Breaking News
Home / ਹਫ਼ਤਾਵਾਰੀ ਫੇਰੀ / ਜਦੋਂ ਭਗਵੰਤ ਮਾਨ ਨੇ ਆਪਾ ਖੋਹਿਆ

ਜਦੋਂ ਭਗਵੰਤ ਮਾਨ ਨੇ ਆਪਾ ਖੋਹਿਆ

ਪੱਤਰਕਾਰਾਂ ਨਾਲ ਵੀ ਉਲਝੇ ਤੇ ਸੁਖਬੀਰ ਬਾਦਲ ਨੂੰ ਦੱਸਿਆ ਮੰਦਬੁੱਧੀ ਬੱਚਾ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਚੰਡੀਗੜ੍ਹ ਵਿਚ ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਆਪਾ ਖੋ ਬੈਠੇ ਤੇ ਉਹ ਪੱਤਰਕਾਰਾਂ ਨਾਲ ਉਲਝ ਪਏ। ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਅਕਾਲੀ ਦਲ ਲਗਾਤਾਰ ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਮੌਜੂਦਗੀ ਕਿਧਰੇ ਨਜ਼ਰ ਨਹੀਂ ਆਉਂਦੀ। ਇਸ ‘ਤੇ ਭਗਵੰਤ ਮਾਨ ਗ਼ੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਸਵਾਲ ਪੁੱਛਣ ਵਾਲੇ ਨੂੰ ਕਿਹਾ ਕਿ ਅਕਾਲੀ ਦਲ ਕਿਧਰੇ ਵੀ ਨਹੀਂ ਅਤੇ ਵਿਰੋਧੀ ਧਿਰ ਵਿਚ ਬੈਠ ਕੇ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਸਵਾਲ ਪੁੱਛੇ ਹਨ ਅਤੇ ‘ਆਪ’ ਪਾਰਟੀ ਹੀ ਅਸਲ ਵਿਚ ਵਿਰੋਧੀ ਧਿਰ ਹੈ, ਤੁਸੀਂ ਕਿਹੜੇ ਅਕਾਲੀ ਦਲ ਦੀ ਗੱਲ ਕਰ ਰਹੇ ਹੋ। ਭਗਵੰਤ ਮਾਨ ਨੇ ਤਾਂ ਗ਼ੁੱਸੇ ਭਰੇ ਲਹਿਜ਼ੇ ਵਿਚ ਸੁਖਬੀਰ ਸਿੰਘ ਬਾਦਲ ਨੂੰ ਇਕ ਮੰਦਬੁੱਧੀ ਵਾਲਾ ਬੱਚਾ ਕਹਿ ਕੇ ਬਿਆਨਿਆ। ਪੁੱਛੇ ਗਏ ਸਵਾਲ ‘ਤੇ ਭਗਵੰਤ ਮਾਨ ਪੱਤਰਕਾਰ ਵੱਲ ਉਠ ਖਲੋਤੇ ਅਤੇ ਉਨ੍ਹਾਂ ਦਾ ਅਜਿਹਾ ਰੂਪ ਦੇਖ ਕੇ ਪੱਤਰਕਾਰ ਹੈਰਾਨ ਵੀ ਹੋਏ ਅਤੇ ਕਾਨਫ਼ਰੰਸ ਵਿਚ ਹਫ਼ੜਾ ਦਫ਼ੜੀ ਮਚ ਗਈ। ਕੁਝ ਚਿਰ ਬਾਅਦ ਭਗਵੰਤ ਮਾਨ ਨੇ ਆਪਣੇ ਗ਼ੁੱਸੇ ਨੂੰ ਸ਼ਾਂਤ ਕਰਦੇ ਹੋਏ ਮੁੜ ਤੋਂ ਸਵਾਲ ਪੁੱਛਣ ਲਈ ਕਿਹਾ ਅਤੇ ਨਾਲ ਹੀ ਉਸ ਪੱਤਰਕਾਰ ਨੂੰ ਕਿਹਾ ਕਿ ਕੀ ਸਾਰੇ ਸਵਾਲ ਤੂੰ ਹੀ ਪੁੱਛੇਂਗਾ, ਤਾਂ ਉੱਥੇ ਪੱਤਰਕਾਰਾਂ ਨੇ ਕਿਹਾ ਕਿ ਉਹ ਤੁਹਾਡੇ ਮਨ ਮੁਤਾਬਕ ਪ੍ਰਸ਼ਨ ਨਹੀਂ ਪੁੱਛ ਸਕਦੇ। ਇਸ ਗੱਲ ‘ਤੇ ਬਹਿਸ ਵਧ ਗਈ ਅਤੇ ਇਸ ਹੰਗਾਮੇ ਦੌਰਾਨ ਭਗਵੰਤ ਮਾਨ ਨੇ ਪੱਤਰਕਾਰਾਂ ਤੋਂ ਪਿੱਛਾ ਛੁਡਾਉਣਾ ਹੀ ਚੰਗਾ ਸਮਝਿਆ ਅਤੇ ਉਥੋਂ ਚਲੇ ਗਏ। ਇਸ ਦੌਰਾਨ ਪੱਤਰਕਾਰਾਂ ਨੇ ਵੀ ਭਗਵੰਤ ਮਾਨ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ।
ਇਸੇ ਦੌਰਾਨ ਭਗਵੰਤ ਮਾਨ ਵਲੋਂ ਪੱਤਰਕਾਰਾਂ ਨਾਲ ਕੀਤੇ ਦੁਰਵਿਵਹਾਰ ਦੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਵਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ।
ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਨੇ ਬੇਹੱਦ ਘਟੀਆ ਅਤੇ ਸ਼ਰਮਸਾਰ ਕਰ ਦੇਣ ਵਾਲੀ ਹਰਕਤ ਕੀਤੀ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਭਗਵੰਤ ਮਾਨ ਕੋਲੋਂ ਤਾਜ਼ਾ ਡੋਪ ਟੈਸਟ ਦੀ ਰਿਪੋਰਟ ਜ਼ਰੂਰ ਮੰਗਿਆ ਕਰਨ।

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …