14.8 C
Toronto
Tuesday, September 16, 2025
spot_img
Homeਹਫ਼ਤਾਵਾਰੀ ਫੇਰੀਪੰਜਾਬ 'ਚ ਵਿਧਾਨ ਸਭਾ ਤੋਂ ਬਾਅਦ ਕੀ ਹੋਵੇਗੀ ਜ਼ਿਮਨੀ ਚੋਣ?

ਪੰਜਾਬ ‘ਚ ਵਿਧਾਨ ਸਭਾ ਤੋਂ ਬਾਅਦ ਕੀ ਹੋਵੇਗੀ ਜ਼ਿਮਨੀ ਚੋਣ?

ਜੇ ਭਗਵੰਤ ਮਾਨ ਤੇ ਸੁਖਬੀਰ ਬਾਦਲ ਜਿੱਤੇ ਤਾਂ ਛੱਡਣੀ ਪਵੇਗੀ ਲੋਕ ਸਭਾ ਸੀਟ
ਜੇ ਚੰਨੀ ਦੋਵੇਂ ਸੀਟਾਂ ਤੋਂ ਜਿੱਤੇ ਤਾਂ ਇਕ ਸੀਟ ਤੋਂ ਦੇਣਾ ਪਵੇਗਾ ਅਸਤੀਫ਼ਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਤਿੰਨ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਤਾਰੇ ਗਏ ਆਗੂਆਂ ਦੇ ਚੋਣਾਂ ਜਿੱਤਣ ਤੋਂ ਬਾਅਦ ਜ਼ਿਮਨੀ ਚੋਣਾਂ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ‘ਚੋਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਅਤੇ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਧੂਰੀ ਹਲਕੇ ਤੋਂ ਚੋਣ ਲੜ ਰਹੇ ਹਨ ਪਰ ਨਾਲ ਹੀ ਉਹ ਸੰਗਰੂਰ ਤੋਂ ਸੰਸਦ ਮੈਂਬਰ ਵੀ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਬਾਦ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਜੋ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਹਨ।
ਸਿਆਸੀ ਮਾਹਿਰਾਂ ਵੱਲੋਂ ਫ਼ਿਲਹਾਲ ਇਨ੍ਹਾਂ ਤਿੰਨੋਂ ਆਗੂਆਂ ਦੇ ਚੋਣਾਂ ਜਿੱਤਣ ਦੀਆਂ ਕਿਆਸਰਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਜਾਪਦਾ ਹੈ ਕਿ ਨਤੀਜਿਆਂ ਮਗਰੋਂ ਛੇਤੀ ਹੀ ਕੁਝ ਵਿਧਾਨ ਸਭਾ ਅਤੇ ਲੋਕ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋ ਸਕਦੀਆਂ ਹਨ। ਕੋਈ ਵੀ ਆਗੂ ਇੱਕ ਸਮੇਂ ਜਾਂ ਤਾਂ ਵਿਧਾਨ ਸਭਾ ਦਾ ਜਾਂ ਲੋਕ ਸਭਾ ਦਾ ਮੈਂਬਰ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਮੁੱਖ ਮੰਤਰੀ ਦੋਵੇਂ ਥਾਵਾਂ ਤੋਂ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਨੂੰ ਭਦੌੜ ਜਾਂ ਚਮਕੌਰ ਸਾਹਿਬ ਤੋਂ ਇੱਕ ਸੀਟ ਤੋਂ ਅਸਤੀਫ਼ਾ ਦੇਣਾ ਪਵੇਗਾ।
ਵੇਰਵਿਆਂ ਅਨੁਸਾਰ ਇਹ ਤਿੰਨੋਂ ਉਮੀਦਵਾਰ ਮਾਲਵਾ ਖੇਤਰ ਦੇ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਵਿਚ ਖੁਦ ਨੂੰ ਵੀ ਵੋਟ ਨਹੀਂ ਪਾ ਸਕੇ ਹਨ।
ਸੁਖਬੀਰ ਬਾਦਲ ਦੀ ਰਿਹਾਇਸ਼ ਲੰਬੀ ਹਲਕੇ ਵਿਚ ਹੋਣ ਕਾਰਨ ਉਨ੍ਹਾਂ ਦੀ ਵੋਟ ਪਿੰਡ ਬਾਦਲ ਵਿਚ ਬਣੀ ਹੋਈ ਹੈ ਪਰ ਉਨ੍ਹਾਂ ਨੇ ਚੋਣ ਜਲਾਲਬਾਦ ਹਲਕੇ ਤੋਂ ਲੜੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਧੂਰੀ ਹਲਕੇ ਤੋਂ ਚੋਣ ਲੜੀ ਹੈ ਪਰ ਉਨ੍ਹਾਂ ਦੀ ਵੋਟ ਮੁਹਾਲੀ ਬਣੀ ਹੋਣ ਕਰਕੇ ਉਹ ਵੀ ਖੁਦ ਨੂੰ ਵੋਟ ਨਹੀਂ ਪਾ ਸਕੇ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਲਵਾ ਖੇਤਰ ਦੇ ਭਦੌੜ ਅਤੇ ਚਮਕੌਰ ਸਾਹਿਬ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਹਨ ਪਰ ਉਨ੍ਹਾਂ ਦੀ ਵੋਟ ਖਰੜ ਵਿਚ ਬਣੀ ਹੋਈ ਹੈ, ਜਿੱਥੋਂ ਕੋਈ ਹੋਰ ਕਾਂਗਰਸੀ ਆਗੂ ਚੋਣ ਮੈਦਾਨ ਵਿਚ ਉਤਰਿਆ ਹੈ। ਰਾਜਨੀਤਕ ਵਿਸ਼ਲੇਸ਼ਕਾਂ ਵਲੋਂ ਦੱਸਿਆ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਨੂੰ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ‘ਤੇ ਦੋਨਾਂ ‘ਚੋਂ ਇੱਕ ਸੀਟ ਛੱਡਣੀ ਪੈਣੀ ਹੈ। ਇਸੇ ਤਰ੍ਹਾਂ ਜੇ ਚੰਨੀ ਦੋਵੇਂ ਹਲਕਿਆਂ ‘ਚੋਂ ਜਿੱਤਦੇ ਹਨ ਤਾਂ ਜਾਪਦਾ ਹੈ ਉਹ ਭਦੌੜ ਹਲਕਾ ਹੀ ਛੱਡਣਗੇ।
ਪ੍ਰਤਾਪ ਸਿੰਘ ਬਾਜਵਾ ਦੀ ਰਾਜ ਸਭਾ ਮੈਂਬਰਸ਼ਿਪ ਲਈ ਸਮੀਕਰਨ ਦਿਲਚਸਪ : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਇਸ ਵਾਰ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ‘ਚ ਉਤਰੇ ਹਨ। ਉਂਜ ਉਨ੍ਹਾਂ ਦੀ ਰਾਜ ਸਭਾ ਦੀ ਮਿਆਦ 10 ਅਪ੍ਰੈਲ ਨੂੰ ਖ਼ਤਮ ਹੋਣ ਜਾ ਰਹੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੇ ਉਹ ਵਿਧਾਨ ਸਭਾ ਦੀ ਚੋਣ ਜਿੱਤਦੇ ਹਨ ਤਾਂ ਰਾਜ ਸਭਾ ਲਈ ਜ਼ਿਮਨੀ ਚੋਣ ਹੋਵੇਗੀ ਜਾਂ ਨਹੀਂ।

ਚੰਨੀ, ਭਗਵੰਤ ਤੇ ਸੁਖਬੀਰ ਖੁਦ ਨੂੰ ਨਹੀਂ ਪਾ ਸਕੇ ਵੋਟ
ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਤੇ ਭਦੌੜ ਹਲਕੇ ਤੋਂ ਚੋਣ ਲੜੀ ਹੈ ਪਰ ਉਨ੍ਹਾਂ ਦੀ ਵੋਟ ਹਲਕਾ ਖਰੜ ਵਿਚ ਪੈਂਦੀ ਹੈ। ਇਸੇ ਤਰ੍ਹਾਂ ਭਗਵੰਤ ਮਾਨ ਨੇ ਧੂਰੀ ਹਲਕੇ ਤੋਂ ਚੋਣ ਲੜੀ ਹੈ ਪਰ ਉਨ੍ਹਾਂ ਦੀ ਵੋਟ ਮੋਹਾਲੀ ਵਿਚ ਹੈ ਜਦੋਂਕਿ ਸੁਖਬੀਰ ਸਿੰਘ ਬਾਦਲ ਨੇ ਚੋਣ ਜਲਾਲਾਬਾਦ ਹਲਕੇ ਤੋਂ ਲੜੀ ਹੈ ਪਰ ਉਨ੍ਹਾਂ ਦੀ ਵੋਟ ਲੰਬੀ ਹਲਕੇ ਦੇ ਪਿੰਡ ਬਾਦਲ ‘ਚ ਬਣੀ ਹੋਈ ਹੈ। ਇੰਝ ਇਹ ਤਿੰਨੋਂ ਮੁੱਖ ਮੰਤਰੀ ਦੇ ਦਾਅਵੇਦਾਰ ਚਿਹਰੇ ਖੁਦ ਨੂੰ ਆਪਣੀ ਹੀ ਵੋਟ ਨਹੀਂ ਪਾ ਸਕੇ।
ਪੰਜਾਬ ਨੂੰ ਹੁਣ 10 ਮਾਰਚ ਦਾ ਇੰਤਜ਼ਾਰ
ਮੁੱਖ ਮੰਤਰੀ ਕੌਣ
ਭਗਵੰਤ ਮਾਨ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ ਜਾਂ ਕੋਈ ਹੋਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਵਿਧਾਨ ਸਭਾ ਲਈ ਵੋਟਾਂ ਲੰਘੀ 20 ਫਰਵਰੀ ਨੂੰ ਪੈ ਚੁੱਕੀਆਂ ਹਨ ਅਤੇ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਚੁੱਕਾ ਹੈ। ਹੁਣ ਉਮੀਦਵਾਰਾਂ ਅਤੇ ਪੰਜਾਬ ਦੀ ਜਨਤਾ ਨੂੰ 10 ਮਾਰਚ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ, ਜਦੋਂ ਇਨ੍ਹਾਂ ਵੋਟਾਂ ਦੇ ਨਤੀਜੇ ਐਲਾਨੇ ਜਾਣੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ 72 ਫੀਸਦੀ ਤੋਂ ਵੱਧ ਪੋਲਿੰਗ ਹੋਈ ਹੈ। ਹੁਣ 10 ਮਾਰਚ ਨੂੰ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਭਗਵੰਤ ਮਾਨ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ ਜਾਂ ਕਿਸੇ ਹੋਰ ਨੂੰ ਮਿਲਦੀ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿ ਰਹੇ ਹਨ ਕਿ ਅਕਾਲੀ-ਬਸਪਾ ਗਠਜੋੜ 80 ਤੋਂ ਵੀ ਵੱਧ ਸੀਟਾਂ ‘ਤੇ ਜਿੱਤ ਦਰਜ ਕਰੇਗਾ। ਉਧਰ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿਚ ਉਨ੍ਹਾਂ ਦੇ ਅਤੇ ਭਾਜਪਾ ਦੇ ਗਠਜੋੜ ਦੀ ਸਥਿਤੀ ਮਜ਼ਬੂਤ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ 117 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈ ਚੁੱਕੀਆਂ ਹਨ ਅਤੇ ਸਾਰੇ ਉਮੀਦਵਾਰ ਹੁਣ ਅਰਾਮ ਕਰ ਰਹੇ ਹਨ।

 

RELATED ARTICLES
POPULAR POSTS