Breaking News
Home / ਹਫ਼ਤਾਵਾਰੀ ਫੇਰੀ / ਕਾਬੁਲ ‘ਚ ਅੱਤਵਾਦ ਨੇ ਗੁਰੂਘਰ ਕੀਤਾ ਲਹੂ-ਲੁਹਾਣ

ਕਾਬੁਲ ‘ਚ ਅੱਤਵਾਦ ਨੇ ਗੁਰੂਘਰ ਕੀਤਾ ਲਹੂ-ਲੁਹਾਣ

ਅਫਗਾਨਿਸਤਾਨ ‘ਚ ਗੁਰਦੁਆਰਾ ਸਾਹਿਬ ‘ਤੇ ਫਿਦਾਇਨ ਹਮਲਾ, 27 ਦੀ ਗਈ ਜਾਨ
ਕਾਬੁਲ/ਬਿਊਰੋ ਨਿਊਜ਼
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਥਿਤ ਗੁਰਦੁਆਰਾ ਸਾਹਿਬ ‘ਤੇ ਬੁੱਧਵਾਰ ਨੂੰ ਭਾਰੀ ਅਸਲੇ ਨਾਲ ਲੈਸ ਬੰਦੂਕਧਾਰੀ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕਰੀਬ 27 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਸ਼ੋਰ ਬਾਜ਼ਾਰ ਖੇਤਰ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿੱਚ ਸਵੇਰੇ 7.45 (ਸਥਾਨਕ ਸਮੇਂ ਅਨੁਸਾਰ) ਵਜੇ ਹਮਲਾ ਕੀਤਾ। ਉਸ ਵੇਲੇ ਗੁਰਦੁਆਰਾ ਸਾਹਿਬ ਵਿੱਚ 150 ਸ਼ਰਧਾਲੂ ਮੌਜੂਦ ਸਨ। ਗੁਰਦੁਆਰਾ ਸਾਹਿਬ ਤੇ ਹੋਏ ਫਿਦਾਈਨ ਹਮਲੇ ਵਿੱਚ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਤੋਂ ਬਾਅਦ ਅਫ਼ਗਾਨ ਵਿਸ਼ੇਸ਼ ਬਲਾਂ ਤੇ ਹਮਲਾਵਰਾਂ ਵਿਚਾਲੇ ਕਰੀਬ ਛੇ ਘੰਟੇ ਹੋਈ ਗੋਲੀਬਾਰੀ ਤੋਂ ਬਾਅਦ ਸੁਰੱਖਿਆ ਬਲਾਂ ਨੇ ਚਾਰੋਂ ਹਮਲਾਵਰਾਂ ਨੂੰ ਮਾਰ ਦਿੱਤਾ। ਪਹਿਲਾਂ ਵੀ ਸਿੱਖਾਂ ਨੂੰ ਨਿਸ਼ਾਨਾ ਬਣਾ ਚੁੱਕੇ ਆਈਐੱਸਆਈਐੱਸ ਦਹਿਸ਼ਤਗਰਦ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗਰੁੱਪ ਨੇ ਇਕ ਬਿਆਨ ਜਾਰੀ ਕਰਕੇ ਇਹ ਪੁਸ਼ਟੀ ਕੀਤੀ ਹੈ ਕਿ ਉਸ ਦੇ ਮੈਂਬਰਾਂ ਨੇ ਹੀ ਕਾਬੁਲ ਵਿੱਚ ਸਿੱਖਾਂ ‘ਤੇ ਹਮਲਾ ਕੀਤਾ ਹੈ।
ਘਟਨਾ ਸਥਾਨ ਦੀਆਂ ਤਸਵੀਰਾਂ ਵਿੱਚ ਸੁਰੱਖਿਆ ਬਲ ਜ਼ਖ਼ਮੀ ਲੋਕਾਂ ਨੂੰ ਸਟ੍ਰੈਚਰ ‘ਤੇ ਲਿਜਾਂਦੇ ਹੋਏ ਦਿਖ ਰਹੇ ਹਨ। ਅਫ਼ਗਾਨਿਸਤਾਨ ਦੇ ਕੁਝ ਮੀਡੀਆ ਅਦਾਰਿਆਂ ਵੱਲੋਂ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿਚ ਪੀੜਤਾਂ ਦੇ ਪਰਿਵਾਰਕ ਮੈਂਬਰ ਇਕ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ। ਕਾਬੁਲ ਪੁਲੀਸ ਅਨੁਸਾਰ ਗੁਰਦੁਆਰਾ ਸਾਹਿਬ ਵਿੱਚੋਂ ਕਰੀਬ 11 ਬੱਚਿਆਂ ਨੂੰ ਬਚਾਇਆ ਗਿਆ ਹੈ। ਸਿੱਖ ਕਾਨੂੰਨਸਾਜ਼ ਨਰਿੰਦਰ ਸਿੰਘ ਖਾਲਸਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਿਸ ਵੇਲੇ ਇਹ ਹਮਲਾ ਹੋਇਆ, ਉਸ ਵੇਲੇ ਗੁਰਦੁਆਰਾ ਸਾਹਿਬ ਦੇ ਅੰਦਰ ਕਰੀਬ 150 ਲੋਕ ਸਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਫਸੇ ਹੋਏ ਇਕ ਸ਼ਰਧਾਲੂ ਨੇ ਹੀ ਉਨ੍ਹਾਂ ਨੂੰ ਹਮਲੇ ਬਾਰੇ ਸੂਚਨਾ ਦਿੱਤੀ ਸੀ। ਉਹ ਉਸੇ ਵੇਲੇ ਲੋਕਾਂ ਦੀ ਮਦਦ ਲਈ ਨਿਕਲ ਪਏ।
ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਤਾਰੀਕ ਆਰੀਅਨ ਨੇ ਕਿਹਾ, ”ਅਫ਼ਗਾਨ ਬਲਾਂ ਨੇ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ ਖਾਲੀ ਕਰਵਾ ਲਈ ਹੈ। ਗੁਰਦੁਆਰਾ ਸਾਹਿਬ ਅੰਦਰ ਫਸੇ ਕਈ ਲੋਕਾਂ ਨੂੰ ਬਚਾਅ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਇਸ ਦੇਸ਼ ਦੇ ਮੁੱਖ ਅਤਿਵਾਦੀ ਸੰਗਠਨ ‘ਤਾਲਿਬਾਨ’ ਨੇ ਹਮਲੇ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਇਕ ਬਿਆਨ ਵਿੱਚ ਕਿਹਾ ਕਿ ਕਾਬੁਲ ਦੇ ਸ਼ੋਰ ਬਾਜ਼ਾਰ ਖੇਤਰ ਵਿੱਚ ਹੋਏ ਹਮਲੇ ਨਾਲ ਸੰਗਠਨ ਦਾ ਕੋਈ ਸਬੰਧ ਨਹੀਂ ਹੈ।
ਕੈਪਟਨ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਹਮਲੇ ਦੀ ਨਿਖੇਧੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਬੁਲ ਦੇ ਗੁਰਦੁਆਰੇ ‘ਚ ਹੋਏ ਫਿਦਾਈਨ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਕੈਪਟਨ ਨੇ ਟਵੀਟ ਕਰਕੇ ਹਮਲੇ ਨੂੰ ਮੰਦਭਾਗਾ ਅਤੇ ਦਰਦਨਾਕ ਕਰਾਰ ਦਿੱਤਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਕਿਹਾ ਕਿ ਉਹ ਭਾਰਤੀ ਹਾਈ ਕਮਿਸ਼ਨ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ।
ਅਫ਼ਗਾਨਿਸਤਾਨ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਅਫ਼ਗਾਨਿਸਤਾਨ ਦੇ ਗੁਰਦੁਆਰੇ ਵਿਚ ਹੋਏ ਅਤਿਵਾਦੀ ਹਮਲੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਹੋਰਨਾਂ ਨੇ ਨਿੰਦਾ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਫ਼ਗਾਨਿਸਤਾਨ ਵਿਚ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਫ਼ਗਾਨਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਸ ਵੇਲੇ ਜਦੋਂ ਸਮੁੱਚਾ ਵਿਸ਼ਵ ਕਰੋਨਾਵਾਇਰਸ ਨਾਲ ਜੂਝ ਰਿਹਾ ਹੈ, ਉਸ ਵੇਲੇ ਅਫ਼ਗਾਨਿਸਤਾਨ ਦੇ ਗੁਰਧਾਮ ਵਿਚ ਸਿੱਖਾਂ ‘ਤੇ ਕੀਤਾ ਗਿਆ ਹਮਲਾ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸਵੇਰ ਵੇਲੇ ਗੁਰਦੁਆਰੇ ਵਿਚ ਸਿੱਖ ਸੰਗਤ ਰੋਜ਼ਾਨਾ ਦੀ ਅਰਦਾਸ ਲਈ ਇਕੱਠੀ ਹੋਈ ਸੀ, ਜਿਨ੍ਹਾਂ ‘ਤੇ ਹਮਲਾਵਰਾਂ ਨੇ ਪਹਿਲਾਂ ਗੋਲੀਆਂ ਚਲਾਈਆਂ ਤੇ ਮਗਰੋਂ ਬੰਬ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਲਗਪਗ 27 ਸਿੱਖ ਮਾਰੇ ਗਏ ਹਨ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਫ਼ਗਾਨਿਸਤਾਨ ਵਿਚ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉੱਥੋਂ ਦੀ ਸਰਕਾਰ ਨਾਲ ਗੱਲਬਾਤ ਕਰੇ ਅਤੇ ਢੁਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਨੇ ਅਫ਼ਗਾਨਿਸਤਾਨ ਵਿਚ ਵਸਦੇ ਸਿੱਖਾਂ ਨੂੰ ਵੀ ਆਖਿਆ ਕਿ ਉਹ ਆਪਣੇ ਦੇਸ਼ ਦੀ ਸਰਕਾਰ ਨਾਲ ਗੱਲਬਾਤ ਕਰਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਪੀਲ ਕਰਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਫ਼ਗਾਨਿਸਤਾਨ ਵਿਚ ਵਸਦੇ ਸਿੱਖਾਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੀ ਕਾਰਵਾਈ ਕਰੇ।
ਭਾਰਤ ਵੱਲੋਂ ਹਮਲੇ ਦੀ ਨਿਖੇਧੀ
ਨਵੀਂ ਦਿੱਲੀ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਸਾਹਿਬ ‘ਤੇ ਹੋਏ ਦਹਿਸ਼ਤੀ ਹਮਲੇ ਦੀ ਭਾਰਤ ਵੱਲੋਂ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਤੋਂ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ।ਉੱਧਰ, ਵਿਦੇਸ਼ ਮੰਤਰਾਲੇ ਨੇ ਕਿਹਾ, ”ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਭਾਰਤ ਦਿਲੋਂ ਅਫ਼ਸੋਸ ਜ਼ਾਹਿਰ ਕਰਦਾ ਹੈ ਅਤੇ ਜ਼ਖ਼ਮੀ ਹੋਏ ਲੋਕਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦਾ ਹੈ।
ਅਫ਼ਗਾਨਿਸਤਾਨ ਦੇ ਪੀੜਤ ਹਿੰਦੂ ਤੇ ਸਿੱਖ ਪਰਿਵਾਰਾਂ ਨੂੰ ਭਾਰਤ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।” ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਾਬੁਲ ‘ਚ ਹੋਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਕਰੋਨਾ : ਅਮਰੀਕਾ ‘ਚ ਇਟਲੀ ਵਾਲੇ ਹਾਲਾਤ, ਕੈਨੇਡਾ ਤੇ ਭਾਰਤ ‘ਚ ਵੀ ਵਧੀ ਚਿੰਤਾ
ਸੰਸਾਰ ਦੇ ਸਾਰੇ 195 ਮੁਲਕਾਂ ਤੱਕ ਫੈਲਿਆ ਕਰੋਨਾ ਵਾਇਰਸ, 5 ਲੱਖ ਤੋਂ ਵੱਧ ਪੀੜਤ, 23 ਹਜ਼ਾਰ ਤੋਂ ਵੱਧ ਮੌਤਾਂ
ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਅੱਜ ਪੂਰੇ ਵਿਸ਼ਵ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਸਮੁੱਚੇ ਸੰਸਾਰ ਦੇ ਸਾਰੇ 195 ਮੁਲਕ ਅੱਜ ਕਰੋਨਾ ਵਾਇਰਸ ਤੋਂ ਪੀੜਤ ਹਨ। ਖਬਰ ਲਿਖੇ ਜਾਣ ਤੱਕ ਪੂਰੇ ਸੰਸਾਰ ਵਿਚ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 5 ਲੱਖ 10 ਹਜ਼ਾਰ 600 ਨੂੰ ਪਾਰ ਕਰ ਚੁੱਕੀ ਸੀ, ਜਦੋਂਕਿ ਮਰਨ ਵਾਲਿਆਂ ਦਾ ਅੰਕੜਾ ਵੀ 23 ਹਜ਼ਾਰ ਨੂੰ ਟੱਪ ਚੁੱਕਾ ਸੀ। ਇਸ ਵਿਸ਼ਵ ਵਿਆਪੀ ਦਰਦ ਵਿਚ ਰਾਹਤ ਵਾਲੀ ਖਬਰ ਇਹੋ ਸੀ ਕਿ 1 ਲੱਖ 22 ਹਜ਼ਾਰ ਤੋਂ ਵੱਧ ਵਿਅਕਤੀ ਸਿਹਤਯਾਬ ਵੀ ਹੋਏ ਹਨ। ਪਰ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਚੀਨ ਤੇ ਇਟਲੀ ਵਾਲੇ ਹਾਲਾਤ ਹੁਣ ਅਮਰੀਕਾ ‘ਚ ਵੀ ਬਣਦੇ ਜਾ ਰਹੇ ਹਨ। ਇਟਲੀ ‘ਚ ਜਿੱਥੇ ਪੀੜਤਾਂ ਦੀ ਗਿਣਤੀ 80 ਹਜ਼ਾਰ ਨੂੰ ਟੱਪ ਗਈ ਹੈ, ਉਥੇ ਹੀ ਮੌਤ ਦਾ ਅੰਕੜਾ ਵੀ 8 ਹਜ਼ਾਰ ਨੂੰ ਟੱਪ ਗਿਆ। ਦੁਨੀਆ ਦੀ ਸੁਪਰ ਪਾਵਰ ਅਖਵਾਉਣ ਵਾਲੇ ਅਮਰੀਕਾ ‘ਚ ਵੀ 75 ਹਜ਼ਾਰ ਤੋਂ ਵੱਧ ਕਰੋਨਾ ਪੀੜਤ ਮਰੀਜ਼ ਹਨ ਤੇ 1100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਸਪੇਨ, ਇਰਾਨ ਤੇ ਫਰਾਂਸ ‘ਚ ਵੀ ਜਿੱਥੇ ਵੱਡੀ ਗਿਣਤੀ ‘ਚ ਕਰੋਨਾ ਕਾਰਨ ਮੌਤਾਂ ਹੋ ਰਹੀਆਂ ਹਨ, ਉਥੇ ਹੀ ਕੈਨੇਡਾ ਵਿਚ ਜਿੱਥੇ ਪੀੜਤ ਮਰੀਜ਼ਾਂ ਦੀ ਗਿਣਤੀ 3600 ਦੇ ਨੇੜੇ ਪਹੁੰਚ ਗਈ ਹੈ, ਉਥੇ ਹੀ 36 ਤੋਂ ਵਧ ਮੌਤਾਂ ਵੀ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਭਾਰਤ ‘ਚ ਵੀ ਪੀੜਤਾਂ ਦੀ ਗਿਣਤੀ 700 ਨੂੰ ਪਾਰ ਕਰ ਗਈ ਹੈ ਜਦਕਿ ਮੌਤਾਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ।

Check Also

ਕਰੋਨਾ ਕੈਨੇਡਾ ‘ਚ ਆਉਣ ਲੱਗਾ ਕਾਬੂ, ਭਾਰਤ ‘ਚ ਹੋਇਆ ਬੇਕਾਬੂ

ਕੈਨੇਡਾ ਵਿਚ ਇਕ ਹਫ਼ਤੇ ‘ਚ ਪੀੜਤਾਂ ਦੀ ਗਿਣਤੀ ‘ਚ 10 ਹਜ਼ਾਰ ਤੋਂ ਵੀ ਘੱਟ ਦਾ …