ਲਾਲੂ ਪ੍ਰਸਾਦ ਯਾਦਵ ਤੇ ਚਿਦੰਬਰਮ ਦੇ ਪੁੱਤਰ ਕਾਰਤੀ ਦੇ ਟਿਕਾਣਿਆਂ ‘ਤੇ ਸੀਬੀਆਈ ਦੇ ਛਾਪੇ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਟਿਕਾਣਿਆਂ ‘ਤੇ ਆਮਦਨ ਕਰ ਵਿਭਾਗ ਤੇ ਕਾਂਗਰਸੀ ਆਗੂ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੇ ਟਿਕਾਣਿਆਂ ‘ਤੇ ਸੀਬੀਆਈ ਨੇ ਛਾਪੇ ਮਾਰੇ। ਆਮਦਨ ਕਰ ਵਿਭਾਗ ਨੇ ਯਾਦਵ ਪਰਿਵਾਰ ਦੇ ਮੈਂਬਰਾਂ ਵੱਲੋਂ ਕਥਿਤ ਤੌਰ ‘ਤੇ 1000 ਕਰੋੜ ਰੁਪਏ ਦੇ ਬੇਨਾਮੀ ਸੌਦਿਆਂ ਦੇ ਮਾਮਲੇ ਵਿੱਚ ਉਨ੍ਹਾਂ ਦੇ ਦਿੱਲੀ ਤੇ ਲਾਗਲੇ ਇਲਾਕਿਆਂ ਵਿੱਚ ਸਥਿਤ 22 ਟਿਕਾਣਿਆਂ ਦੀ ਤਲਾਸ਼ੀ ਲਈ। ਦੂਜੇ ਪਾਸੇ ਸੀਬੀਆਈ ਨੇ ਚਾਰ ਸ਼ਹਿਰਾਂ ਵਿੱਚ ਚਿਦੰਬਰਮ ਪਰਿਵਾਰ ਦੇ ਘਰਾਂ ਤੇ ਦਫ਼ਤਰਾਂ ਵਿੱਚ ਛਾਪੇ ਮਾਰੇ।
ਪੀ. ਚਿਦੰਬਰਮ ਨੇ ਇਨ੍ਹਾਂ ਛਾਪਿਆਂ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਵੱਲੋਂ ਉਸ ਦੇ ਪੁੱਤਰ ਨੂੰ ਨਿਸ਼ਾਨਾ ਬਣਾਉਣ ਲਈ ਸੀਬੀਆਈ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਦੋਂਕਿ ਐਫ਼ਆਈਪੀਬੀ ਮਨਜ਼ੂਰੀਆਂ ‘ਹਜ਼ਾਰਾਂ ਕੇਸਾਂ’ ਵਿੱਚ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ, ”ਸਰਕਾਰ ਸੀਬੀਆਈ ਤੇ ਦੂਜੀਆਂ ਏਜੰਸੀਆਂ ਦਾ ਇਸਤੇਮਾਲ ਕਰਕੇ ਮੇਰੇ ਪੁੱਤਰ ਤੇ ਉਸ ਦੇ ਦੋਸਤਾਂ ਨੂੰ ਨਿਸ਼ਾਨਾ ਬਣਾ ਰਹੀ ਹੈ੩ ਸਰਕਾਰ ਦਾ ਮਕਸਦ ਮੈਨੂੰ ਲਿਖਣ ਤੋਂ ਰੋਕਣਾ ਹੈ, ਜਿਵੇਂ ਉਸ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ, ਪੱਤਰਕਾਰਾਂ, ਕਾਲਮਨਵੀਸਾਂ ਆਦਿ ਦੇ ਮਾਮਲੇ ਵਿੱਚ ਕੀਤਾ ਹੈ।” ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਹ ਲਿਖਣਾ ਤੇ ਆਵਾਜ਼ ਉਠਾਉਣਾ ਜਾਰੀ ਰੱਖਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਕੋਈ ਦੋਸ਼ ਨਹੀਂ ਹੈ। ਦੂਜੇ ਪਾਸੇ ਯਾਦਵ ਨੇ ਦਲੇਰੀ ਦਿਖਾਉਂਦਿਆਂ ਕਿਹਾ ਕਿ ਉਹ ‘ਇਸ ਤੋਂ ਨਹੀਂ ਡਰਦੇ’ ਤੇ ‘ਫ਼ਾਸ਼ੀਵਾਦੀ ਤਾਕਤਾਂ’ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਆਪਣੀ ਟਵੀਟ ਵਿੱਚ ਕਿਹਾ, ”ਬੀਜੇਪੀ ਮੇਂ ਹਿੰਮਤ ਨਹੀਂ ਹੈ ਕਿ ਲਾਲੂ ਕੀ ਆਵਾਜ਼ ਕੋ ਦਬਾ ਸਕੇ੩ ਲਾਲੂ ਕੀ ਆਵਾਜ਼ ਦਬਾਏਂਗੇ ਤੋ ਦੇਸ਼ ਭਰ ਮੇਂ ਕਰੋੜੋਂ ਲਾਲੂ ਖੜੇ ਹੋ ਜਾਏਂਗੇ੩ ਮੈਂ ਗਿੱਦੜ-ਭਬਕੀਆਂ ਤੋਂ ਨਹੀਂ ਡਰਨ ਵਾਲਾ।” ਉਨ੍ਹਾਂ ਭਾਜਪਾ ਤੇ ਆਰਐਸਐਸ ਖ਼ਿਲਾਫ਼ ਕਈ ਟਵੀਟ ਕੀਤੇ। ਸੀਬੀਆਈ ਨੇ ਚੇਨਈ, ਮੁੰਬਈ, ਦਿੱਲੀ ਤੇ ਗੁੜਗਾਉਂ ਵਿੱਚ ਚਿਦੰਬਰਮ ਪਰਿਵਾਰ ਦੇ ਟਿਕਾਣਿਆਂ ‘ਤੇ ਛਾਪੇ ਮਾਰੇ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …