ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖਿਲਾਫ ਕੀਤੀ ਸੀ ਟਿੱਪਣੀ
ਜੈਪੁਰ/ਬਿਊਰੋ ਨਿਊਜ਼
ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਹਾਲ ਹੀ ’ਚ ਹੋਈ ਇਕ ਰੈਲੀ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਖਿਲਾਫ ਟਿੱਪਣੀ ਕਰਨ ਦੇ ਮਾਮਲੇ ’ਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਿਰੁੱਧ ਇਕ ਕੇਸ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਪੁਲਿਸ ਦੇ ਸੂਤਰਾਂ ਨੇ ਦਿੱਤੀ ਹੈ। ਇਹ ਐੱਫਆਈਆਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸੁਰੇਂਦਰ ਸਿੰਘ ਜਦਾਵਤ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। ਚਿਤੌੜਗੜ੍ਹ ਵਿੱਚ ਭਾਜਪਾ ਦੀ ਜਨ ਆਕ੍ਰੋਸ਼ ਰੈਲੀ ਵਿੱਚ ਸ਼ੇਖਾਵਤ ਨੇ ਕਥਿਤ ਤੌਰ ’ਤੇ ਗਹਿਲੋਤ ਨੂੰ ‘ਰਾਜਸਥਾਨ ਵਿੱਚ ਸਿਆਸਤ ਦਾ ਰਾਵਣ’ ਕਿਹਾ ਸੀ ਅਤੇ ਲੋਕਾਂ ਨੂੰ ਸੂਬੇ ਵਿੱਚ ਰਾਮ ਰਾਜ ਕਾਇਮ ਕਰਨ ਦਾ ਹੋਕਾ ਦਿੱਤਾ ਸੀ। ਜਦਾਵਤ ਨੇ ਗੱਲਬਾਤ ਦੌਰਾਨ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਖਿਲਾਫ ਅਜਿਹੀ ਮਾੜੀ ਭਾਸ਼ਾ ਦਾ ਇਸਤੇਮਾਲ ਕਰਨ ਕਰਕੇ ਮੈਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਿਰੁੱਧ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸ਼ੇਖਾਵਤ ਨੇ ਭਾਜਪਾ ਦੀ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ।