Breaking News
Home / ਹਫ਼ਤਾਵਾਰੀ ਫੇਰੀ / ਉੜੀਸਾ ‘ਚ ਗੁਰਦੁਆਰਾ ਮੰਗੂ ਮੱਠ ਪੁਰਾਤਨ ਅਸਥਾਨ ‘ਤੇ ਹੀ ਬਣੇਗਾ

ਉੜੀਸਾ ‘ਚ ਗੁਰਦੁਆਰਾ ਮੰਗੂ ਮੱਠ ਪੁਰਾਤਨ ਅਸਥਾਨ ‘ਤੇ ਹੀ ਬਣੇਗਾ

ਬੈਂਸ ਭਰਾ ਵਫਦ ਸਣੇ ਗ੍ਰਹਿ ਮੰਤਰੀ ਦਿਵਿਆ ਸ਼ੰਕਰ ਮਿਸ਼ਰਾ ਨੂੰ ਮਿਲੇ
ਅੰਮ੍ਰਿਤਸਰ/ਬਿਊਰੋ ਨਿਊਜ਼ : ਉੜੀਸਾ ਸਰਕਾਰ ਨੇ ਭੁਵਨੇਸ਼ਵਰ ਦੇ ਜਗਨਨਾਥ ਪੁਰੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਢਾਹੇ ਗਏ ਮੰਗੂ ਮੱਠ (ਗੁਰਦਆਰਾ ਸਾਹਿਬ) ਦਾ ਨਿਰਮਾਣ ਮੁੜ ਉਸੇ ਅਸਥਾਨ ਵਿਖੇ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉੜੀਸਾ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਬਾਉਲੀ ਸਾਹਿਬ ਨੂੰ ਵੀ ਢਾਹਿਆ ਨਹੀਂ ਜਾਵੇਗਾ ਜਦੋਂ ਕਿ ਨਾਨਕ ਮੱਠ ਵਿਖੇ ਸੰਗਤ ਲਈ ਅਤਿ ਸੁੰਦਰ ਸਰਾਂ ਬਣਾਈ ਜਾਵੇਗੀ। ਇਸ ਲਈ ਬੈਂਸ ਭਰਾਵਾਂ ਨੇ ਜਿੱਥੇ ਸਿੱਖ ਸੰਗਤ ਅਤੇ ਉੜੀਸਾ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਕਰਾਰ ਦਿੱਤਾ।
ਯਾਦ ਰਹੇ ਕਿ ਪਿਛਲੇ ਦਿਨੀਂ ਉੜੀਸਾ ਦੇ ਜਗਨਨਾਥ ਪੁਰੀ ਮੰਦਰ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਮੰਗੂ ਮੱਠ ਢਾਹ ਦਿੱਤਾ ਗਿਆ ਸੀ ਅਤੇ ਉੱਥੋਂ ਦੀ ਸਰਕਾਰ ਸ਼ਹਿਰ ਦੇ ਸੁੰਦਰੀਕਰਨ ਲਈ ਬਾਉਲੀ ਸਾਹਿਬ ਨੂੰ ਢਾਹੁਣ ਦੀਆਂ ਤਿਆਰੀਆਂ ਕਰ ਰਹੀ ਸੀ। ਇਸ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਅਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਹ ਸਨਿਚਰਵਾਰ ਨੂੰ 7 ਮੈਂਬਰੀ ਜਥਾ ਲੈ ਕੇ ਜਾਇਜ਼ਾ ਲੈਣ ਪੁੱਜੇ ਸਨ। ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਉੱਥੋਂ ਦੀ ਸੰਗਤ ਨੂੰ ਨਾਲ ਲੈ ਕੇ ਪਹਿਲਾਂ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਉੜੀਸਾ ਦੇ ਭੁਵਨੇਸ਼ਵਰ ਵਿਖੇ ਵਿਧਾਨ ਸਭਾ ਦੇ ਬਾਹਰ ਤੱਕ ਰੋਸ ਮਾਰਚ ਕਰਦੇ ਹੋਏ ਧਰਨਾ ਵੀ ਦਿੱਤਾ। ਸੋਮਵਾਰ ਨੂੰ ਉਨ੍ਹਾਂ ਦੀ ਮੁਲਾਕਾਤ ਮੁੱਖ ਮੰਤਰੀ ਉੜੀਸਾ ਨਵੀਨ ਪਟਨਾਇਕ ਨਾਲ ਹੋਣੀ ਸੀ ਪਰ ਮੁੱਖ ਮੰਤਰੀ ਦੇ ਰੁਝੇਵਿਆਂ ਕਾਰਨ ਉਨ੍ਹਾਂ ਦੀ ਮੁਲਾਕਾਤ ਪਹਿਲਾਂ ਉੜੀਸਾ ਦੇ ਗ੍ਰਹਿ ਮੰਤਰੀ ਦਿਵਿਆ ਸ਼ੰਕਰ ਮਿਸ਼ਰਾ ਨਾਲ ਹੋਈ, ਜਿਸ ‘ਚ ਵਿਸਤਾਰ ਸਹਿਤ ਉਨ੍ਹਾਂ ਸਿੱਖ ਕੌਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਇਤਿਹਾਸਿਕ ਸਥਾਨ ਸਬੰਧੀ ਜਾਣਕਾਰੀ ਦਿੱਤੀ।
ਵਿਧਾਇਕ ਬੈਂਸ ਭਰਾਵਾਂ ਨੇ ਦੱਸਿਆ ਕਿ ਪੂਰੀ ਗੱਲ ਸੁਣਨ ਤੋਂ ਬਾਅਦ ਉੜੀਸਾ ਦੇ ਗ੍ਰਹਿ ਮੰਤਰੀ ਦਿਵਿਆ ਸ਼ੰਕਰ ਮਿਸ਼ਰਾ, ਪ੍ਰਿੰਸੀਪਲ ਸਕੱਤਰ, ਜਗਨਨਾਥ ਪੁਰੀ ਦੇ ਸੁੰਦਰੀਕਰਨ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਆਈ.ਏ.ਐਸ., ਪੁਰੀ ਦੇ ਵਿਧਾਇਕ ਬੌਬੀ ਦਾਸ ਨੇ ਮੀਡੀਆ ਨੂੰ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ (ਮੰਗੂ ਮੱਠ) ਦੀ ਇਮਾਰਤ ਦੀ ਉਸੇ ਥਾਂ ‘ਤੇ ਉਸਾਰੀ ਕੀਤੀ ਜਾਵੇਗੀ ਅਤੇ ਸਰਕਾਰ ਆਪਣੇ ਖਰਚੇ ‘ਤੇ ਕਰਵਾਏਗੀ ਅਤੇ ਇਸ ਸਥਾਨ ‘ਤੇ ਅਤਿ ਸੁੰਦਰ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਗਤ ਦੀ ਦੂਸਰੀ ਮੰਗ ਗੁਰਦੁਆਰਾ ਬਾਉਲੀ ਸਾਹਿਬ ਨੂੰ ਕਦੇ ਵੀ ਢਾਹਿਆ ਨਹੀਂ ਜਾਵੇਗਾ ਅਤੇ ਤੀਸਰੀ ਮੰਗ ਅਨੁਸਾਰ ਨਾਨਕ ਮੱਠ (ਪੰਜਾਬੀ ਮੱਠ) ਦੀ 12 ਏਕੜ ‘ਚ ਅਤਿ ਸੁੰਦਰ ਸਰਾਂ ਬਣਾਈ ਜਾਵੇਗੀ। ਇਸ ਮੌਕੇ ਜਥੇਦਾਰ ਜਸਵਿੰਦਰ ਸਿੰਘ ਖ਼ਾਲਸਾ, ਜਗਜੋਤ ਸਿੰਘ ਖਾਲਸਾ, ਰਣਧੀਰ ਸਿੰਘ ਸਿਵੀਆ, ਜਸਵੰਤ ਸਿੰਘ ਗੱਜਣਮਾਜਰਾ, ਮੋਹਨ ਸਿੰਘ ਨੰਬਰਦਾਰ, ਮਨੀਸ਼ ਵਿਨਾਇਕ, ਜਗਮੋਹਨ ਸਿੰਘ ਅਤੇ ਹੋਰ ਬੁੱਧੀਜੀਵੀ ਵੀ ਸ਼ਾਮਲ ਸਨ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …