Breaking News
Home / ਪੰਜਾਬ / ਬੇਅਦਬੀ ਕਾਂਡ: ਮੁਲਜ਼ਮ ਔਰਤ ਦੀ ਦਿਨ-ਦਿਹਾੜੇ ਹੱਤਿਆ

ਬੇਅਦਬੀ ਕਾਂਡ: ਮੁਲਜ਼ਮ ਔਰਤ ਦੀ ਦਿਨ-ਦਿਹਾੜੇ ਹੱਤਿਆ

10ਗੁਰਦੁਆਰਾ ਆਲਮਗੀਰ ਨੇੜੇ ਮੋਟਰਸਾਈਕਲ ਸਵਾਰਾਂ ਨੇ ਮਾਰੀ ਗੋਲੀ
ਲੁਧਿਆਣਾ : ਪਿੰਡ ਘਵੱਦੀ ਦੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਦੀ ਮੁਲਜ਼ਮ ਬਲਵਿੰਦਰ ਕੌਰ (47) ਦੀ ਦਿਨ-ਦਿਹਾੜੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਮਹਿਲਾ ਕੁਝ ਦਿਨ ਪਹਿਲਾਂ ਜ਼ਮਾਨਤ ‘ਤੇ ਰਿਹਾਅ ਹੋ ਕੇ ਜੇਲ੍ਹ ਤੋਂ ਬਾਹਰ ਆਈ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਟੀਮ ਨਾਲ ਮੌਕੇ ‘ਤੇ ਪੁੱਜ ਗਏ ਅਤੇ ਪੜਤਾਲ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਪਿੰਡ ਜਾਗੋ ਵਾਸੀ ਗੁਰਪ੍ਰੀਤ ਸਿੰਘ ਤੇ ਪਟਿਆਲਾ ਵਾਸੀ ਨਿਹਾਲ ਸਿੰਘ ਖ਼ਿਲਾਫ਼ ਕਤਲ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਹੱਥ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਲੱਗੀ ਹੈ। ਇਸ ਵਿੱਚ ਮੋਟਰਸਾਈਕਲ ਸਵਾਰ ਦੋ ਸ਼ੱਕੀ ਨੌਜਵਾਨ ਦੇਖੇ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਕੌਰ ਬੇਅਦਬੀ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਰਿਹਾਅ ਹੋ ਕੇ ਆਈ ਸੀ। ਮੰਗਲਵਾਰ ਸਵੇਰੇ ਬਲਵਿੰਦਰ ਕੌਰ ਘਰ ਵਿਚ ਸੀ ਕਿ ਉਸ ਨੂੰ ਕਿਸੇ ਨੇ ਫੋਨ ਕਰਕੇ ਕਿਹਾ ਕਿ ਉਹ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਬਾਹਰ ਆ ਜਾਵੇ ਤੇ ਉਹ ਬੇਅਦਬੀ ਮਾਮਲੇ ‘ਚੋਂ ਉਸ ਦਾ ਨਾਮ ਕਢਵਾ ਦੇਵੇਗਾ। ਉਹ ਆਪਣੇ ਲੜਕੇ ਰਣਜੋਧ ਸਿੰਘ ਨਾਲ ਗੁਰਦੁਆਰਾ ਮੰਜੀ ਸਾਹਿਬ ਚਲੀ ਗਈ। ਉਥੇ ਪੁੱਜ ਕੇ ਬਲਵਿੰਦਰ ਕੌਰ ਆਟੋ ਵਿਚ ਬੈਠੀ ਰਹੀ, ਜਦੋਂਕਿ ਆਟੋ ਚਾਲਕ ਤੇ ਬਲਵਿੰਦਰ ਦਾ ਲੜਕਾ ਰਣਜੋਧ ਸਿੰਘ ਬਾਹਰ ਖੜ੍ਹੇ ਹੋ ਗਏ। ਇਸੇ ਦੌਰਾਨ ਨੌਜਵਾਨਾਂ ਨੇ ਬਲਵਿੰਦਰ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ। ਜਦੋਂ ਰਣਜੋਧ ਮੁਲਜ਼ਮਾਂ ਨੂੰ ਰੋਕਣ ਲਈ ਅੱਗੇ ਵਧਿਆ ਤਾਂ ਮੁਲਜ਼ਮਾਂ ਨੇ ਉਸ ਵੱਲ ਵੀ ਪਿਸਤੌਲ ਤਾਣ ਲਈ ਜਿਸ ਕਰ ਕੇ ਉਹ ਦੂਜੇ ਪਾਸੇ ਨੂੰ ਭੱਜ ਪਿਆ। ਇਸੇ ਦੌਰਾਨ ਹਮਲਾਵਰ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …