ਸੁਰੱਖਿਆ ਖਾਮੀਆਂ ਕਰਕੇ ਰਸਤੇ ‘ਚੋਂ ਵਾਪਸ ਮੁੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਚੰਡੀਗੜ੍ਹ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਗਾਮੀ ਪੰਜਾਬ ਚੋਣਾਂ ਤੋਂ ਪਹਿਲਾਂ ਆਪਣੀ ਤਜਵੀਜ਼ਤ ਫਿਰੋਜ਼ਪੁਰ ਫੇਰੀ ‘ਸੁਰੱਖਿਆ ਵਿੱਚ ਖਾਮੀਆਂ’ ਕਰਕੇ ਅੱਧ ਵਿਚਾਲੇ ਛੱਡ ਕੇ ਦਿੱਲੀ ਮੁੜਨਾ ਪਿਆ। ਬਠਿੰਡਾ ਤੋਂ ਹੁਸੈਨੀਵਾਲਾ ਲਈ ਸੜਕ ਰਸਤੇ ਨਿਕਲੇ ਪ੍ਰਧਾਨ ਮੰਤਰੀ ਨੇ ਪਹਿਲਾਂ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ‘ਚ ਰੈਲੀ ਨੂੰ ਸੰਬੋਧਨ ਕਰਨਾ ਸੀ, ਪਰ ਉਹ ਰਸਤੇ ਵਿਚ ਫਲਾਈਓਵਰ ‘ਤੇ 20 ਮਿੰਟ ਦੇ ਕਰੀਬ ਘਿਰੇ ਰਹੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਪੂਰੇ ਘਟਨਾਕ੍ਰਮ ‘ਤੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕਰਦਿਆਂ ‘ਸੁਰੱਖਿਆ ਵਿੱਚ ਕੁਤਾਹੀ’ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਸਵੇਰੇ ਬਠਿੰਡਾ ਹਵਾਈ ਅੱਡੇ ‘ਤੇ ਉਤਰੇ। ਤਜਵੀਜ਼ਤ ਪ੍ਰੋਗਰਾਮ ਮੁਤਾਬਕ ਪ੍ਰਧਾਨ ਮੰਤਰੀ ਨੇ ਇਥੋਂ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਸਥਿਤ ਕੌਮੀ ਸ਼ਹੀਦੀਯਾਦਗਾਰ ‘ਤੇ ਜਾਣਾ ਸੀ। ਮੀਂਹ ਤੇ ਧੁੰਦ ਕਰਕੇ ਪ੍ਰਧਾਨ ਮੰਤਰੀ ਨੇ ਹਵਾਈ ਅੱਡੇ ‘ਤੇ ਹੀ 20 ਮਿੰਟ ਤੱਕ ਮੌਸਮ ਸਾਫ਼ ਹੋਣ ਦੀ ਉਡੀਕ ਕੀਤੀ। ਜਾਣਕਾਰੀ ਅਨੁਸਾਰ, ”ਜਦੋਂ ਮੌਸਮ ਸਾਫ ਨਾ ਹੋਇਆ ਤਾਂ ਕੌਮੀ ਸ਼ਹੀਦੀ ਯਾਦਗਾਰ ਤੱਕ ਸੜਕੀ ਰਸਤੇ ਜਾਣ ਦਾ ਫੈਸਲਾ ਕੀਤਾ ਗਿਆ। ਇਹ ਫਾਸਲਾ ਦੋ ਘੰਟਿਆਂ ਵਿੱਚ ਤੈਅ ਕੀਤਾ ਜਾਣਾ ਸੀ। ਡੀਜੀਪੀ ਪੰਜਾਬ ਵੱਲੋਂ ਸੁਰੱਖਿਆ ਪ੍ਰਬੰਧਾਂ ਬਾਰੇ ਲੋੜੀਂਦੀ ਪੁਸ਼ਟੀ ਮਗਰੋਂ ਪ੍ਰਧਾਨ ਮੰਤਰੀ ਦਾ ਕਾਫਲਾ ਸੜਕ ਰਸਤੇ ਹੁਸੈਨੀਵਾਲਾ ਲਈ ਨਿਕਲ ਪਿਆ।” ਯਾਦਗਾਰ ਤੋਂ ਕਰੀਬ 30 ਕਿਲੋਮੀਟਰ ਦੂਰ ਮੋਦੀ ਦਾ ਕਾਫ਼ਲਾ ਇਕ ਫਲਾਈਓਵਰ ‘ਤੇ 15 ਤੋਂ 20 ਮਿੰਟ ਤੱਕ ਘਿਰਿਆ ਰਿਹਾ। ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਕੁਤਾਹੀ ਦੱਸੀ ਗਈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਮਗਰੋਂ ਪ੍ਰਧਾਨ ਮੰਤਰੀ ਦੇ ਕਾਫਲੇ ਨੇ ਸ਼ਹੀਦੀ ਯਾਦਗਾਰ ‘ਚ ਰੱਖੇ ਸਮਾਗਮ ‘ਚੋਂ ਬਿਨਾਂ ਹਾਜ਼ਰੀ ਭਰਿਆਂ ਵਾਪਸ ਮੁੜਨ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਫਿਰੋਜ਼ਪੁਰ ਵਿੱਚ ਰੱਖੀ ਚੋਣ ਰੈਲੀ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ। ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਸੁਰੱਖਿਆ ‘ਚ ਕੁਤਾਹੀ ਲਈ ਜ਼ਿੰਮੇਵਾਰੀ ਨਿਰਧਾਰਿਤ ਕਰਨ ਅਤੇ ਸਬੰਧਤਾਂ ਖਿਲਾਫ ਸਖ਼ਤ ਕਾਰਵਾਈ ਲਈ ਕਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਭਿੱਸੀਆਣਾ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਮੋਦੀ ਆਪਣੀ ਫਿਰੋਜ਼ਪੁਰ ਰੈਲੀ ਲਈ ਰਵਾਨਾ ਹੋਏ ਸਨ।
ਆਪਣੇ ਸੀ ਐਮ ਦਾ ਧੰਨਵਾਦ ਕਰਨਾ ਕਿ ਮੈਂ ਬਠਿੰਡਾ ਹਵਾਈਅੱਡੇ ਤੋਂ ਜਿਊਂਦਾ ਮੁੜ ਸਕਿਆ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਪੰਜਾਬ ਫੇਰੀ ਵਿਚਾਲੇ ਛੱਡ ਕੇ ਦਿੱਲੀ ਮੁੜਨ ਦਰਮਿਆਨ ਇਕ ਖਬਰ ਏਜੰਸੀ ਨੇ ਦਾਅਵਾ ਕੀਤਾ ਕਿ ਮੋਦੀ ਨੇ ਵਾਪਸ ਬਠਿੰਡਾ ਪੁੱਜਣ ‘ਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਕਿਹਾ ‘ਆਪਣੇ ਸੀ ਐਮ ਦਾ ਧੰਨਵਾਦ ਕਰਨਾ, ਕਿ ਮੈਂ ਬਠਿੰਡਾ ਹਵਾਈ ਅੱਡੇ ਤੋਂ ਜਿਊਂਦਾ ਮੁੜ ਸਕਿਆ’। ਕਾਂਗਰਸ ਨੇ ਹਾਲਾਂਕਿ ਸਵਾਲ ਕੀਤਾ ਹੈ ਕਿ ਕੀ ਪ੍ਰਧਾਨ ਮੰਤਰੀ ਨੇ ਸੱਚਮੁੱਚ ਹੀ ਏਨੀ ਗੱਲ ਆਖੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …