ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ 136ਵੇਂ ਸਥਾਪਨਾ ਦਿਵਸ ਨੂੰ ਕਰੋਨਾ ਦੇ ਕਾਰਨ ਸੰਖੇਪ ਰੱਖਦਿਆਂ ਪਾਰਟੀ ਦੇ ਦਿੱਲੀ ਵਿਚ ਅਕਬਰ ਰੋਡ ਹੈੱਡਕੁਆਰਟਰ ਵਿਖੇ ਝੰਡਾ ਲਹਿਰਾਉਣ ਦੀ ਰਵਾਇਤੀ ਰਸਮ ਤਾਂ ਨਿਭਾਈ ਗਈ ਪਰ ਇਸ ਮੌਕੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਕਿਆਸਾਂ ਮੁਤਾਬਿਕ ਹੋਣ ਵਾਲੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਿਰਕਤ ਨਾ ਕਰਨ ਕਾਰਨ ਕਾਂਗਰਸੀ ਆਗੂ ਸਪੱਸ਼ਟੀਕਰਨ ਦਿੰਦੇ ਨਜ਼ਰ ਆਏ। ਸੂਤਰਾਂ ਮੁਤਾਬਿਕ ਕਰੋਨਾ ਵਾਇਰਸ ਦੇ ਚੱਲਦੇ ਡਾਕਟਰਾਂ ਨੇ ਸੋਨੀਆ ਗਾਂਧੀ ਨੂੰ ਪਾਰਟੀ ਦੇ ਪ੍ਰੋਗਰਾਮ ‘ਚ ਹਿੱਸਾ ਨਾ ਲੈਣ ਦੀ ਸਲਾਹ ਦਿੱਤੀ ਸੀ, ਜਿਸ ਕਾਰਨ ਪਾਰਟੀ ਹੈੱਡਕੁਆਰਟਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਆਗੂ ਏ.ਕੇ. ਐਂਟੋਨੀ ਵਲੋਂ ਨਿਭਾਈ ਗਈ।
ਰਾਹੁਲ ਗਾਂਧੀ ਦੇ ਕਤਰ ਏਅਰਵੇਜ਼ ਰਾਹੀਂ ਇਟਲੀ ਜਾਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਫੈਲਣ ਬਾਅਦ ਪਾਰਟੀ ਆਗੂਆਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਘੁੰਮਣ ਨਹੀਂ ਸਗੋਂ ਆਪਣੀ ਨਾਨੀ ਨੂੰ ਵੇਖਣ ਇਟਲੀ ਗਏ ਹਨ। ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸੂਰਜੇਵਾਲਾ ਅਤੇ ਪਾਰਟੀ ਮਹਾਂਸਕੱਤਰ ਕੇ.ਸੀ. ਵੇਨੂਗੋਪਾਲ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕੋਈ ਵਿਅਕਤੀ ਆਪਣੇ ਕਿਸੇ ਪਰਿਵਾਰਕ ਮੈਂਬਰਾਂ ਦਾ ਹਾਲ-ਚਾਲ ਪੁੱਛਣ ਲਈ ਨਹੀਂ ਜਾ ਸਕਦਾ? ਸੂਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਨਹੀਂ ਹਨ, ਸੋਨੀਆ ਗਾਂਧੀ ਹੈ। ਇਸ ਲਈ ਭਾਜਪਾ ਨੂੰ ਇਸ ਵਿਸ਼ੇ ‘ਤੇ ਸਵਾਲ ਉਠਾਉਣ ਦਾ ਕੋਈ ਅਧਿਕਾਰ ਨਹੀਂ ਹੈ। ਪਾਰਟੀ ਹੈੱਡਕੁਆਰਟਰ ‘ਚ ਹੋਏ ਸਮਾਗਮ ‘ਚ ਪ੍ਰਿਅੰਕਾ ਗਾਂਧੀ ਹੀ ਗਾਂਧੀ ਪਰਿਵਾਰ ਦੀ ਨੁਮਾਇੰਦਗੀ ਕਰਦੀ ਨਜ਼ਰ ਆਈ, ਹਾਲਾਂਕਿ ਉਨ੍ਹਾਂ ਰਾਹੁਲ ਗਾਂਧੀ ਬਾਰੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਪ੍ਰਿਅੰਕਾ ਗਾਂਧੀ ਨੇ ਕਿਸਾਨ ਅੰਦੋਲਨ ਬਾਰੇ ਪੁੱਛੇ ਸਵਾਲ ‘ਤੇ ਪ੍ਰਤੀਕਰਮ ਦਿੰਦਿਆਂ ਕਿਸਾਨ ਅੰਦੋਲਨ ਨੂੰ ਰਾਜਨੀਤਕ ਸਾਜਿਸ਼ ਠਹਿਰਾਉਣ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਜਿਸ ਤਰ੍ਹਾਂ ਦੇ ਸ਼ਬਦ ਕਿਸਾਨਾਂ ਲਈ ਇਸਤੇਮਾਲ ਕੀਤੇ ਜਾ ਰਹੇ ਹਨ, ਉਹ ਪਾਪ ਹੈ। ਇਸ ਮੌਕੇ ਰਾਹੁਲ ਗਾਂਧੀ ਵਿਦੇਸ਼ ਵਿਚ ਹੋਣ ‘ਤੇ ਭਾਜਪਾ ਨੇ ਚੁਟਕੀ ਲਈ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨੇ ਸ਼ੋਸ਼ਲ ਮੀਡੀਆ ‘ਤੇ ਕਿਹਾ ਕਿ ਕਾਂਗਰਸ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ ਅਤੇ ਰਾਹੁਲ ਜੀ ਨੌਂ ਦੋ ਗਿਆਰਾਂ ਹੋ ਗਏ ਹਨ। ਭਾਜਪਾ ਦੇ ਹਮਲਾਵਰ ਰੁਖ ਨੂੰ ਦੇਖਦਿਆਂ ਕਾਂਗਰਸ ਨੂੰ ਸਫਾਈ ਦੇਣੀ ਪਈ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਨਾਨੀ ਨੂੰ ਮਿਲਣ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਘਟੀਆ ਰਾਜਨੀਤੀ ਕਰ ਰਹੀ ਹੈ।
ਧਿਆਨ ਰਹੇ ਕਿ ਕਾਂਗਰਸ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਦਿੱਲੀ ਸਥਿਤ ਕਾਂਗਰਸ ਹੈਡਕੁਆਰਟਰ ਵਿੱਚ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਝੰਡਾ ਲਹਿਰਾਇਆ ਗਿਆ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …