Breaking News
Home / ਪੰਜਾਬ / ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਵੀ ਕਿਸਾਨਾਂ ਦੇ ਹੀ ਪੁੱਤ

ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਵੀ ਕਿਸਾਨਾਂ ਦੇ ਹੀ ਪੁੱਤ

ਵਿਦੇਸ਼ਾਂ ਦੀ ਸੈਰ ਕਰਨ ਵਾਲੇ ਮੋਦੀ ਆਪਣੇ ਦੇਸ਼ ਦੇ ਕਿਸਾਨਾਂ ਨਾਲ ਕਿਉਂ ਨਹੀਂ ਕਰ ਰਹੇ ਗੱਲ : ਪ੍ਰਿਅੰਕਾ
ਲਖਨਊ/ਬਿਊਰੋ ਨਿਊਜ਼ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਨਿਰਾਦਰ ਕੀਤਾ ਹੈ। ਸਰਕਾਰ ਵਿਚਲੇ ਮੰਤਰੀ ਕਿਸਾਨਾਂ ਨੂੰ ‘ਗੱਦਾਰ’ ਦੱਸਦੇ ਹਨ। ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਕਿਸਾਨਾਂ ਦੇ ਹੀ ਪੁੱਤ ਹਨ।
ਯੂਪੀ ਦੇ ਬਿਜਨੌਰ ‘ਚ ‘ਕਿਸਾਨ ਪੰਚਾਇਤ’ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਸੰਸਦ ਵਿੱਚ ਕਿਸਾਨਾਂ ਦਾ ਮਖੌਲ ਉਡਾਇਆ ਜਾ ਰਿਹੈ ਤੇ ਮੰਤਰੀ ਤਾਂ ਉਨ੍ਹਾਂ ਨੂੰ ‘ਗੱਦਾਰ’ ਤੱਕ ਦੱਸਦੇ ਹਨ। ਪ੍ਰਿਅੰਕਾ ਨੇ ਮਗਰੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ। ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਪ੍ਰਿਅੰਕਾ ਨੇ ਕਿਹਾ, ‘ਅੱਜ ਜਿਹੜਾ ਕਿਸਾਨ ਤੁਹਾਡੀਆਂ ਦਰਾਂ ‘ਤੇ ਖੜ੍ਹਾ ਹੈ, ਉਹਦਾ ਪੁੱਤ ਦੇਸ਼ ਦੀ ਸਰਹੱਦਾਂ ‘ਤੇ ਖੜ੍ਹਾ ਹੈ। ਜਿਹੜੇ ਕਿਸਾਨ ਦਾ ਤੁਸੀਂ ਨਿਰਾਦਰ ਕਰ ਰਹੇ ਹੋ, ਉਹਦਾ ਪੁੱਤ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਿਹਾ ਹੈ। ਉਨ੍ਹਾਂ (ਕਿਸਾਨਾਂ) ਨੂੰ ‘ਅੰਦੋਲਨਜੀਵੀ’ ਤੇ ‘ਪਰੀਜੀਵੀ’ ਦਾ ਨਵਾਂ ਨਾਮ ਦਿੱਤਾ ਗਿਆ ਹੈ। ਤੁਸੀਂ ਸਾਰੇ ‘ਪਰੀਜੀਵੀ’ ਦਾ ਮਤਲਬ ਜਾਣਦੇ ਹੋ। ਤੁਹਾਡੇ ਮੰਤਰੀ ਕਿਸਾਨਾਂ ਨੂੰ ਗੱਦਾਰ ਆਖ ਰਹੇ ਹਨ।’
ਪ੍ਰਿਅੰਕਾ ਨੇ ਵਿਵਾਦਿਤ ਬਿਆਨ ਦੇਣ ਵਾਲੇ ਹਰਿਆਣਾ ਦੇ ਖੇਤੀ ਮੰਤਰੀ ਜੈਪ੍ਰਕਾਸ਼ ਦਲਾਲ ਦੀ ਵੀ ਤਿੱਖੀ ਨੁਕਤਾਚੀਨੀ ਕੀਤੀ। ਪ੍ਰਿਅੰਕਾ ਨੇ ਕਿਸਾਨਾਂ ਦੀ ‘ਸ਼ਹਾਦਤ’ ਬਾਰੇ ਕਿਹਾ, ‘ਆਪਣੇ ਹੱਕਾਂ ਲਈ ਸੰਘਰਸ਼ ਕਰਦਿਆਂ ‘ਸ਼ਹਾਦਤ’ ਦਾ ਜਾਮ ਪੀਣ ਵਾਲੇ ਖਿਲਾਫ ਉਂਗਲ ਚੁੱਕਣ ਦਾ ਕਿਸੇ ਨੂੰ ਵੀ ਹੱਕ ਨਹੀਂ ਹੈ…ਫਿਰ ਚਾਹੇ ਇਹ ਪ੍ਰਧਾਨ ਮੰਤਰੀ ਹੋਣ ਜਾਂ ਹੋਰ ਕੋਈ ਮੰਤਰੀ।’ ਪ੍ਰਿਯੰਕਾ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਨਹੀਂ ਬਲਕਿ ਪ੍ਰਧਾਨ ਮੰਤਰੀ ਦੇ ਪੂੰਜੀਪਤੀ ਦੋਸਤਾਂ ਲਈ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਰ੍ਹਦਿਆਂ ਪ੍ਰਿਯੰਕਾ ਨੇ ਕਿਹਾ, ‘ਪ੍ਰਧਾਨ ਮੰਤਰੀ ਅਮਰੀਕਾ ਜਾ ਕੇ ਟਰੰਪ (ਸਾਬਕਾ ਅਮਰੀਕੀ ਸਦਰ) ਲਈ ਇਕੱਠ ਕਰ ਸਕਦੇ ਹਨ, ਚੀਨ ਤੇ ਪਾਕਿਸਤਾਨ ਜਾ ਸਕਦੇ ਹਨ ਤੇ ਅਜਿਹਾ ਕੋਈ ਮੁਲਕ ਨਹੀਂ ਜਿੱਥੇ ਉਹ ਨਹੀਂ ਗਏ। ਪਰ ਤੁਸੀਂ ਆਪਣੇ ਘਰ ਤੋਂ ਥੋੜ੍ਹੀ ਦੂਰ ਬੈਠੇ ਕਿਸਾਨਾਂ ਨੂੰ ਜਾ ਕੇ ਨਹੀਂ ਮਿਲ ਸਕਦੇ, ਜੋ ਇਹ ਆਖ ਰਹੇ ਹਨ ਕਿ ਸਾਡੇ ਨਾਲ ਆ ਕੇ ਗੱਲ ਕਰੋ।’

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …