18 C
Toronto
Monday, September 15, 2025
spot_img
Homeਪੰਜਾਬਸਿਮਰਜੀਤ ਬੈਂਸ ਨੇ ਸਿੱਖਿਆ ਵਿਭਾਗ ਦਾ ਕਲਰਕ 70,000 ਰੁਪਏ ਰਿਸ਼ਵਤ ਲੈਂਦਾ ਫੜਿਆ

ਸਿਮਰਜੀਤ ਬੈਂਸ ਨੇ ਸਿੱਖਿਆ ਵਿਭਾਗ ਦਾ ਕਲਰਕ 70,000 ਰੁਪਏ ਰਿਸ਼ਵਤ ਲੈਂਦਾ ਫੜਿਆ

ਬੈਂਸ ਨੇ ਮੌਕੇ ‘ਤੇ ਵਾਪਸ ਕਰਵਾਏ ਪੈਸੇ
ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਤੇ ਮੁਖੀ ਸਿਮਰਜੀਤ ਬੈਂਸ ਨੇ ਇੱਕ ਵਾਰ ਫਿਰ ਸਟਿੰਗ ਅਪਰੇਸ਼ਨ ਕਰ ਕੇ ਸਿੱਖਿਆ ਵਿਭਾਗ ਦੇ ਇੱਕ ਮੁਲਾਜ਼ਮ ਨੂੰ ਦੋ ਅਧਿਕਾਰੀਆਂ ਲਈ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਧਾਇਕ ਬੈਂਸ ਨੇ ਦੱਸਿਆ ਕਿ ਇਹ ਕਲਰਕ ਡਿਪਟੀ ਡੀਈਓ ਕੁਲਦੀਪ ਸਿੰਘ ਅਤੇ ਵਿਭਾਗ ਦੇ ਲੀਗਲ ਐਡਵਾਈਜ਼ਰ ਹਰਵਿੰਦਰ ਸਿੰਘ ਲਈ ਪੈਸੇ ਮੰਗ ਰਿਹਾ ਸੀ। ਉਨ੍ਹਾਂ ਮੁਤਾਬਕ ਸਿੱਖਿਆ ਵਿਭਾਗ ਦੇ ਕੁਝ ਅਧਿਕਾਰੀ ਪਹਿਲਾਂ ਸਕੂਲ ਖ਼ਿਲਾਫ਼ ਫਰਜ਼ੀ ਸ਼ਿਕਾਇਤਾਂ ਕਰਵਾਉਂਦੇ ਹਨ ਤੇ ਫਿਰ ਸ਼ਿਕਾਇਤ ਬੰਦ ਕਰਨ ਦੇ ਨਾਂ ‘ਤੇ ਰਿਸ਼ਵਤ ਮੰਗੀ ਜਾਂਦੀ ਹੈ ਤੇ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਪੱਖੋਵਾਲ ਰੋਡ ‘ਤੇ ਸਥਿਤ ਜੀਪੀਐੱਲ ਅਕੈਡਮੀ ਨਾਲ ਸਬੰਧਤ ਜਸਪ੍ਰੀਤ ਸਿੰਘ ਨੇ ਵਿਧਾਇਕ ਬੈਂਸ ਨੂੰ ਸ਼ਿਕਾਇਤ ਦਿੰਦਿਆਂ ਦੋਸ਼ ਲਾਇਆ ਸੀ ਕਿ ਸਿੱਖਿਆ ਵਿਭਾਗ ਦੇ ਕੁਝ ਅਧਿਕਾਰੀ ਉਨ੍ਹਾਂ ਦੇ ਸਕੂਲ ਦੀ ਸ਼ਿਕਾਇਤ ਬੰਦ ਕਰਨ ਲਈ 50 ਹਜ਼ਾਰ ਰੁਪਏ ਰਿਸ਼ਵਤ ਮੰਗ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦੋ ਮਹੀਨਿਆਂ ਤੋਂ ઠਉਨ੍ਹਾਂ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਹੈ ਤੇ ਪੈਸੇ ਨਾ ਦੇਣ ਕਾਰਨ ਡਿਪਟੀ ਡੀਈਓ ਕੁਲਦੀਪ ਸਿੰਘ ਨੇ ਜੁਰਮਾਨਾ ਲਗਾ ਕੇ ਪੈਸੇ 70 ਹਜ਼ਾਰ ਰੁਪਏ ਕਰ ਦਿੱਤੇ ਹਨ। ਵਿਧਾਇਕ ਬੈਂਸ ਨੇ ਦੱਸਿਆ ਕਿ ਮਾਮਲੇ ਬਾਰੇ ਪਤਾ ਲੱਗਣ ‘ਤੇ ਉਨ੍ਹਾਂ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਨੂੰ ਨੋਟਾਂ ਦੇ ਨੰਬਰ ਨੋਟ ਕਰ ਕੇ 70 ਹਜ਼ਾਰ ਰੁਪਏ ਦੇ ਕੇ ਮੌਕੇ ‘ਤੇ ਭੇਜ ਦਿੱਤਾ। ਮੌਕੇ ‘ਤੇ ਡਿਪਟੀ ਡੀਈਓ ਕੁਲਦੀਪ ਸਿੰਘ ਨੇ ਪੈਸੇ ਲੈਣ ਲਈ ਆਪਣੇ ਕਲਰਕ ਅਮਿਤ ਨੂੰ ਭੇਜਿਆ।
ਉਸ ਨੇ ਸ਼ਿਕਾਇਤ ਕਰਨ ਵਾਲੇ ਨੂੰ ਈਐੱਸਆਈ ਹਸਪਤਾਲ ਨੇੜੇ ਬੁਲਾਇਆ, ਜਿੱਥੇ ਮੌਕੇ ‘ਤੇ ਵਿਧਾਇਕ ਬੈਂਸ ਵੀ ਆਪਣੀ ਟੀਮ ਨਾਲ ਪੁੱਜ ਗਏ। ਉਨ੍ਹਾਂ ਅਮਿਤ ਦੀ ਜੇਬ ਵਿੱਚੋਂ ਮੌਕੇ ‘ਤੇ 70 ਹਜ਼ਾਰ ਰੁਪਏ ਬਰਾਮਦ ਕਰ ਲਏ ਤੇ ਨੋਟਾਂ ਦੇ ਨੰਬਰ ਮਿਲਾ ਕੇ ਸ਼ਿਕਾਇਤਕਰਤਾ ਨੂੰ ਵਾਪਸ ਦੇ ਦਿੱਤੇ। ਸ਼ਿਕਾਇਤਕਰਤਾ ਜਸਪ੍ਰੀਤ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਸਕੂਲ ‘ਚ ਦੋ ਫਰਜ਼ੀ ਪੱਤਰਕਾਰ ਆਏ ਤੇ ਡਿਪਟੀ ਡੀਈਓ ਕੁਲਦੀਪ ਸਿੰਘ ਨੂੰ ਸਕੂਲ ਦੀ ਸ਼ਿਕਾਇਤ ਦੇ ਦਿੱਤੀ।
ਗਲਤ ਦੋਸ਼ ਲਾਏ ਜਾ ਰਹੇ ਹਨ: ਡਿਪਟੀ ਡੀਈਓ
ਡਿਪਟੀ ਡੀਈਓ ਕੁਲਦੀਪ ਸਿੰਘ ਨੇ ਦੱਸਿਆ ਕਿ ਸਕੂਲ ਸਬੰਧੀ ਸ਼ਿਕਾਇਤਾਂ ਮਿਲਣ ਕਾਰਨ ਸਕੂਲ ਦੀ ਚੈਕਿੰਗ ਕੀਤੀ ਗਈ ਸੀ, ਜਿਨ੍ਹਾਂ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਸਕੂਲ ਬੰਦ ਕਰਨ ਲਈ ਕਿਹਾ ਗਿਆ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੈਸੇ ਲੈਣ-ਦੇਣ ਬਾਰੇ ਕੁਝ ਪਤਾ ਨਹੀਂ, ਉਨ੍ਹਾਂ ‘ਤੇ ਗਲਤ ਦੋਸ਼ ਲਾਏ ਜਾ ਰਹੇ ਹਨ। ਐੱਲਏ ਹਰਵਿੰਦਰ ਸਿੰਘ ਨੇ ਕਿਹਾ ਕਿ ਉਹ ਡਿਪਟੀ ਡੀਈਓ ਨਾਲ ਸਕੂਲ ਦੀ ਚੈਕਿੰਗ ‘ਤੇ ਗਏ ਸਨ ਤੇ ਸਕੂਲ ਬੰਦ ਕਰਨ ਲਈ ਕਿਹਾ ਸੀ, ਪਰ ਪੈਸਿਆਂ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ।

RELATED ARTICLES
POPULAR POSTS