Breaking News
Home / ਹਫ਼ਤਾਵਾਰੀ ਫੇਰੀ / ਅਮਰੀਕੀ ਹਵਾਈ ਅੱਡੇ ‘ਤੇ ਇਕ ਹੋਰ ਸਿੱਖ ਦੀ ਦਸਤਾਰ ਲੁਹਾਈ

ਅਮਰੀਕੀ ਹਵਾਈ ਅੱਡੇ ‘ਤੇ ਇਕ ਹੋਰ ਸਿੱਖ ਦੀ ਦਸਤਾਰ ਲੁਹਾਈ

us-flag-inverted-740x400-740x400ਕੈਲੀਫੋਰਨੀਆ/ਬਿਊਰੋ ਨਿਊਜ਼
ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਨੌਜਵਾਨ ਨੂੰ ਏਅਰ ਲਾਈਨਜ਼ ਕੰਪਨੀ ਵਲੋਂ ਸੁਰੱਖਿਆ ਦੇ ਨਾਂ ‘ਤੇ ਦਸਤਾਰ ਉਤਾਰਨ ਲਈ  ਕਿਹਾ ਗਿਆ। ਅਮਰੀਕਾ ਵਿਚ ਟੀ.ਵੀ. ਕਲਾਕਾਰ ਵਜੋਂ ਮਸ਼ਹੂਰ ਜਸਮੀਤ ਸਿੰਘ ਜੋ ਕਿ ਇੰਟਰਨੈੱਟ ‘ਤੇ ‘ਜਸਰੇਗਨ’ ਵਜੋਂ ਜਾਣਿਆ ਜਾਂਦਾ ਹੈ ਨੇ ਟਵੀਟ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਾਨ ਫਰਾਂਸਿਸਕੋ ਤੋਂ ਫਲਾਈਟ ਲੈਣ ਸਮੇਂ ਉਸ ਨਾਲ ਇਹ ਘਟਨਾ ਵਾਪਰੀ। ਜਸਮੀਤ ਸਿੰਘ ਅਨੁਸਾਰ ਜਦੋਂ ਉਸ ਨੇ ਫਲਾਈਟ ਵਿਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਸਟਾਫ਼ ਨੇ ਉਸ ਨੂੰ ਰੋਕ ਲਿਆ ਅਤੇ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਲਈ ਕਿਹਾ। ਜਸਮੀਤ ਸਿੰਘ ਅਨੁਸਾਰ ਉਸ ਨੇ ਵਾਰ-ਵਾਰ ਸੁਰੱਖਿਆ ਸਟਾਫ਼ ਨੂੰ ਦਸਤਾਰ ਬਾਰੇ ਦੱਸਿਆ ਪਰ ਉਹ ਉਸ ਦੀ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਹੋਏ। ਉਸ ਨੇ ਦੱਸਿਆ ਕਿ ਦਸਤਾਰ ਉਤਾਰ ਕੇ ਤਲਾਸ਼ੀ ਲੈਣ ਤੋਂ ਬਾਅਦ ਹੀ ਉਸ ਨੂੰ ਫਲਾਈਟ ਵਿਚ ਜਾਣ ਦਿੱਤਾ ਅਤੇ ਜਦੋਂ ਉਸ ਨੇ ਦੁਬਾਰਾ ਦਸਤਾਰ ਬੰਨ੍ਹਣ ਲਈ ਸ਼ੀਸ਼ਾ ਮੰਗਿਆ ਤਾਂ ਅਧਿਕਾਰੀ ਨੇ ਸਾਫ਼ ਨਾਂਹ ਕਰ ਦਿੱਤੀ ਕਿ ਸਾਡੇ ਕੋਲ ਕੋਈ ਸ਼ੀਸ਼ਾ ਨਹੀਂ, ਜਿਸ ਕਾਰਨ ਉਸ ਨੂੰ ਬਿਨਾਂ ਦਸਤਾਰ ਤੋਂ ਹੀ ਰੈਸਟ ਰੂਮ ਤੱਕ ਜਾਣਾ ਪਿਆ। ਦੱਸਣਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਨਾਮੀ ਮਾਡਲ ਵਾਰਿਸ ਆਹਲੂਵਾਲੀਆ ਨੂੰ ਜਹਾਜ਼ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਏਅਰ ਲਾਈਨਜ਼ ਨੇ ਮੁਆਫ਼ੀ ਮੰਗੀ ਸੀ।
ਇਟਲੀ ਵਿਚ ਅੰਮ੍ਰਿਤਧਾਰੀ ਨੌਜਵਾਨ ਨੂੰ ਕ੍ਰਿਪਾਨ ਉਤਾਰਨ ਲਈ ਕੀਤਾ ਮਜਬੂਰ
ਵੀਨਸ : ਇਟਲੀ ਦੀ ਪੁਲਿਸ ਵਲੋਂ ਇਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਕ੍ਰਿਪਾਨ ਲੁਹਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਜਸਪ੍ਰੀਤ ਸਿੰਘ ਨਿਵਾਸੀ ਪਿੰਡ ਧਾਂਦਰਾ ਜ਼ਿਲ੍ਹਾ ਲੁਧਿਆਣਾ ਜਦੋਂ ਇਟਲੀ ਦੇ ਵਿਰੋਨਾ ਜ਼ਿਲ੍ਹੇ ਵਿਚ ਸਥਿਤ ਪੁਲਿਸ ਥਾਣੇ ਦੇ ਇੰਮੀਗ੍ਰੇਸ਼ਨ ਵਿਭਾਗ ਵਿਚ ਆਪਣੇ ਵਰਕ ਪਰਮਿੰਟ ਨੂੰ ਰਿਨਿਊ ਕਰਵਾਉਣ ਸਬੰਧੀ ਵਿਚ ਥਾਣੇ ‘ਚ ਦਾਖ਼ਲ ਹੋਣ ਲੱਗਾ ਤਾਂ ਪੁਲਿਸ ਨੇ ਉਕਤ ਨੌਜਵਾਨ ਨੂੰ ਕ੍ਰਿਪਾਨ ਉਤਾਰਨ ਲਈ ਕਿਹਾ ਪਰ ਜਸਪ੍ਰੀਤ ਸਿੰਘ ਨੇ ਪੰਜ ਕੱਕਾਰਾਂ ਦਾ ਹਵਾਲਾ ਦੇ ਕੇ ਪੁਲਿਸ ਅਧਿਕਾਰੀਆਂ ਨੂੰ ਸਮਝਾਇਆ ਕਿ ਇਕ ਅੰਮ੍ਰਿਤਧਾਰੀ ਸਿੱਖ ਵਿਅਕਤੀ ਕ੍ਰਿਪਾਨ ਨੂੰ ਆਪਣੇ ਸਰੀਰ ਤੋਂ ਵੱਖ ਨਹੀਂ ਕਰ ਸਕਦਾ ਪਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਟਲੀ ਵਿਚ ਕ੍ਰਿਪਾਨ ਪਾ ਕੇ ਤੁਰਨ-ਫਿਰਨ ਦੀ ਇਜਾਜ਼ਤ ਨਹੀਂ ਹੈ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਹਾਲੇ 8 ਮਹੀਨੇ ਪਹਿਲਾਂ ਹੀ ਇਟਲੀ ਪਹੁੰਚਿਆ ਹੈ। ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਟਲੀ ਵਿਚ ਜਨਤਕ ਥਾਵਾਂ ‘ਤੇ ਕ੍ਰਿਪਾਨ ਪਹਿਨ ਕੇ ਚੱਲਣ ਫਿਰਨ ਦੀ ਇਜਾਜ਼ਤ ਨਹੀਂ ਹੈ। ਦੱਸਣਯੋਗ ਹੈ ਕਿ ਇਟਲੀ ਵਿਚ ਸਿੱਖ ਧਰਮ ਨੂੰ ਹਾਲੇ ਤੱਕ ਕਾਨੂੰਨੀ ਤੌਰ ‘ਤੇ ਮਾਨਤਾ ਨਹੀਂ ਮਿਲੀ ਹੈ ਜਿਸ ਕਾਰਨ ਬੀਤੇ ਕੁਝ ਸਾਲਾਂ ਤੋਂ ਇੱਥੋਂ ਦੇ ਪ੍ਰਮੁੱਖ ਹਵਾਈ ਅੱਡਿਆਂ ‘ਤੇ ਸੁਰੱਖਿਆ ਅਧਿਕਾਰੀਆਂ ਦੁਆਰਾ ਸਿੱਖ ਵਿਅਕਤੀਆਂ ਦੀ ਅਕਸਰ ਦਸਤਾਰ ਲੁਹਾਈ ਜਾਂਦੀ ਰਹੀ ਹੈ ਪਰ ਹੁਣ ਕ੍ਰਿਪਾਨ ਲੁਹਾਏ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …