ਇਕ ਨਸ਼ੇੜੀ ਦੀ ਮੌਤ ਮਗਰੋਂ ਹਨੂਮਾਨਗੜ੍ਹ ਜੇਲ੍ਹ ਪ੍ਰਸ਼ਾਸਨ ਡਰਿਆ; ਨਸ਼ੇੜੀਆਂ ਲਈ ਦਲੀਏ ਤੇ ਜੂਸ ਦਾ ਪ੍ਰਬੰਧ
ਬਠਿੰਡਾ/ਬਿਊਰੋ ਨਿਊਜ਼
ਪੰਜਾਬ ਦੇ ਨਸ਼ੇੜੀਆਂ ਨੇ ਹਨੂਮਾਨਗੜ੍ਹ ਜੇਲ੍ਹ ਦੇ ਅਫ਼ਸਰਾਂ ਦੇ ਸਾਹ ਸੁਕਾ ਦਿੱਤੇ ਹਨ, ਜਿਸ ਕਾਰਨ ਉਹ ਨਸ਼ੇੜੀਆਂ ਦੀ ਟਹਿਲ ਸੇਵਾ ਵਿੱਚ ਜੁਟ ਗਏ ਹਨ। ਬੀਕਾਨੇਰ ਹਸਪਤਾਲ ਵਿੱਚ ਭਰਤੀ ਇੱਕ ਨਸ਼ੇੜੀ ਦੀ ਮੌਤ ਮਗਰੋਂ ਜੇਲ੍ਹ ਪ੍ਰਸ਼ਾਸਨ ਘਬਰਾਹਟ ਵਿੱਚ ਹੈ। ਰਾਜਸਥਾਨ ਪੁਲਿਸ ਨੇ 21 ਜੁਲਾਈ ਨੂੰ ਇੱਕ ਲਗਜ਼ਰੀ ਬੱਸ ਫੜੀ ਸੀ, ਜਿਸ ਵਿੱਚ ਪੰਜਾਬ ਦੇ 57 ਨਸ਼ੇੜੀ ਤੇ ਛੋਟੇ ਤਸਕਰ ਸਵਾਰ ਸਨ। ਪੀਲੀ ਬੰਗਾਂ ਥਾਣੇ ਵਿੱਚ ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹੁਣ ਇਹ ਸਾਰੇ ਨਸ਼ੇੜੀ ਹਨੂਮਾਨਗੜ੍ਹ ਜੇਲ੍ਹ ਵਿੱਚ ਬੰਦ ਹਨ, ਜਿਨ੍ਹਾਂ ਵਿੱਚ 10 ਔਰਤਾਂ ਵੀ ਸ਼ਾਮਲ ਹਨ। ਬਜ਼ੁਰਗ ਨਸ਼ੇੜੀ ਜੇਲ੍ਹ ਵਿੱਚ ਨਸ਼ੇ ਦੀ ਤੋਟ ਕਾਰਨ ਬਿਮਾਰ ਪੈ ਗਏ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਇਕ ਨਸ਼ੇੜੀ ਨੂੰ ਬੀਕਾਨੇਰ ਹਸਪਤਾਲ ਭੇਜਿਆ ਗਿਆ ਸੀ, ਜਿਸ ਦੀ ਮੌਤ ਹੋ ਗਈ। ਜੇਲ੍ਹ ਪ੍ਰਸ਼ਾਸਨ 20 ਦੇ ਕਰੀਬ ਨਸ਼ੇੜੀਆਂ ਨੂੰ ਹਨੂਮਾਨਗੜ੍ਹ ਦੇ ਜ਼ਿਲ੍ਹਾ ਹਸਪਤਾਲ ਵਿੱਚ ਲਿਜਾ ਚੁੱਕਾ ਹੈ। ਜਾਣਕਾਰੀ ਅਨੁਸਾਰ ਪੰਜਾਬੀ ਨਸ਼ੇੜੀਆਂ ਨੂੰ ਭੁੱਖ ਨਹੀਂ ਲੱਗ ਰਹੀ ਅਤੇ ਉਨ੍ਹਾਂ ਨੇ ਰੋਟੀ ਪਾਣੀ ਬੰਦ ਕੀਤਾ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਦਲੀਆ ਤੇ ਜੂਸ ਦਿੱਤਾ ਜਾ ਰਿਹਾ ਹੈ। ਸਿਹਤ ਵਿਗੜਨ ਡਰੋਂ ਇਨ੍ਹਾਂ ਨੂੰ ਜੇਲ੍ਹ ਦੀ ਕੰਟੀਨ ਵਿਚੋਂ ਖਾਣ ਪੀਣ ਦਾ ਸਾਮਾਨ ਲੈ ਕੇ ਦੇ ਦਿੱਤਾ ਜਾ ਰਿਹਾ ਹੈ। ਜੇਲ੍ਹ ਡਾਕਟਰ ઠਨੂੰ ਨਸ਼ੇੜੀਆਂ ਦੀ ਵਿਸ਼ੇਸ਼ ਨਿਗਰਾਨੀ ਉਤੇ ਲਾਇਆ ਗਿਆ ਹੈ। ਡਾਕਟਰ ਵੱਲੋਂ ਰਾਤ ਨੂੰ ਨਸ਼ੇੜੀਆਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਸੌਂ ਸਕਣ। ਜਿਹੜੇ ਸੱਤ ਨਸ਼ੇੜੀ ਪੁਲਿਸ ਰਿਮਾਂਡ ‘ਤੇ ਰਹੇ ਸਨ, ਉਨ੍ਹਾਂ ਦੀ ਤਬੀਅਤ ਹਾਲੇ ਠੀਕ ਨਹੀਂ ਹੋਈ ਹੈ। ਇਹ ਨਸ਼ੇੜੀ ਰਾਜਸਥਾਨ ਵਿਚੋਂ ਪੋਸਤ ਲੈਣ ਗਏ ਸਨ ਅਤੇ ਇਨ੍ਹਾਂ ਨੇ ਇੱਕ ਲਗਜ਼ਰੀ ਬੱਸ ਕਿਰਾਏ ‘ਤੇ ਕੀਤੀ ਹੋਈ ਸੀ। ਇਨ੍ਹਾਂ ਦੇ ਰਿਸ਼ਤੇਦਾਰ ਜੇਲ੍ਹ ਵਿੱਚ ਮੁਲਾਕਾਤ ਲਈ ਵੀ ਆਏ ਹਨ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਨਸ਼ੇੜੀ ਨਸ਼ੇ ਨੇ ਭੰਨੇ ਹੋਏ ਹਨ। ਰਾਜਸਥਾਨ ਸਰਕਾਰ ਵੱਲੋਂ ਨਸ਼ੇੜੀਆਂ ਦੇ ਇਲਾਜ ਲਈ ‘ਨਵਾਂ ਸਵੇਰਾ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਹੁਣ ਸਿਹਤ ਵਿਭਾਗ ਨੂੰ ਪੱਤਰ ਲਿਖਿਆ ਹੈ ਕਿ ਇਨ੍ਹਾਂ ਨਸ਼ੇੜੀਆਂ ਲਈ ਨਸ਼ਾ ਛੁਡਾਊ ਕੈਂਪ ਦਾ ਪ੍ਰਬੰਧ ਕੀਤਾ ਜਾਵੇ। ਹਨੂਮਾਨਗੜ੍ਹ ਜੇਲ੍ਹ ਵਿੱਚ ਇਨ੍ਹਾਂ ਨਸ਼ੇੜੀਆਂ ਨੇ ਭੀੜ ਕਰ ਦਿੱਤੀ ਹੈ। ਹਨੂਮਾਨਗੜ੍ਹ ਜੇਲ੍ਹ ਦੀ ਸਮਰੱਥਾ ਸਿਰਫ਼ 160 ਬੰਦੀਆਂ ਦੀ ਹੈ ਜਦੋਂ ਕਿ ਜੇਲ੍ਹ ਵਿੱਚ 300 ਦੇ ਕਰੀਬ ਬੰਦੀ ਹਨ। ਪੰਜਾਬ ਦੇ 57 ਨਸ਼ੇੜੀਆਂ ਦੇ ਜੇਲ੍ਹ ਵਿੱਚ ਆਉਣ ਤੋਂ ਪਹਿਲਾਂ ਕੁਝ ਬੰਦੀ ਬੀਕਾਨੇਰ ਜੇਲ੍ਹ ਵਿਚ ਸ਼ਿਫਟ ਕੀਤੇ ਗਏ ਸਨ।
ਜੇਲ੍ਹ ਸੁਪਰਡੈਂਟ ਰਾਜਮਹਿੰਦਰ ਬਿਸ਼ਨੋਈ ਨੇ ਕਿਹਾ ਕਿ ਜੋ ਨਸ਼ੇੜੀ ਖਾਣਾ ਨਹੀਂ ਖਾ ਰਹੇ ਸਨ, ਉਨ੍ਹਾਂ ਨੂੰ ਦਲੀਆ ਤੇ ਜੂਸ ਦਿੱਤਾ ਗਿਆ ਹੈ। ਜੇਲ੍ਹ ਕੰਟੀਨ ਵਿਚ ਜੋ ਉਪਲੱਬਧ ਹੈ, ਉਹ ਦਿੱਤਾ ਜਾ ਰਿਹਾ ਹੈ। ਨਸ਼ੇ ਦੀ ਤੋਟ ਕਾਰਨ ਸਾਰਿਆਂ ਦੀ ਸਿਹਤ ਢਿੱਲੀ ਹੈ ਪਰ ਹੁਣ ਕੁਝ ਫਰਕ ਪਿਆ ਹੈ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …