ਪਤੀ ਦਿਨਕਰ ਗੁਪਤਾ ਪਹਿਲਾਂ ਹੀ ਪੰਜਾਬ ਦੇ ਡੀ.ਜੀ.ਪੀ.- ਹੁਣ ਪਤਨੀ ਵਿੰਨੀ ਮਹਾਜਨ ਨੂੰ ਬਣਾਇਆ ਮੁੱਖ ਸਕੱਤਰ
ਵਿੰਨੀ ਮਹਾਜਨ ਨੂੰ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਬਣਨ ਦਾ ਮਿਲਿਆ ਮਾਣ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸਾਸ਼ਕੀ ਫੇਰਬਦਲ ਕਰਦਿਆਂ 1987 ਬੈਚ ਦੀ ਆਈ.ਏ.ਐੱਸ. ਅਧਿਕਾਰੀ ਸ੍ਰੀਮਤੀ ਵਿੰਨੀ ਮਹਾਜਨ ਨੂੰ ਸੂਬੇ ਦੀ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ। ਇਸੇ ਦੌਰਾਨ ਮੌਜੂਦਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਪ੍ਰਸ਼ਾਸਕੀ ਸੁਧਾਰ ਵਿਭਾਗ ਦਾ ਵਿਸ਼ੇਸ਼ ਮੁੱਖ ਸਕੱਤਰ ਲਗਾਇਆ ਗਿਆ ਹੈ। ਵਿੰਨੀ ਮਹਾਜਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਧਰਮ ਪਤਨੀ ਹਨ ਅਤੇ ਹੁਣ ਸੂਬੇ ਦੀ ਤਾਕਤ ਇਕ ਹੀ ਪਰਿਵਾਰ ਕੋਲ ਚਲੀ ਗਈ ਹੈ। ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਦਾ ਅਹੁਦਾ ਸੰਭਾਲਣ ਦਾ ਮਾਣ ਵੀ ਵਿੰਨੀ ਮਹਾਜਨ ਨੂੰ ਹੀ ਮਿਲਿਆ ਹੈ।
ਧਿਆਨ ਰਹੇ ਕਿ ਕਰਨ ਅਵਤਾਰ ਸਿੰਘ ਮੀਟਿੰਗ ਦੌਰਾਨ ਮੰਤਰੀਆਂ ਨਾਲ ਖਹਿਬੜਣ ਕਰਕੇ ਚਰਚਾ ਵਿੱਚ ਆ ਗਏ ਸਨ। ਮਨਪ੍ਰੀਤ ਬਾਦਲ, ਚਰਨਜੀਤ ਚੰਨੀ ਸਮੇਤ ਹੋਰ ਮੰਤਰੀਆਂ ਨੇ ਵੀ ਕਰਨ ਅਵਤਾਰ ਦੀ ਮੌਜੂਦਗੀ ਵਾਲੀ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸੁਲ੍ਹਾ ਵੀ ਕਰਵਾ ਦਿੱਤੀ ਸੀ ਪਰ ਹੁਣ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਕਰਨ ਅਵਤਾਰ ਸਿੰਘ ਛੇਤੀ ਹੀ ਰਿਟਾਇਰਡ ਹੋਣ ਵਾਲੇ ਹਨ, ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਬਦਲ ਦਿੱਤਾ ਗਿਆ।