
ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਮਤਾ ਕੀਤਾ ਗਿਆ ਪਾਸ
ਮੋਗਾ/ਬਿਊਰੋ ਨਿਊਜ਼ : ਮੋਗਾ ’ਚ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਮਹਾਂ ਪੰਚਾਇਤ ਵਿਚ ਅੱਜ ਵੱਡਾ ਫੈਸਲਾ ਲਿਆ ਗਿਆ। ਮਹਾਂ ਪੰਚਇਤ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਹਿਯੋਗ ਲਈ ਇਕਜੁੱਟ ਹੋਣ ਲਈ ਮਤਾ ਪਾਸ ਕੀਤਾ ਗਿਆ। ਭਲਕੇ ਸ਼ੁੱਕਰਵਾਰ ਨੂੰ 101 ਕਿਸਾਨਾਂ ਦਾ ਜਥਾ ਛੇ ਮੈਂਬਰੀ ਕਮੇਟੀ ਦੇ ਨਾਲ ਖਨੌਰੀ ਬਾਰਡਰ ’ਤੇ ਜਾਵੇਗਾ, ਜਿੱਥੇ ਮੋਰਚੇ ਦੇ ਆਗੂਆਂ ਕੋਲ ਇਕਜੁੱਟਤਾ ਵਾਲਾ ਮਤਾ ਰੱਖਿਆ ਜਾਵੇਗਾ। ਇਸ ਤੋਂ ਬਾਅਦ 15 ਜਨਵਰੀ ਨੂੰ ਇਕਜੁੱਟਤਾ ਦੇ ਲਈ ਪਟਿਆਲਾ ’ਚ ਮੀਟਿੰਗ ਕੀਤੀ ਜਾਵੇਗੀ ਅਤੇ ਸੰਘਰਸ਼ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ। ਮਹਾਂ ਪੰਚਾਇਤ ਦੇ ਮੰਚ ਤੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਖਿਲਾਫ ਕੋਈ ਵੀ ਕਿਸਾਨ ਆਗੂ ਬਿਆਨਬਾਜ਼ੀ ਨਹੀਂ ਕਰੇਗਾ। ਇਸ ਤੋਂ ਇਲਾਵਾ ਮਹਾਂ ਪੰਚਾਇਤ ਦੌਰਾਨ ਆਉਂਦੀ 13 ਜਨਵਰੀ ਨੂੰ ਤਹਿਸੀਲ ਪੱਧਰ ’ਤੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਨਵੀਂ ਖੇਤੀ ਪਾਲਿਸੀ ਦੇ ਡਰਾਫਟ ਦੀਆਂ ਕਾਪੀਆਂ ਸਾੜਗੀਆਂ ਅਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ।

