ਰਮੇਸ਼ ਸਿੰਘ ਅਰੋੜਾ ਅਤੇ ਡਾ. ਮੀਮਪਾਲ ਸਿੰਘ ਦਾ ਹੋਵੇਗਾ ਸਨਮਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਸਰਕਾਰ ਦੋ ਸਿੱਖ ਵਿਅਕਤੀਆਂ ਨੂੰ ਕੌਮੀ ਸਨਮਾਨ ਨਾਲ ਸਨਮਾਨਿਤ ਕਰਨ ਜਾ ਰਹੀ ਹੈ। ਪਾਕਿਸਤਾਨ ਦੀ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਬੈਸਡਰ ਤੇ ਐੱਮਐੱਲਏ ਰਮੇਸ਼ ਸਿੰਘ ਅਰੋੜਾ ਨੂੰ ‘ਸਿਤਾਰਾ ਏ ਇਮਤਿਆਜ਼’ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਕਟਰ ਮੀਮਪਾਲ ਸਿੰਘ ਨੂੰ ‘ਤਮਗਾ ਏ ਇਮਤਿਆਜ਼’ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ। ‘ਸਿਤਾਰਾ ਏ ਇਮਤਿਆਜ’ ਹਾਸਲ ਕਰਨ ਵਾਲੇ ਰਮੇਸ਼ ਸਿੰਘ ਅਰੋੜਾ ਪਾਕਿਸਤਾਨ ਦੇ ਪਹਿਲੇ ਸਿੱਖ ਵਿਅਕਤੀ ਹੋਣਗੇ। ਇਸੇ ਤਰ੍ਹਾਂ ‘ਤਮਗਾ ਏ ਇਮਤਿਆਜ’ ਹਾਸਲ ਕਰਨ ਵਾਲੇ ਡਾਕਟਰ ਮੀਮਪਾਲ ਸਿੰਘ ਦੂਜੇ ਸਿੱਖ ਵਿਅਕਤੀ ਹੋਣਗੇ। ਇਸ ਤੋਂ ਪਹਿਲਾਂ ਇਹ ਸਨਮਾਨ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਸ਼ਾਮ ਸਿੰਘ ਨੂੰ ਦਿੱਤਾ ਗਿਆ ਸੀ। ਮੀਡੀਆ ਕੋਲੋ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਸਨਮਾਨ 23 ਮਾਰਚ 2024 ਨੂੰ ਇਕ ਸਰਕਾਰੀ ਸਮਾਗਮ ਦੌਰਾਨ ਦਿੱਤੇ ਜਾਣਗੇ।