5.2 C
Toronto
Tuesday, February 17, 2026
spot_img
Homeਪੰਜਾਬਸ਼ਹੀਦਾਂ ਉਤੇ ਉਂਗਲ ਚੁੱਕਣਾ ਮੰਦਭਾਗਾ: ਮੁੱਖ ਮੰਤਰੀ ਭਗਵੰਤ ਮਾਨ

ਸ਼ਹੀਦਾਂ ਉਤੇ ਉਂਗਲ ਚੁੱਕਣਾ ਮੰਦਭਾਗਾ: ਮੁੱਖ ਮੰਤਰੀ ਭਗਵੰਤ ਮਾਨ

ਰਾਜ ਪੱਧਰੀ ਸਮਾਰੋਹ ਦੌਰਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ
ਸੁਨਾਮ ਊਧਮ ਸਿੰਘ ਵਾਲਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਅੰਗਰੇਜ਼ਾਂ ਦੇ ਪੱਖ ਵਿੱਚ ਖੜ੍ਹਨ ਵਾਲਿਆਂ ਦੇ ਵਾਰਿਸਾਂ ਵੱਲੋਂ ਸ਼ਹੀਦਾਂ ਉਤੇ ਉਂਗਲ ਚੁੱਕਣ ਮੰਦਭਾਗਾ ਹੈ। ਇਥੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸੁਨਾਮ ਲਈ 22.60 ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ‘ਤੇ ਵੱਡਾ ਵਿੱਤੀ ਬੋਝ ਹੋਣ ਦੇ ਬਾਵਜੂਦ ਸਰਕਾਰ ਸਾਰੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਵਿਦੇਸ਼ਾਂ ਵਿਚ ਪਈਆਂ ਸ਼ਹੀਦ ਊਧਮ ਸਿੰਘ ਦੀਆਂ ਵਸਤਾਂ ਜਲਦੀ ਵਾਪਸ ਲਿਆਉਣ ਲਈ ਯਤਨ ਤੇਜ਼ ਕਰਨ ਦੀ ਵੀ ਗੱਲ ਕਹੀ। ਇਸ ਮੌਕੇ ਸ਼ਹੀਦ ਊਧਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੇ ਯੋਗਦਾਨ ਉੱਤੇ ਕਿਸੇ ਨੂੰ ਵੀ ਉਂਗਲ ਚੁੱਕਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੱਤਾ ਦਾ ਸੁੱਖ ਭੋਗਣ ਲਈ ਸੰਵਿਧਾਨ ਦੀਆਂ ਸਹੁੰਆਂ ਖਾਣ ਵਾਲੇ ਹੀ ਸ਼ਹੀਦਾਂ ਦੇ ਬਲੀਦਾਨ ਉੱਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਲੋਕਾਂ ਨੂੰ ਚੇਤੇ ਕਰਵਾਇਆ ਕਿ ਜਦੋਂ ਸਾਡੇ ਮਹਾਨ ਕੌਮੀ ਨਾਇਕਾਂ ਤੇ ਸ਼ਹੀਦਾਂ ਨੇ ਅੱਤਿਆਚਾਰੀ ਬਰਤਾਨਵੀ ਸ਼ਾਸਨ ਵਿਰੁੱਧ ਜੰਗ ਛੇੜੀ ਹੋਈ ਸੀ, ਉਦੋਂ ਕੁਝ ਗ਼ੱਦਾਰ ਸਾਮਰਾਜੀ ਤਾਕਤਾਂ ਦੇ ਹੱਕ ਵਿੱਚ ਖੜ੍ਹੇ ਸਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ‘ਤੇ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਨਾਇਕ ਕਿਸੇ ਪਛਾਣ ਦੇ ਮੁਥਾਜ ਨਹੀਂ। ਇਨ੍ਹਾਂ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਅਤੇ ਕਿਸੇ ਨੂੰ ਵੀ ਉਨ੍ਹਾਂ ਦੇ ਆਜ਼ਾਦੀ ਦੀ ਲਹਿਰ ਵਿੱਚ ਪਾਏ ਯੋਗਦਾਨ ਉਤੇ ਉਂਗਲ ਚੁੱਕਣ ਦਾ ਹੱਕ ਨਹੀਂ ਹੈ। ਮੁੱਖ ਮੰਤਰੀ ਨੇ ਸੁਖਦੇਵ, ਰਾਜਗੁਰੂ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਮਹਾਨ ਸ਼ਹੀਦਾਂ ਵੱਲੋਂ ਭਾਰਤੀ ਆਜ਼ਾਦੀ ਦੀ ਲਹਿਰ ਦੌਰਾਨ ਦਿੱਤੀਆਂ ਲਾਸਾਨੀ ਕੁਰਬਾਨੀਆਂ ਨੂੰ ਵੀ ਯਾਦ ਕੀਤਾ। ਸੁਨਾਮ ਨੂੰ ਆਪਣਾ ਦੂਜਾ ਘਰ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਇੱਥੇ ਜਨਮੇ ਅਤੇ ਸਿੱਖਿਆ ਪ੍ਰਾਪਤ ਕੀਤੀ। ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਠਾਈਆਂ ਮੰਗਾਂ ਦੇ ਜਵਾਬ ਵਿੱਚ ਸੁਨਾਮ ਲਈ ਲਗਪਗ 22.59 ਕਰੋੜ ਰੁਪਏ ਦੇ ਅਹਿਮ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਆਈਟੀਆਈ ਵਿੱਚ ਸਟੇਡੀਅਮ (1.66 ਕਰੋੜ ਰੁਪਏ), ਨਵਾਂ ਸਬ-ਤਹਿਸੀਲ ਕੰਪਲੈਕਸ (4.46 ਕਰੋੜ ਰੁਪਏ) ਅਤੇ ਚੀਮਾ ਲਈ ਬੱਸ ਅੱਡਾ (5.07 ਕਰੋੜ ਰੁਪਏ), ਲੌਂਗੋਵਾਲ ਲਈ ਨਵਾਂ ਬੱਸ ਅੱਡਾ (2.54 ਕਰੋੜ ਰੁਪਏ) ਤੇ ਸਟੇਡੀਅਮ (3.58 ਕਰੋੜ ਰੁਪਏ) ਅਤੇ ਸੁਨਾਮ ਲਈ 5.28 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਸਿਸਟਮ ਸ਼ਾਮਲ ਹੈ। ਕੈਬਨਿਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ ਮੁੱਖ ਮੰਤਰੀ ਅਤੇ ਹੋਰਨਾ ਵਜ਼ੀਰਾਂ ਤੇ ਵਿਧਾਇਕਾਂ ਨੂੰ ਜੀ ਆਇਆਂ ਕਿਹਾ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਵਰਿੰਦਰ ਗੋਇਲ, ਨਰਿੰਦਰ ਕੌਰ ਭਰਾਜ, ਕੁਲਵੰਤ ਪੰਡੋਰੀ, ‘ਆਪ’ ਆਗੂ ਗੁਰਮੇਲ ਘਰਾਚੋਂ ਵੀ ਹਾਜ਼ਰ ਸਨ।
ਵਿੱਤੀ ਬੋਝ ਦੇ ਬਾਵਜੂਦ ਸਰਕਾਰ ਵਾਅਦੇ ਪੂਰੇ ਕਰੇਗੀ : ਚੀਮਾ
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸ਼ਹੀਦਾਂ ਦੇ ਨਕਸ਼ੇ-ਕਦਮ ਉਤੇ ਚੱਲਦਿਆਂ ਸੂਬਾ ਸਰਕਾਰ ਨੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਕਈ ਮਿਸਾਲੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿੱਤੀ ਮੁਸ਼ਕਲਾਂ ਦੇ ਬਾਵਜੂਦ ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਮਿਸਾਲੀ ਕਦਮ ਪੁੱਟੇ ਹਨ। ਸੂਬੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪੰਜਾਬ ਕਾਂਗਰਸ ਵੱਲੋਂ ਬੁਲਾਰਿਆਂ ਦੀ ਨਿਯੁਕਤੀ
ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਪਾਰਟੀ ਦੇ ਸੱਤ ਵਿਸ਼ੇਸ਼ ਬੁਲਾਰੇ ਤੇ 25 ਬੁਲਾਰੇ ਨਿਯੁਕਤ ਕੀਤੇ ਹਨ। ਪਾਰਟੀ ਦੇ ਵਿਸ਼ੇਸ਼ ਬੁਲਾਰਿਆਂ ਵਿੱਚ ਡਾ. ਅਮਰ ਸਿੰਘ, ਪਰਗਟ ਸਿੰਘ, ਸੁਖਵਿੰਦਰ ਸਿੰਘ ਕੋਟਲੀ, ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ, ਕੁਲਦੀਪ ਸਿੰਘ ਵੈਦ ਤੇ ਪਵਨ ਆਦੀਆ ਸ਼ਾਮਲ ਹਨ। ਇਸੇ ਤਰ੍ਹਾਂ ਹੋਰਨਾਂ ਬੁਲਾਰਿਆਂ ਵਿੱਚ ਡਾ. ਨਵਜੋਤ ਦਾਹੀਆ, ਜਗਪਾਲ ਸਿੰਘ ਅਬੁਲਖੁਰਾਣਾ, ਅਰਸ਼ਦੀਪ ਸਿੰਘ ਖਡਿਆਲ, ਜਸਕਰਨ ਸਿੰਘ ਕਾਹਲੋਂ, ਰਮਨ ਸੁਬਰਾਮਨੀਅਮ, ਹਰਦੀਪ ਕਿੰਗਰਾ, ਸੁਰਜੀਤ ਸਿੰਘ ਵੜੈਚ, ਅਮਿਤ ਬਾਵਾ, ਵਿਨੋਦ ਭਾਰਤੀ, ਕੰਵਰ ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸਿੱਖਾਂਵਾਲਾ, ਸੁਖਦੇਵ ਸਿੰਘ, ਰੁਪਿੰਦਰ ਸਿੰਘ, ਨਰਿੰਦਰਪਾਲ ਸੰਧੂ, ਜਗਮੀਤ ਢਿਲੋਂ, ਡਾ.ਸੁਖਬੀਰ ਸਿੰਘ, ਕੈਪਟਨ ਗੌਰਵ ਦੁਲਚਾ ਬਰਾੜ, ਸਿਮਰਤ ਖੰਗੂੜਾ, ਅੰਮ੍ਰਿਤ ਕੌਰ ਗਿੱਲ ਬਠਿੰਡਾ, ਟੀਨਾ ਚੌਧਰੀ, ਰਾਣਾ ਬਲਜੀਤ ਸਿੰਘ ਚਹਿਲ, ਜਸਪ੍ਰੀਤ ਸਿੰਘ ਨਰਵਾਲ, ਕੁਲਜੀਤ ਸਿੰਘ ਗੱਗੀ, ਨਵੀਨ ਸਭਰਵਾਲ ਤੇ ਜਸ਼ਨਦੀਪ ਸਿੰਘ ਚਹਿਲ ਸ਼ਾਮਲ ਹਨ।

 

RELATED ARTICLES
POPULAR POSTS