੀ ਡੁਲ੍ਹ ਨਾ ਜਾਵੇ) ਅਤੇ ਪਾਣੀ ਦਾ ਸਾਰਾ ਭਾਰ ਉਸਦੇ ਹੇਠਲੇ ਹਿੱਸੇ (ਜਾਂ ਪੈਰਾਂ) ਤੇ ਹੁੰਦਾ ਹੈ॥ ਪਰ ਜਦੋਂ ਬੱਦਲ ਮੀਂਹ ਵਿੱਚ ਬਦਲ ਕੇ ਵਰ੍ਹਦੇ ਹਨ ਤਾਂ ਉਹਨਾਂ ਦਾ ਪਾਣੀ ਡੁਲ੍ਹਦਾ ਹੈ, ਜਿਸ ਦਾ ਭਾਵ ਇਹ ਹੋਇਆ ਕਿ ਬੱਦਲ਼ਾਂ ਦਾ ਮੂੰਹ ਜਾਂ ਸਿਰ ਹੇਠਾਂ ਵੱਲ ਹੁੰਦਾ ਹੈ॥ ਇਸੇ ਕਰਕੇ ਹੀ ਗੁਰਦੇਵ ਨੇ ਬੱਦਲਾਂ ਨੂੰ ਸਿਰ ਦੇ ਭਾਰ ਹੋ ਕੇ ਚੱਲਣ ਬਾਰੇ ਲਿਖਿਆ ਹੈ॥ ਸੋ ਪਾਵਨ ਪੰਕਤੀਆਂ ਦਾ ਭਾਵ ਇਉਂ ਬਣਦਾ ਹੈ॥
ਨਵੇਂ ਅਰਥ॥ ਪ੍ਰਭੂ ਦੇ ਬਣਾਏ ਨਿਯਮਾਂ ਅਨੁਸਾਰ ਹੀ ਪੌਣ ਸਦੀਵ ਚੱਲਦੀ ਹੈ ਅਤੇ ਉਸ ਦੇ ਨਿਯਮਾਂ ਅਨੁਸਾਰ ਹੀ ਲੱਖਾਂ ਦਰਿਆ (ਨਿਵਾਣ ਵੱਲ) ਵਗਦੇ ਹਨ ਅਤੇ ਅੱਗ ਵੇਗਾਰ ਪੂਰੀ ਕਰਦੀ ਹੈ (ਲੋਕਾਂ ਦੇ ਕੰਮ ਸੁਆਰਦੀ ਜਾਂ ਵਿਗਾੜਦੀ) ਹੈ॥ ਕੁਦਰਤ ਦੀ ਬਣਾਈ ਪ੍ਰਸਪਰ ਖਿੱਚ (gravitational force) ਕਾਰਨ ਹੀ ਧਰਤੀ ਆਪਣੇ ਚੱਕਰਾਂ ਵਿੱਚ ਬੱਝੀ ਹੋਈ ਹੈ ਅਤੇ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਬੱਦਲ ਪਾਣੀ ਨੂੰ ਚੁੱਕ ਕੇ ਸਿਰ ਦੇ ਭਾਰ ਹੋ ਕੇ ਉੱਡਦੇ ਹਨ॥
(2)॥ ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ॥ ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ॥ (ਸਲੋਕ ਮ:1, ਵਾਰ ਸੂਹੀ, 788)॥
ਪ੍ਰਚੱਲਤ ਅਰਥ॥ ਮਨੁੱਖ ਦੇ ਜਿਹੜੇ ਦੰਦ ਅਤੇ ਅੱਖਾਂ ਜੁਆਨੀ ਵੇਲੇ ਬਹੁਤ ਸੁੰਦਰ ਲਗਦੇ ਹਨ, ਬੁਢਾਪਾ ਉਹਨਾਂ ਦਾ ਵੈਰੀ ਹੈ ਕਿਉਂਕਿ ਉਹ ਇਹਨਾਂ ਦੇ ਸੁਣਹੱਪ ਦਾ ਨਾਸ ਕਰ ਦਿੰਦਾ ਹੈ॥
ਔਕੜਾਂ॥ ਇਕੱਲੇ ਦੰਦਾਂ ਅਤੇ ਅੱਖਾਂ ਨੂੰ ਹੀ ਕਿਉਂ, ਬੁਢਾਪਾ ਤਾਂ ਸਰੀਰ ਦੇ ਹਰ ਅੰਗ ਅਤੇ ਸ਼ਕਤੀ ਨੂੰ ਕੰਮਜ਼ੋਰ ਅਤੇ ਬਦਸੂਰਤ ਕਰ ਦਿੰਦਾ ਹੈ ਅਤੇ ਇਸ ਗੱਲ ਦਾ ਹਰੇਕ ਨੂੰ ਪਤਾ ਹੈ॥ ਗੁਰੂ ਨਾਨਕ ਪਾਤਸ਼ਾਹ ਕੇਵਲ ਇੰਨੀ ਸਧਾਰਣ ਗੱਲ ਸਾਡੇ ਨਾਲ ਕਿਉਂ ਸਾਂਝੀ ਕਰਨਗੇ? ਸੋ, ਇਸ ਪਾਵਨ ਸਲੋਕ ਵਿੱਚ ਸਾਡੇ ਲਈ ਕੋਈ ਹੋਰ ਸੰਦੇਸ਼ ਛੁਪਿਆ ਹੋਇਆ ਹੈ॥
ਨਵੇਂ ਅਰਥ॥ ਜਿੰਨੇ ਕਿਸੇ ਮਨੁੱਖ (ਮਰਦ ਜਾਂ ਨਾਰੀ) ਦੇ ਜੁਆਨੀ ਵੇਲੇ ਅੰਗ ਸੁਹਣੇ ਹੁੰਦੇ ਹਨ ਉਨੀ ਹੀ ਇਸ ਗੱਲ ਦੀ ਵੱਧ ਸੰਭਾਵਨਾ ਹੈ ਕਿ ਇੱਕ ਤਾਂ ਉਸਦਾ ਹੰਕਾਰ ਬਹੁਤ ਹੋਵੇਗਾ ਅਤੇ ਦੂਸਰੇ ਉਨਾਂ ਹੀ ਉਹ ਮਾੜੇ ਕਰਮਾਂ ਵੱਲ ਪ੍ਰੇਰਿਆ ਜਾਵੇਗਾ ਜਿਸ ਕਰਕੇ ਉਹ ਨੀਚ ਕਰਮ ਕਰੇਗਾ॥ ਬੁਢਾਪਾ ਤਾਂ ਹਰ ਇੱਕ ਤੇ ਆਉਣਾ ਹੈ ਪਰ ਮੌਤ ਪਿੱਛੋਂ ਵਾਹਿਗੁਰੂ ਦੀ ਦਰਗਾਹ ਵਿੱਚ ਉਸਦੇ ਕੁਕਰਮ ਹੀ ਉਸਦੇ ਵੈਰੀ ਹੋ ਢੁੱਕਦੇ ਹਨ ਜਿਹਨਾਂ ਕਾਰਨ ਹੀ, ਹੇ ਨਾਨਕ, ਉਸ ਨੂੰ ਸਜ਼ਾ ਮਿਲਦੀ ਹੈ॥ 3
(3)॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥ ਹਾਥ ਦੇਇ ਰਾਖੈ ਆਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ॥ – 46॥ (ਧਨਾਸਰੀ ਮਹਲਾ 5, 682)॥
ਪ੍ਰਚੱਲਤ ਅਰਥ॥ ਵਾਹਿਗੁਰੂ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲ਼ੇ ਸਦੀਵੀ ਸੁਭਾਅ ਨੁੰ ਸਦਾ ਯਾਦ ਰੱਖਦਾ ਹੈ ਅਤੇ ਉਹਨਾਂ ਨੂੰ ਕੋਈ ਔਖਾ ਸਮਾਂ ਨਹੀਂ ਵੇਖਣ ਦਿੰਦਾ, ਅਤੇ ਆਪਣਾ ਹੱਥ ਦੇ ਕੇ ਉਹਨਾਂ ਦੀ ਹਰ ਸੁਆਸ ਨਾਲ ਪਾਲਣਾ (ਰੱਖਿਆ) ਕਰਦਾ ਹੈ॥ –
ਇਸ ਪਾਵਨ ਸ਼ਬਦ ਵਿੱਚ ਅਸੀਂ ਕੇਵਲ ”ਅਉੇਖੀ ਘੜੀ” ‘ਤੇ ਹੀ ਆਪਣੇ ਵਿਚਾਰ ਕੇਂਦ੍ਰਿਤ ਰੱਖਾਂਗੇ ਕਿਉਂਕਿ ਸ਼ਬਦ ਦੇ ਬਾਕੀ ਹਿੱਸੇ ਦੇ ਅਰਥਾਂ ਨਾਲ ਸਾਡਾ ਕੋਈ ਮੱਤਭੇਦ ਨਹੀਂ ਹੈ॥
ਔਕੜਾਂ॥ ਪਹਿਲੀ ਔਕੜ ਤਾਂ ਇਹ ਹੈ ਕਿ ਪ੍ਰਚੱਲਤ ਅਰਥਾਂ ਵਿੱਚ ”ਅਉਖੀ ਘੜੀ” ਦੇ ਅਰਥ ਸਪੱਸ਼ਟ ਨਹੀਂ ਕੀਤੇ ਗਏ॥ ਕੀ ਕਿਸੇ ਪਿਆਰੇ ਦੀ ਮੌਤ, ਧਨ ਦੌਲ਼ਤ ਦਾ ਨੁਕਸਾਨ, ਕਿਸੇ ਰਿਸ਼ਤੇਦਾਰ ਦੀ ਲੰਮੀ ਬੀਮਾਰੀ, ਜਾਂ ਕਿਸੇ ਹੋਰ ਨੁਕਸਾਨ ਨੂੰ ਸਤਿਗੁਰੂ ਜੀ ਨੇ ਮਨੁੱਖ ਦੇ ਜੀਵਨ ਵਿੱਚ ਔਖੀ ਘੜੀ ਲਿਖਿਆ ਹੈ ਜਾਂ ਇਹਨਾਂ ਵਿੱਚੋਂ ਕੋਈ ਵੀ ਮਨੁੱਖ ਲਈ ਅਉਖੀ ਘੜੀ ਹੋ ਸਕਦੀ ਹੈ॥ ਜੇਕਰ ਜੀਵਨ ਵਿੱਚ ਅਜਿਹੀਆਂ ਤਕਲੀਫ਼ਾਂ ਨੂੰ ਅਉਖੀ ਘੜੀ ਲਿਖਿਆ ਹੈ ਤਾਂ ਅਜਿਹੀਆਂ ਤਕਲੀਫ਼ਾਂ ਤਾਂ ਵਾਹਿਗੁਰੂ ਦੇ ਅਤਿਅੰਤ ਪਿਆਰਿਆਂ ਨੂੰ ਵੀ ਬਹੁਤ ਆਈਆਂ ਹਨ, ਅਤੇ ਆਉਂਦੀਆਂ ਰਹਿਣਗੀਆਂ॥ ਗੁਰੂ ਅਰਜਨ ਸਾਹਿਬ ਨੂੰ ਆਪ ਤੱਤੀ ਲੋਹ ਤੇ ਬੈਠ ਕੇ ਸੀਸ ਵਿੱਚ ਤੱਤੀ ਰੇਤ ਵੀ ਪੁਆਉਣੀ ਪਈ॥ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦੀ ਦੇਣੀ ਪਈ ਅਤੇ ਉਹਨਾਂ ਨਾਲ਼ ਗਏ ਤਿੰਨ ਸਿੱਖਾਂ ਨੂੰ ਸ਼ਹੀਦੀ ਦਾ ਜਾਮ ਪੀਣ ਤੋਂ ਪਹਿਲਾਂ ਅਤਿ ਦਰਜੇ ਦੇ ਜ਼ੁਲਮ ਵੀ ਸਹਿਣੇ ਪਏ॥ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਬਹੁਤ ਛੋਟੀ ਉਮਰ ਵਿੱਚ ਹੀ ਸ਼ਹੀਦੀਆਂ ਦਿੱਤੀਆਂ ਅਤੇ ਮੀਰ ਮਨੂੰ ਦੀ ਕੈਦ ਵਿੱਚ ਸਿੰਘਣੀਆਂ ਨੂੰ ਆਪਣੇ ਬੱਚਿਆਂ ਦੇ ਟੋਟੇ ਆਪਣੀਆਂ ਝੋਲੀਆਂ ਵਿੱਚ ਪੁਆਉਣੇ ਪਏ॥ ਅਜਿਹੀਆਂ ਕਠਿਨਾਈਆਂ ਦੀ ਲਿਸਟ ਤਾਂ ਬਹੁਤ ਲੰਮੀ ਹੈ॥ ਨਾਲ਼ੇ ਜੇਕਰ ਅਜਿਹੀਆਂ ਤਕਲੀਫ਼ਾਂ ਨੂੰ ਸਤਿਗੁਰ ਜੀ ਨੇ ਅਉਖੀ ਘੜੀ ਲਿਖਿਆ ਹੋਵੇ ਤਾਂ ਉਹਨਾਂ ਦੇ ਸਿੱਖ ਅਜਿਹੀਆਂ ਤਕਲੀਫ਼ਾਂ ਦਾ ਟਾਕਰਾ ਕਿਵੇਂ ਕਰਨਗੇ ਜਦ ਕਿ ਗੁਰੂ ਸਾਹਿਬਾਨ ਨੇ ਸਾਨੂੰ ਅਜਿਹੀਆਂ ਕਠਿਨਾਈਆਂ ਦਾ ਟਾਕਰਾ ਕਰਨ ਦੀ ਸਿੱਖਿਆ ਵਾਰ ਵਾਰ ਦਿੱਤੀ ਹੈ॥ ਸੋ ਇਹ ਸਪੱਸ਼ਟ ਹੈ ਕਿ ਇਸ ਸ਼ਬਦ ਵਿੱਚ ਸਤਿਗੁਰਾਂ ਨੇ ਅਜਿਹੀਆਂ ਤਕਲੀਫ਼ਾਂ ਨੂੰ ਅਉਖੀ ਘੜੀ ਨਹੀਂ ਲਿਖਿਆ॥
ਫ਼ਿਰ ਸੁਆਲ ਇਹ ਉੱਠਦਾ ਹੈ ਕਿ ਅਜਿਹੀ ਕਿਹੜੀ ਤਕਲੀਫ਼ ਹੈ ਜਿਸਨੂੰ ਸਤਿਗੁਰ ਜੀ ਨੇ ਅਉਖੀ ਘੜੀ ਲਿਖਿਆ ਹੈ॥ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਜੀ ਨੂੰ ਪਿਆਰ ਕਰਨ ਤੇ ਹੀ ਜ਼ੋਰ ਦਿੱਤਾ ਗਿਆ ਹੈ॥ ਅਸਲ ਵਿੱਚ ਮਨੁੱਖੀ ਜੀਵਨ ਦਾ ਮਨੋਰਥ ਹੀ ਵਾਹਿਗੁਰੂ ਨਾਲੋਂ ਵਿਛੁੜੀ ਹੋਈ ਆਤਮਾ ਨੂੰ ਉਸ ਨਾਲ਼ ਜੋੜਨਾ ਹੈ, ਅਤੇ ਪ੍ਰਭੂ ਜੀ ਨਾਲੋਂ ਵਿਛੋੜਾ ਹੀ ਉਹਨਾਂ ਦੇ ਭਗਤਾਂ ਲਈ ਸਭ ਤੋਂ ਔਖੀ ਘੜੀ ਹੁੰਦੀ ਹੈ॥ ਵਾਹਿਗੁਰੂ ਨਾਲ ਜੁੜਨਾ ਹੀ ਸਤਿਗੁਰਾਂ ਲਈ ਜ਼ਿੰਦਗੀ, ਅਤੇ ਵਿਛੋੜਾ ਉਹਨਾਂ ਲਈ ਮੌਤ ਬਰਾਬਰ ਸੀ॥ ਆਮ ਜੀਵਨ ਵਿੱਚ ਵੀ ਕਿਸੇ ਪਿਆਰੇ ਨਾਲੋਂ ਵਿਛੋੜਾ ਹੀ ਸਭ ਤੋਂ ਦੁਖਦਾਈ ਹੁੰਦਾ ਹੈ॥ ਹੇਠਾਂ ਦਿੱਤੇ ਪਾਵਨ ਸ਼ਬਦ ਇਸ ਸਿੱਟੇ ਦੀ ਪ੍ਰੋੜਤਾ ਕਰਦੇ ਹਨ
ੲ ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣੁ ਅਉੇਖਾ ਸਾਚਾ ਨਾਉ॥ (ਆਸਾ ਮ:1, 9)॥
ੲ ਹਰਿ ਬਿਨੁ ਕਿਉ ਜੀਵਾ ਮੇਰੀ ਮਾਈ॥ ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨ ਨ ਜਾਈ (ਸਾਰੰਗ ਅਸਟਪਦੀ ਮ:1; 1232)॥
ੲ ਇਕ ਘੜੀ ਨ ਮਿਲਤੇ ਤ ਕਲਿਜਗੁ ਹੋਤਾ॥ ਹੁਣਿ ਕਦ ਮਿਲੀਐ ਪ੍ਰਿਅ ਤੁਧੁ ਭਗਵੰਤਾ॥ (ਮਾਝ ਮ:5,96)॥
ੲ ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਨ ਮਾਨੈ ਕੋਇ॥ ਰਾਮ ਬਿਓਗੀ ਨ ਜੀਐ ਜੀਐ ਤ ਬਉਰਾ ਹੋਇ॥ 76॥ (1368)॥
(ਅਰਥ)॥ ਆਾਪਣੇ ਪਿਆਰੇ ਪ੍ਰਭੂ ਜੀ ਦੇ ਵਿਛੋੜੇ ਦਾ ਦੁੱਖ ਮੈਨੂੰ ਸੱਪ ਵਾਂਙ ਡੰਗ ਮਾਰ ਰਿਹਾ ਹੈ ਜਿਸ ‘ਤੇ ਕੋਈ ਵੀ ਮੰਤਰ ਕੰਮ ਨਹੀਂ ਕਰਦਾ॥ ਪ੍ਰਭੂ ਦਾ ਪਿਆਰਾ ਉਸਦੇ ਵਿਛੋੜੇ ਵਿੱਚ ਜੀਊਂਦਾ ਨਹੀਂ ਰਹਿ ਸਕਦਾ, ਜੇ ਰਹੇ ਵੀ ਤਾਂ ਉਹ ਕਮਲਾ ਹੋ ਜਾਂਦਾ ਹੈ॥
ਨਵੇਂ ਅਰਥ॥ ਹੇ ਵਾਹਿਗੁਰੂ ਜੀ, ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਆਪਣਾ ਮੁੱਢਲਾ ਸੁਭਾਅ ਚੇਤੇ ਰੱਖੋ, ਅਤੇ ਮੈਨੂੰ ਆਪਣੇ ਚਰਨਾਂ ਨਾਲੋਂ ਵਿਛੌੜੇ ਦੀ ਔਖੀ ਘੜੀ ਨਾ ਵਿਖਾਇਉ॥ ਤੁਸੀਂ ਆਪਣਾ ਹੱਥ ਦੇ ਕੇ ਅਪਣੇ ਪਿਆਰਿਆਂ ਦੀ ਸਦਾ ਹੀ ਉਹਨਾਂ ਦੇ ਹਰ ਸੁਆਸ ਨਾਲ ਪਾਲਣਾ (ਰੱਖਿਆ) ਕਰਦੇ ਹੋ (ਸੋ ਮੇਰੀ ਵੀ ਰੱਖਿਆ ਕਰੋ ਅਤੇ ਆਪਣੇ ਨਾਲੋਂ ਵਿਛੋੜਾ ਨਾ ਪਾਇਉ)॥ (4)॥ ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈਸਰੁ ਲੋਹਾਰੁ॥ ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ॥ (43, 1380)॥
ਪ੍ਰਚੱਲਤ ਅਰਥ॥ ਮੋਢੇ ‘ਤੇ ਕੁਹਾੜਾ ਅਤੇ ਸਿਰ ‘ਤੇ ਪਾਣੀ ਦਾ ਘੜਾ ਚੁੱਕੀ ਲੋਹਾਰ ਆਪਣੇ ਆਪ ਨੂੰ ਕੈਸਰ (ਬਾਦਸ਼ਾਹ) ਸਮਝਦਾ ਹੈ (ਕਿਉਂਕਿ ਉਹ ਕਿਸੇ ਵੀ ਰੁੱਖ ਤੇ ਕੁਹਾੜਾ ਚਲਾ ਸਕਦਾ ਹੈ)॥ (ਉਸਨੂੰ ਵੇਖ ਕੇ) ਫਰੀਦ ਸਾਹਿਬ ਕਹਿੰਦੇ ਹਨ ਕਿ, ਹੇ ਲੋਹਾਰ, ਮੈਂ ਤਾਂ ਜੰਗਲ ਵਿੱਚ ਆਪਣੇ ਅੱਲਾ-ਛੌਹਰ ਨੂੰ ਖੋਜ ਰਿਹਾ ਹਾਂ ਪਰ ਤੂੰ ਤਾਂ ਕੋਇਲੇ (ਅੰਗਿਆਰ) ਭਾਵ ਕਾਲਖ (ਵਿਕਾਰ) ਹੀ ਕਮਾ ਰਿਹਾ ਹੈਂ॥
ਔਕੜਾਂ॥ ਪਾਵਨ ਸਲੋਕ ਦੇ ਇਹਨਾਂ ਅਰਥਾਂ ਵਿੱਚ ਘੱਟੋ-ਘੱਟ ਤਿੰਨ ਔਕੜਾਂ ਹਨ॥
1. ਲੱਕੜਾਂ ਵੱਢ ਕੇ ਉਹਨਾਂ ਦੇ ਕੋਇਲੇ ਬਣਾ ਕੇ ਆਪਣੀ ਭੱਠੀ ਵਿੱਚ ਵਰਤਣਾ ਲੋਹਾਰ ਦੀ ਸਭਤੋਂ ਪਹਿਲੀ ਲੋੜ ਹੈ ਜਿਸ ਵਿੱਚ ਵਿਕਾਰਾਂ ਵਾਲ਼ੀ ਕੋਈ ਗੱਲ ਨਹੀਂ॥ ਭਾਈ ਲਾਲੋ ਜੀ ਵਾਂਙ ਇੱਕ ਲੋਹਾਰ ਦੀ ਕ੍ਰਿਤ ਵੀ ਬੜੀ ਸੁੱਚੀ ਅਤੇ ਸੱਚੀ ਹੈ॥ ਇਸ ਵਿੱਚ ਵਿਕਾਰਾਂ ਵਾਲੀ ਕਿਹੜੀ ਗੱਲ ਹੈ? ਅਜਿਹਾ ਦੋਸ਼ ਤਾਂ ਇੱਕ ਲੋਹਾਰ ਨਾਲ਼ ਵੱਡੀ ਬੇਇਨਸਾਫ਼ੀ ਹੈ ਜਿਹੜੀ ਫਰੀਦ ਸਾਹਿਬ ਕਦੇ ਵੀ ਨਹੀਂ ਲਿਖ ਸਕਦੇ ਸਨ॥
2. ਦੂਸਰੇ ਪਾਸੇ ਰੁੱਖਾਂ ਦੀ ਸਹਿਨਸ਼ੀਲਤਾ ਅਤੇ ਉਹਨਾਂ ਵੱਲੋਂ ਦਿੱਤੇ ਸੁੱਖਾਂ ਬਾਰੇ ਸਭਨੂੰ ਪਤਾ ਹੈ॥ ਉਹ ਸਾਨੂੰ ਫਲ ਅਤੇ ਛਾਂ ਦਿੰਦੇ ਹਨ ਅਤੇ ਮੀਂਹ ਪਵਾਉਣ ਵਿੱਚ ਸਹਾਈ ਹੁੰਦੇ ਹਨ॥ ਇਹਨਾਂ ਦੀ ਲੱਕੜੀ ਸਾਡੇ ਅਨਗਿਣਤ ਕੰਮ ਸੁਆਰਦੀ ਹੈ ਜਿਵੇਂ ਕਿ ਹਰ ਤਰ੍ਹਾਂ ਦਾ ਫਰਨੀਚਰ, ਘਰਾਂ ਅਤੇ ਫੈਕਟਰੀਆਂ ਦੀ ਉਸਾਰੀ, ਖੇਡਾਂ ਦਾ ਸਾਮਾਨ, ਅਤੇ ਕਈ ਪ੍ਰਕਾਰ ਦੀਆਂ ਦਵਾਈਆਂ ਬਣਾਉਣ ਲਈ॥ ਇਸਤੋਂ ਛੁੱਟ ਇਹ ਬਾਲਣ ਦੇ ਕੰਮ ਆਉਂਦੀ ਹੈ॥ ਜੰਗਲ ਬਹੁਤ ਸਾਰੇ ਜਾਨਵਰਾਂ ਲਈ ਰਹਿਣ ਦਾ ਟਿਕਾਣਾ ਹੁੰਦੇ ਹਨ॥ ਇਹਨਾਂ ਦੀ ਸ਼ਹਿਨਸ਼ੀਲਤਾ (ਨਿਰਮਾਣਤਾ) ਅਤੇ ਇਹਨਾਂ ਦੇ ਦਿੱਤੇ ਸੁੱਖਾਂ ਬਾਰੇ ਪਾਵਨ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਹਨ॥
? ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਦਿ॥ ਦਰਵੇਸਾ ਨੂੰ ਲੋੜੀਐ ਰੁਖਾ ਦੀ ਜੀਰਾਦਿ॥ (60, 1381)
ੲ ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ॥ ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ॥ 1॥ (ਮਾਰੁ ਮਹਲਾ 5 ਅਸ਼ਟਪਦੀ, 1017)॥
ਅਰਥ: ਜਦੋਂ ਕੋਈ ਮਨੁੱਖ ਕਿਸੇ ਤਿੱਖੇ ਹਥਿਆਰ ਨਾਲ ਕਿਸੇ ਰੁੱਖ ਨੂੰ ਵੱਢ ਦਿੰਦਾ ਹੈ, ਤਾਂ ਉਹ ਰੁੱਖ ਮਨ ਵਿੱਚ ਬੁਰਾ ਨਹੀਂ ਮੰਨਾਉਂਦਾ ਅਤੇ ਨਾ ਹੀ ਉਹ ਵੱਢਣ ਵਾਲ਼ੇ ਨੂੰ ਕੋਈ ਦੋਸ਼ ਦਿੰਦਾ ਹੈ, ਸਗੋਂ ਉਸ ਦੇ ਕਈ ਕੰਮ ਸੁਆਰ ਦਿੰਦਾ ਹੈ॥
ੲ ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ॥ ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸ ਬਿਮਲ ਬੀਚਾਰਹਿ॥ (ਸਵਈਏ ਮਹਲੇ ਦੂਜੇ ਕੇ॥6॥ 1391)॥
ਅਰਥ : ਗੁਰੂ ਅੰਗਦ ਦੇਵ ਜੀ ਆਪਣੀ ਕਰਨੀ ਵਿੱਚ ਸੁਤੰਤਰ ਹਨ ਅਤੇ ਉਹਨਾਂ ਦੀ ਸੁਰਤ ਸਦਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ॥ ਉਹਨਾਂ ਦੇ ਵੀਚਾਰ ਪਵਿੱਤ੍ਰ ਹਨ ਅਤੇ ਜਿਵੇਂ ਫਲ਼ਾਂ ਨਾਲ ਲੱਦਿਆ ਹੋਇਆ ਕੋਈ ਰੁੱਖ ਨਿਉਂਦਾ ਹੈ, ਗੁਰੂ ਅੰਗਦ ਦੇਵ ਜੀ ਵੀ ਸਭ ਅੱਗੇ ਨਿਉਂਦੇ ਹਨ (ਬਹੁਤ ਨਿਰਮਾਣ ਹਨ)॥
3. ਆਪਣੇ ਪਿਆਰੇ ਅੱਲ੍ਹਾ (ਵਾਹਿਗੁਰੂ) ਦੀ ਖੋਜ ਵਿੱਚ ਫਰੀਦ ਸਾਹਿਬ ਕਦੇ ਵੀ ਜੰਗਲਾਂ ਵਿੱਚ ਨਹੀਂ ਗਏ ਸਨ॥ ਉਹ ਤਾਂ ਲਿਖਦੇ ਹਨ ਕਿ ਹੇ ਮਨੁੱਖ, ਰੱਬ ਤਾਂ ਤੇਰੇ ਹਿਰਦੇ ਵਿੱਚ ਵੱਸਦਾ ਹੈ, ਤੂੰ ਜੰਗਲ ਵਿੱਚ ਕਿਉਂ ਕੰਡਿਆ ਦੇ ਦੁੱਖ ਸਹੇੜ ਰਿਹਾ ਹੈਂ?
ੲ ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥ ਵਸੀ ਰੱਬ ਹਿਆਲੀਐ ਜੰਗਲੁ ਕਿਆ ਢੂੰਢੇਹਿ॥ (19, 1378)॥
ਸਿੱਟਾ॥ ਇਸ ਉੱਪਰਲੀ ਵਿਚਾਰ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਇਸ ਸਲੋਕ ਵਿੱਚ ਜਦ ਫਰੀਦ ਸਾਹਿਬ ਵਿੱਚ ਲੋਹਾਰ ਨੂੰ ਜੰਗਲ ਵਿੱਚ ਬਾਦਸ਼ਾਹ ਦੱਸਦੇ ਹਨ ਤਾਂ ਉਹ ਉਸਦੇ ਹੰਕਾਰ ਦੀ ਗੱਲ ਕਰਦੇ ਹਨ ਨਾ ਕਿ ਉਸਦੀ ਕ੍ਰਿਤ ਨੂੰ ਨਿੰਦਦੇ ਹਨ॥ ਮਨੁੱਖ ਦਾ ਹੰਕਾਰ ਉਸ ਨੂੰ ਸਦਾ ਹੀ ਮਾੜੇ ਕੰਮਾਂ ਵੱਲ ਲੈ ਜਾਂਦਾ ਹੈ ਕਿਉਂਕਿ ਹੰਕਾਰ ਕਰਕੇ ਹੀ ਉਸਦੀ ਈਰਖਾ ਵਧਦੀ ਹੈ ਅਤੇ ਗੁੱਸੇ ਨੂੰ ਜਨਮ ਦਿੰਦੀ ਹੈ॥ ਦੂਜੇ ਪਾਸੇ ਸਹਿਨਸ਼ੀਲਤਾ ਮਨੁੱਖ ਦਾ ਹੰਕਾਰ ਮਿਟਾ ਕੇ ਉਸ ਵਿੱਚ ਚੰਗੇ ਗੁਣਾਂ ਨੂੰ ਜਨਮ ਦਿੰਦੀ ਹੈ॥ ਇਸਤਰ੍ਹਾਂ ਰੁਖਾਂ ਦੀ ਸਹਿਨਸ਼ੀਲਤਾ ਦਰਸਾ ਕੇ, ਫਰੀਦ ਸਾਹਿਬ ਹੰਕਾਰ ਦੇ ਔਗੁਣ ਅਤੇ ਸਹਿਨਸ਼ੀਲਤਾ ਦੇ ਗੁਣਾਂ ਦਾ ਮੁਕਾਬਲਾ ਕਰਦੇ ਹਨ ਕਿ ਰੱਬ ਸਹਿਨਸ਼ੀਲਤਾ ਨਾਲ ਮਿਲਦਾ ਹੈ॥ ਸੋ ਇਸ ਰੋਸ਼ਨੀ ਵਿੱਚ ਇਸ ਪਾਵਨ ਸਲੋਕ ਦੇ ਅਰਥ ਇਹ ਹੋਣਗੇ॥
ਨਵੇਂ ਅਰਥ: ਹੇ ਲੋਹਾਰ, ਮੈਂ, ਫਰੀਦ, ਤਾਂ ਰੁਖਾਂ ਵਰਗੀ ਸਹਿਨਸ਼ੀਲਤਾ ਅਪਣਾ ਕੇ ਆਪਣੇ ਪ੍ਰਭੂ ਦੀ ਖੋਜ ਕਰ ਰਿਹਾ ਹਾਂ, ਪਰ ਤੂੰ ਆਪਣੇ ਹੰਕਾਰ ਕਰਕੇ ਔਗੁਣਾਂ ਦੀ ਕਾਲਖ ਹੀ ਕਮਾ ਰਿਹਾ ਹੈਂ॥
ੲੲੲ
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …