Breaking News
Home / ਦੁਨੀਆ / ਡਰਬੀ ਗੁਰੂਘਰ ਦੀ ਭੰਨਤੋੜ, ਹਮਲਾਵਰ ਗ੍ਰਿਫ਼ਤਾਰ

ਡਰਬੀ ਗੁਰੂਘਰ ਦੀ ਭੰਨਤੋੜ, ਹਮਲਾਵਰ ਗ੍ਰਿਫ਼ਤਾਰ

ਗੁਰਦੁਆਰਾ ਸਾਹਿਬ ‘ਤੇ ਹਮਲਾ ਕਰਨ ਵਾਲਾ ਦਿਮਾਗੀ ਤੌਰ ‘ਤੇ ਸੀ ਪ੍ਰੇਸ਼ਾਨ
ਲੈਸਟਰ/ਲੰਡਨ : ਇੰਗਲੈਂਡ ਦੇ ਮਿਡਲੈਂਡ ਇਲਾਕੇ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਮੁਸਲਮਾਨੀ ਪਹਿਰਾਵੇ ‘ਚ ਇਕ ਸ਼ਰਾਰਤੀ ਅਨਸਰ ਵਲੋਂ ਕੰਧ ਟੱਪ ਕੇ ਗੁਰੂ ਘਰ ‘ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ ਦੀ ਬੁਰੇ ਤਰੀਕੇ ਨਾਲ ਭੰਨਤੋੜ ਕਰ ਕੇ ਗੁਰੂ ਘਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਵੇਰ ਦਾ ਸਮਾਂ ਹੋਣ ਕਾਰਨ ਗੁਰੂ ਘਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਰਹੇ ਦੋ ਪਾਠੀ ਸਿੰਘ ਮੌਜੂਦ ਹੋਣ ਕਰ ਕੇ ਹਮਲਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਾਰਨ ਕੋਈ ਵੀ ਅਣਸੁਖਾਵੀਂ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਚੀਮਾ ਅਤੇ ਸਥਾਨਕ ਕੌਂਸਲਰ ਨੇ ਦੱਸਿਆ ਕਿ ਗੁਰੂ ਘਰ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਹਮਲਾਵਰ ਦੀਆਂ ਤਸਵੀਰਾਂ ਆ ਜਾਣ ਕਾਰਨ ਅਤੇ ਹਮਲਾਵਰ ਵਲੋਂ ਜਾਂਦੇ ਸਮੇਂ ਇਕ ਕਾਗਜ਼ ‘ਤੇ ਆਪਣਾ ਫ਼ੋਨ ਨੰਬਰ ਅਤੇ ਇਸ ਹਮਲੇ ਦਾ ਕਾਰਨ ‘ਤਾਲਾਬੰਦੀ ਦੌਰਾਨ ਕਸ਼ਮੀਰ ਦੀ ਮਦਦ ਨਾ ਕੀਤੇ ਜਾਣ’ ਦਾ ਕਾਰਨ ਲਿਖ ਕੇ ਸੁੱਟ ਕੇ ਜਾਣ ਕਾਰਨ, ਪੁਲਿਸ ਵਲੋਂ ਉਕਤ ਹਮਲਾਵਰ ਦੀ ਭਾਲ ਕਰ ਕੇ ਕੁਝ ਹੀ ਘੰਟਿਆਂ ‘ਚ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਾਲਾਬੰਦੀ ਕਾਰਨ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਗੁਰੂ ਘਰ ਬੰਦ ਹੋਣ ਕਾਰਨ ਹਮਲਾਵਰ ਕੰਧ ਟੱਪ ਕੇ ਗੁਰੂ ਘਰ ‘ਚ ਦਾਖਲ ਹੋਇਆ ਸੀ। ਚੀਮਾ ਅਤੇ ਸਥਾਨਕ ਪੰਜਾਬੀ ਕੌਂਸਲਰ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਹਮਲਾਵਰ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਵਲੋਂ ਰਸਤੇ ‘ਚ ਜਾਂਦੇ ਇਕ ਰਾਹਗੀਰ ‘ਤੇ ਵੀ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਮਲਾਵਰ ਡਰਬੀ ਸ਼ਹਿਰ ਦਾ ਵਸਨੀਕ ਨਹੀਂ ਹੈ ਅਤੇ ਹੋਰ ਕਿਸੇ ਸ਼ਹਿਰ ਤੋਂ ਇੱਥੇ ਆਇਆ ਹੈ। ਗੁਰੂ ਘਰ ਦੇ ਪ੍ਰਬੰਧਕਾਂ ਨੇ ਸਮੂਹ ਸਿੱਖ ਭਾਈਚਾਰੇ ਨੂੰ ਸ਼ਾਂਤੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸਥਾਨਕ ਪੁਲਿਸ ਇਸ ਸਬੰਧੀ ਪੜਤਾਲ ਕਰ ਰਹੀ ਹੈ। ਇਸ ਲਈ ਆਪਸੀ ਸਿੱਖ-ਮੁਸਲਿਮ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁਸਲਿਮ ਭਾਈਚਾਰਾ ਵੀ ਸਾਨੂੰ ਪੂਰਾ ਸਹਿਯੋਗ ਦੇ ਰਿਹਾ ਹੈ। ‘ਤਹਿਰੀਕ ਏ ਕਸ਼ਮੀਰ ਯੂ. ਕੇ.’ ਦੇ ਰਾਜਾ ਫਾਹੀਮ ਕਿਆਨੀ ਨੇ ਗੁਰਦੁਆਰਾ ਡਰਬੀ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਮਸਲੇ ‘ਚ ਇੰਗਲੈਂਡ ਰਹਿੰਦੇ ਸਿੱਖਾਂ ਦਾ ਕੋਈ ਸਰੋਕਾਰ ਨਹੀਂ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਸਿੱਖ ਭਾਈਚਾਰੇ ਨਾਲ ਹਨ।
ਭਾਈ ਲੌਂਗੋਵਾਲ ਵੱਲੋਂ ਸਖਤ ਨਿੰਦਾ
ਅੰਮ੍ਰਿਤਸਰ : ਇੰਗਲੈਂਡ ਦੇ ਸ਼ਹਿਰ ਡਰਬੀ ਵਿਖੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ‘ਚ ਦਾਖ਼ਲ ਹੋ ਕੇ ਇਕ ਪਾਕਿਸਤਾਨੀ ਵਿਅਕਤੀ ਵੱਲੋਂ ਕੀਤੀ ਭੰਨ-ਤੋੜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਸਿਰ ਫਿਰੇ ਵਿਅਕਤੀ ਵੱਲੋਂ ਉਦੋਂ ਗੁਰੂਘਰ ਦੀ ਭੰਨ ਤੋੜ ਕੀਤੀ ਗਈ, ਜਦੋਂ ਸਮੁੱਚੇ ਸੰਸਾਰ ਭਰ ‘ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ‘ਚ ਚਲਦੀ ਕਰੋਨਾ ਮਹਾਂਮਾਰੀ ਕਰਕੇ ਡਰਬੀ ਵਿਖੇ ਸਥਿਤ ਇਸ ਗੁਰੂ ਘਰ ਵੱਲੋਂ ਹੋਰ ਗੁਰੂਘਰਾਂ ਵਾਂਗ ਲੋੜਵੰਦਾਂ ਦੀ ਰੋਜ਼ਾਨਾ ਵੱਡੇ ਪੱਧਰ ‘ਤੇ ਮਦਦ ਕੀਤੀ ਜਾ ਰਹੀ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ
ਬੀਤੇ ਦਿਨ ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਗੁਰੂ ਅਰਜੁਨ ਦੇਵ ਜੀ ਵਿਖੇ ਇੱਕ ਸਿਰ-ਫਿਰੇ ਪਾਕਿਸਤਾਨੀ ਮੂਲ ਦੇ ਵਿਅਕਤੀ ਵੱਲੋਂ ਕੀਤੇ ਹਮਲੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿੰਦਾ ਕੀਤੀ ਗਈ ਹੈ। ਉਨ੍ਹਾਂ ਨੇ ਇੰਗਲੈਂਡ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਉਕਤ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੰਡਨ ਸਰਕਾਰ ਨੂੰ ਇਸ ਸਿਰ ਫਿਰੇ ਵਿਅਕਤੀ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਜਥੇਦਾਰ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰੇਗੀ।

Check Also

ਰਣਜੀਤ ਸਿੰਘ ਨੇ ਪਹਿਲੇ ਸਿੱਖ ਡਿਪਟੀ ਮੇਅਰ ਵਜੋਂ ਚੁੱਕੀ ਸਹੁੰ

ਪੈਰਿਸ : ਫਰਾਂਸ ਵਿੱਚ ਮਿਉਂਸਿਪਲ ਚੋਣਾਂ ਤੋਂ ਬਾਅਦ ਬੋਬੀਨੀ ਵਿਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। …