ਸਿੱਖ ਨੌਜਵਾਨ ਨੂੰ ਵਾਲ਼ਾਂ ਤੋਂ ਫੜ ਕੇ ਘੜੀਸਿਆ ਗਿਆ ਅਤੇ ਜੁੱਤੀ ’ਚ ਪਿਲਾਇਆ ਗਿਆ ਪਾਣੀ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਅੰਮਿ੍ਰਤਸਰ ਜ਼ਿਲ੍ਹੇ ’ਚ ਉਧਾਰ ਦਿੱਤੇ ਗਏ ਪੈਸੇ ਵਾਪਸ ਮੰਗਣ ’ਤੇ ਇਕ ਸਿੱਖ ਨੌਜਵਾਨ ਨੂੰ ਪਹਿਲਾਂ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਫਿਰ ਉਸ ਨੂੰ ਜੁੱਤੀ ਨਾਲ ਪਾਣੀ ਪਿਲਾਇਆ ਗਿਆ। ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਸੁੱਖਾ ਸਿੰਘ ਜੰਡਿਆਲਾ ਗੁਰੂ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਿਹਾ ਹੈ। ਉਧਰ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜੰਡਿਆਲਾ ਗੁਰੂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਨੌਜਵਾਨ ਸੁੱਖਾ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਪਿੰਡ ਦੇ ਇਕ ਪਰਿਵਾਰ ਨੇ ਉਨ੍ਹਾਂ ਕੋਲੋਂ ਢਾਈ ਲੱਖ ਰੁਪਏ ਉਧਾਰ ਲਏ ਸਨ। ਜਦੋਂ ਮੈਂ ਉਨ੍ਹਾਂ ਤੋਂ ਪੈਸੇ ਵਾਪਸ ਮੰਗਣ ਲੱਗਿਆ ਤਾਂ ਉਹ ਟਾਲ-ਮਟੋਲ ਕਰਦੇ ਰਹੇ। ਲੰਘੇ ਦਿਨੀਂ ਉਸ ਨੂੰ ਅੰਮਿ੍ਰਤਸਰ ਤੋਂ ਅਗਵਾ ਕਰਕੇ ਜੰਡਿਆਲਾ ਗੁਰੂ ਲਿਜਾਇਆ ਗਿਆ ਜਿੱਥੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਅੰਮਿ੍ਰਤਧਾਰੀ ਸੁੱਖਾ ਸਿੰਘ ਨੂੰ ਵਾਲ਼ਾਂ ਤੋਂ ਫੜ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਇਕ ਮਹਿਲਾ ਨੇ ਜੁੱਤੀ ਵਿਚ ਪਾ ਕੇ ਪਾਣੀ ਪਿਲਾਇਆ ਗਿਆ। ਨੌਜਵਾਨ ਨਾਲ ਕੁੱਟਮਾਰ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।