-9.4 C
Toronto
Wednesday, January 28, 2026
spot_img
Homeਪੰਜਾਬਪੱਕਣ 'ਤੇ ਆਈ ਕਣਕ ਦੀ ਵਾਢੀ ਨੂੰ ਲੈ ਕੇ ਅੰਨਦਾਤਾ ਚਿੰਤਤ

ਪੱਕਣ ‘ਤੇ ਆਈ ਕਣਕ ਦੀ ਵਾਢੀ ਨੂੰ ਲੈ ਕੇ ਅੰਨਦਾਤਾ ਚਿੰਤਤ

ਅਜੇ ਕੁਝ ਦਿਨ ਪਹਿਲਾਂ ਹੋਈ ਗੜ੍ਹੇਮਾਰੀ ਦੀ ਮਾਰ ਨਹੀਂ ਭੁੱਲੇ ਕਿਸਾਨ
ਕੁਰਾਲੀ/ਬਿਊਰੋ ਨਿਊਜ਼ : ਕਣਕ ਦੀਆਂ ਵਾਢੀਆਂ ਦਾ ਸੀਜ਼ਨ ਸਿਰ ‘ਤੇ ਹੈ ਅਤੇ ਕਰੋਨਾਵਾਇਸ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮੌਜੂਦਾ ਸਮੇਂ ਪਰਵਾਸੀ ਮਜ਼ਦੂਰਾਂ ਦੀ ਘਾਟ ਅਤੇ ਮਸ਼ੀਨਰੀ ਦੀ ਅਣਹੋਂਦ ਤੋਂ ਇਲਾਵਾ ਕਣਕ ਦੀ ਫਸਲ ਦੇ ਮੰਡੀਕਰਨ ਦੀ ਮੁਸ਼ਕਿਲ ਨੂੰ ਲੈ ਕੇ ਕਿਸਾਨ ਫਿਕਰਮੰਦ ਹਨ। ਕਣਕ ਦੇ ਸੁਨਹਿਰੀ ਹੁੰਦੇ ਜਾ ਰਹੇ ਰੰਗ ਨੂੰ ਦੇਖ ਕੇ ਚਿੰਤਤ ਕਿਸਾਨਾਂ ਨੇ ਸਰਕਾਰ ਤੋਂ ਢੁਕਵੇਂ ਪ੍ਰਬੰਧਾਂ ਦੀ ਮੰਗ ਕੀਤੀ ਹੈ।
ਦੇਸ਼ ਵਿੱਚ ਕੀਤੇ ਗਏ ਲੌਕਡਾਊਨ ਅਤੇ ਪੰਜਾਬ ਵਿੱਚ 14 ਅਪਰੈਲ ਤੱਕ ਲਗਾਏ ਕਰਫਿਊ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਭਾਰੀ ਵਾਧਾ ਕੀਤਾ ਹੈ। ਕਿਸਾਨ ਖੇਤਾਂ ਵਿੱਚ ਪੱਕਣ ਕਿਨਾਰੇ ਖੜ੍ਹੀ ਕਣਕ ਦੀ ਫਸਲ ਦੀ ਕਟਾਈ ਅਤੇ ਮੰਡੀਕਰਨ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹਨ। ਇਲਾਕੇ ਦੇ ਕਿਸਾਨਾਂਂ ਸੁਖਵਿੰਦਰ ਸਿੰਘ, ਪਾਲ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਗੁਰਨਾਮ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੋਈ ਬਾਰਸ਼ ਕਾਰਨ ਹੋਏ ਨੁਕਸਾਨ ਵਿੱਚੋਂ ਅਜੇ ਉਹ ਉੱਭਰੇ ਵੀ ਨਹੀਂ ਹਨ ਕਿ ਹੁਣ ਕਰੋਨਵਾਇਰਸ ਕਾਰਨ ਹੋਈ ਤਾਲਾਬੰਦੀ ਉਨ੍ਹਾਂ ‘ਤੇ ਕਹਿਰ ਬਣ ਗਈ ਹੈ। ਕਿਸਾਨਾਂ ਨੇ ਕਿਹਾ ਕਿ ਵਾਢੀ ਲਈ ਮਜ਼ਦੂਰ ਹੋਰਨਾਂ ਰਾਜਾਂ ਵਿੱਚੋਂ ਆਉਂਦੇ ਹਨ ਤੇ ਦੇਸ਼ ਭਰ ਵਿੱਚ ਲੌਕਡਾਊਨ ਕਾਰਨ ਇਸ ਵਾਰ ਕਣਕ ਦੀ ਵਾਢੀ ਦੇ ਸੀਜ਼ਨ ਵਿੱਚ ਪਰਵਾਸੀ ਮਜ਼ਦੂਰਾਂ ਦੇ ਆਉਣ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੰਬਾਈਨਾਂ ਦੀ ਗਿਣਤੀ ਵੀ ਕਾਫੀ ਘੱਟ ਹੈ ਜਿਸ ਨਾਲ ਇੱਕੋ ਸਮੇਂ ਕਣਕ ਦੀ ਵਾਢੀ ਸੰਭਵ ਨਹੀਂ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਗਲੇ ਹਫ਼ਤੇ ਤੋਂ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜੇਕਰ ਮੌਸਮ ਸਾਫ਼ ਰਿਹਾ ਤੇ ਤਾਪਮਾਨ ਵਧਿਆ ਤਾਂ ਵਾਢੀ ਇਸ ਤੋਂ ਵੀ ਪਹਿਲਾਂ ਵੀ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਣਕ ਦੀ ਵਾਢੀ ਕਰਨ ਲਈ ਮਜ਼ਦੂਰਾਂ ਦੀ ਘਾਟ ਹੁਣੇ ਤੋਂ ਨਜ਼ਰ ਆ ਰਹੀ ਹੈ ਉਥੇ ਮੰਡੀਆਂ ਵਿੱਚ ਫਸਲ ਦੇ ਵਿਕਣ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਵੀ ਉਹ ਚਿੰਤਾ ਵਿੱਚ ਹਨ। ਉਨ੍ਹਾਂ ਕਿਹਾ ਕਿ ਮਸ਼ੀਨਾਂ ਨਾਲ ਕੀਤੀ ਇੱਕੋ ਸਮੇਂ ਵਾਢੀ ਕਾਰਨ ਮੰਡੀਆਂ ਵਿੱਚ ਪੁੱਜਣ ਵਾਲੀ ਫਸਲ ਕਿਵੇਂ ਸੰਭਾਲੀ ਜਾਵੇਗੀ ਅਤੇ ਕਰੋਨਵਾਇਰਸ ਕਾਰਨ ਜਾਰੀ ਹਦਾਇਤਾਂ ਦਾ ਪਾਲਣ ਕਿਵੇਂ ਸੰਭਵ ਹੋ ਸਕੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸੋਸ਼ਲ ਡਿਸਟੈਂਸਿੰਗ ਅਤੇ ਹੋਰ ਹਦਾਇਤਾਂ ਦੀ ਪਾਲਣਾ ਨੂੰ ਸੰਭਵ ਬਣਾਉਣਾ ਵੱਡੀ ਚੁਣੌਤੀ ਹੋਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਕਿਸਾਨ ਫਸਲ ਨੂੰ ਘਰ ਭੰਡਾਰ ਕਰਨ ਦੇ ਸਮਰੱਥ ਨਹੀਂ ਹਨ ਅਤੇ ਨਾ ਹੀ ਇੰਨੀ ਫਸਲ ਘਰ ਰੱਖੀ ਜਾ ਸਕੇਗੀ। ਕਿਸਾਨਾਂ ਨੇ ਸਰਕਾਰ ਤੋਂ ਵਾਢੀ ਲਈ ਠੋਸ ਯੋਜਨਾਬੰਦੀ ਦੀ ਮੰਗ ਕਰਦਿਆਂ ਮਸ਼ੀਨਰੀ ਦਾ ਪ੍ਰਬੰਧ ਕਰਨ ਅਤੇ ਕਣਕ ਦੀ ਫਸਲ ਦੇ ਮੰਡੀਕਰਨ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਗੜ੍ਹੇਮਾਰੀ ਦੀ ਮਾਰ ਨਹੀਂ ਭੁੱਲੇ ਕਿਸਾਨઠ: ਕੁਝ ਹਫ਼ਤੇ ਪਹਿਲਾਂ ਇਲਾਕੇ ਦੇ ਪਿੰਡਾਂ ਵਿੱਚ ਹੋਈ ਗੜ੍ਹੇਮਾਰੀ ਕਾਰਨ ਕਈ ਪਿੰਡਾਂ ਵਿੱਚ ਫਸਲਾਂ ਦਾ ਸੌ ਫੀਸਦੀ ਨੁਕਸਾਨ ਹੋ ਗਿਆ ਸੀ। ਕਿਸਾਨਾਂ ਨੇ ਕਿਹਾ ਕਿ ਮਸ਼ੀਨਾਂ ਨਾਲ ਕਣਕ ਦੀ ਵਾਢੀ ਉਨ੍ਹਾਂ ਦੀ ਮਜ਼ਬੂਰੀ ਹੋਵੇਗੀ ਅਤੇ ਇਸ ਨਾਲ ਤੂੜੀ ਦੀ ਤੋਟ ਵੀ ਆਉਣੀ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਤੂੜੀ ਦੀ ਇਹ ਤੋੜ ਪਸ਼ੂ ਪਾਲਣ ਦੇ ਧੰਦੇ ਨੂੰ ਵੀ ਪ੍ਰਭਾਵਿਤ ਕਰੇਗੀ।

RELATED ARTICLES
POPULAR POSTS