ਕਾਂਗਰਸ ਵਾਲੀਆਂ ਸੀਟਾਂ ‘ਆਪ’ ਕੋਲ ਤੇ ‘ਆਪ’ ਵਾਲੀ ਸੀਟ ਕਾਂਗਰਸ ਕੋਲ ਗਈ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਅਤੇ ਬਰਨਾਲਾ ਵਿਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ’ਚ ਵੱਡਾ ਉਲਟ ਫੇਰ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਦੀ ਝੰਡੀ ਰਹੀ ਹੈ। ਇਸਦੇ ਚੱਲਦਿਆਂ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਸੀਟ ਕਾਂਗਰਸ ਕੋਲ ਸੀ ਅਤੇ ਹੁਣ ਇਹ ਆਮ ਆਦਮੀ ਪਾਰਟੀ ਕੋਲ ਚਲੀਆਂ ਗਈਆਂ ਹੈ। ਬਰਨਾਲਾ ਸੀਟ ਜਿਹੜੀ ਆਮ ਆਦਮੀ ਪਾਰਟੀ ਦਾ ਗੜ ਮੰਨੀ ਜਾਂਦੀ ਸੀ, ਉਹ ਕਾਂਗਰਸ ਪਾਰਟੀ ਕੋਲ ਚਲੀ ਗਈ ਹੈ। ਹਲਕਾ ਚੱਬੇਵਾਲ ਤੋਂ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੀ ਜੇਤੂ ਰਿਹਾ ਹੈ। ਇਸੇ ਤਰ੍ਹਾਂ ਕਾਂਗਰਸ ਕੋਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਬੜੀ ਮੁਸ਼ਕਲ ਨਾਲ ਹੀ ਬਚਿਆ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਕਾਂਗਰਸ ਕੋਲ ਇਸ ਮੌਕੇ ਵਿਧਾਨ ਸਭਾ ਦੀਆਂ ਸਿਰਫ 14 ਸੀਟਾਂ ਰਹਿ ਗਈਆਂ ਹਨ ਅਤੇ ਵਿਰੋਧੀ ਧਿਰ ਦੇ ਆਗੂ ਲਈ 13 ਸੀਟਾਂ ਦੀ ਲੋੜ ਹੁੰਦੀ ਹੈ। ਚੱਬੇਵਾਲ ਤੋਂ ‘ਆਪ’ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ, ਡੇਰਾ ਬਾਬਾ ਨਾਨਕ ਤੋਂ ਵੀ ‘ਆਪ’ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਜਿੱਤੇ ਹਨ। ਇਸੇ ਤਰ੍ਹਾਂ ਗਿੱਦੜਬਾਹਾ ਤੋਂ ਵੀ ‘ਆਪ’ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਜਿੱਤੇ ਹਨ ਅਤੇ ਬਰਨਾਲਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਜਿੱਤ ਹੋਈ ਹੈ।