ਸ੍ਰੀ ਗੁਰੂ ਨਾਨਕ ਦੇਵ ਜੀ ਸਭ ਧਰਮਾਂ ਦੇ ਸਾਂਝੇ ਫਿਰ ਕੇਵਲ ਸਿੱਖਾਂ ਨੂੰ ਹੀ ਲਾਂਘੇ ਰਾਹੀਂ ਦਰਸ਼ਨਾਂ ਦੀ ਇਜਾਜ਼ਤ ਕਿਉਂ
ੲ ਪਾਕਿ ਨਾਲ ਯਾਤਰਾ ਦੇ ਮਾਮਲੇ ਪਹਿਲਾਂ ਨਿਪਟਾਉਣ ਦੀ ਕੀਤੀ ਮੰਗ
ੲ ਪਾਸਪੋਰਟ ਹੋਣ ਦੀ ਤਜਵੀਜ਼ ਦਾ ਵੀ ਕੈਪਟਨ ਅਮਰਿੰਦਰ ਨੇ ਕੀਤਾ ਵਿਰੋਧ
ੲ ਸ਼ਰਧਾਲੂਆਂ ਦੀ ਗਿਣਤੀ ਸੀਮਤ ਕਰਨ ਦਾ ਵੀ ਮੁੱਖ ਮੰਤਰੀ ਨੂੰ ਹੈ ਰੋਸਾ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿਰਫ ਸਿੱਖ ਸ਼ਰਧਾਲੂਆਂ ਨੂੰ ਹੀ ਇਜਾਜ਼ਤ ਦੇਣ ਦੇ ਪਾਕਿਸਤਾਨ ਦੇ ਫੈਸਲੇ ਨੂੰ ਗਲਤ ਦੱਸਿਆ ਹੈ। ਪਾਕਿਸਤਾਨ ਵਲੋਂ ਭੇਜੀ ਗਈ ਇਸ ਤਜਵੀਜ਼ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਸਾਰੇ ਧਰਮਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਇਕ ਗਰੁੱਪ ਵਿਚ 15 ਸ਼ਰਧਾਲੂਆਂ ਅਤੇ ਇਕ ਦਿਨ ਵਿਚ 500 ਸ਼ਰਧਾਲੂਆਂ ਨੂੰ ਹੀ ਜਾਣ ਦੀ ਆਗਿਆ ਦੇ ਫੈਸਲੇ ‘ਤੇ ਵੀ ਇਤਰਾਜ਼ ਕੀਤਾ। ਕੈਪਟਨ ਨੇ ਕਿਹਾ ਕਿ ਕੇਂਦਰ ਇਸ ਸਬੰਧੀ ਸਮਝੌਤਾ ਕਰਨ ਤੋਂ ਪਹਿਲਾਂ ਹੀ ਸਾਰੇ ਮਾਮਲਿਆਂ ਨੂੰ ਨਿਪਟਾ ਲਵੇ। ਮੁੱਖ ਮੰਤਰੀ ਨੇ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਹੋਣ ਦੀ ਸ਼ਰਤ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੀ ਬਹੁਤੀ ਪੇਂਡੂ ਵਸੋਂ ਕੋਲ ਪਾਸਪੋਰਟ ਨਹੀਂ ਹੈ। ਇਸ ਕਰਕੇ ਅਜਿਹੇ ਕਦਮ ਨਾਲ ਉਹ ਪਵਿੱਤਰ ਅਸਥਾਨ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਪਾਕਿਸਤਾਨ ਨੂੰ ਆਪਣੇ ਅਧਿਕਾਰ ਖੇਤਰ ਦੀ ਸੁਰੱਖਿਆ ਨਾਲ ਸਬੰਧਤ ਸ਼ਰਤਾਂ ਤੈਅ ਕਰਨ ਦਾ ਪੂਰਾ ਹੱਕ ਹੈ, ਪਰ ਇਸ ਪੱਖ ਨੂੰ ਵੀ ਵਿਚਾਰਨਾ ਚਾਹੀਦਾ ਹੈ ਕਿ ਪਹਿਲੇ ਪਾਤਸ਼ਾਹ ਦੀ ਵਿਚਾਰਧਾਰਾ ਸਿਰਫ਼ ਸਿੱਖਾਂ ਤੱਕ ਮਹਿਦੂਦ ਨਹੀਂ ਸਗੋਂ ਸਾਰੇ ਧਰਮਾਂ ਦੇ ਲੋਕ ਉਨ੍ਹਾਂ ਵੱਲੋਂ ਦਰਸਾਏ ਮਾਰਗ ‘ਤੇ ਚਲਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਸਿਧਾਂਤਾਂ ਵਿਚ ਵਿਤਕਰੇ ਲਈ ਕੋਈ ਥਾਂ ਨਹੀਂ ਹੈ ਅਤੇ ਲੰਗਰ ਦੀ ਸੇਵਾ ਦਾ ਸੰਕਲਪ ਵੀ ਜਾਤ-ਪਾਤ ਤੋਂ ਰਹਿਤ ਹੈ। ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਬਿਨਾ ਪੱਖਪਾਤ ਤੋਂ ਹਰੇਕ ਮਨੁੱਖ ਲਈ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਹਿੰਦੂ ਪਰਿਵਾਰਾਂ ਵਿਚ ਆਪਣੇ ਵੱਡੇ ਪੁੱਤਰਾਂ ਨੂੰ ਸਿੱਖ ਸਜਾਉਣ ਦੀ ਰਵਾਇਤ ਸਾਲਾਂ ਤੋਂ ਚੱਲਦੀ ਆਈ ਹੈ। ਭਾਰਤ ਵਿਚ ਸਿੱਖ ਧਰਮ ਪ੍ਰਤੀ ਵਿਸ਼ਵਾਸ ਬੇਹੱਦ ਡੂੰਘਾ ਹੈ। ਇਸ ਲਈ ਦੂਸਰੇ ਧਰਮਾਂ ਨੂੰ ਦਰਸ਼ਨਾਂ ਤੋਂ ਵਾਂਝਾ ਰੱਖਣ ਦੀ ਸੋਚ ਪਾਕਿਸਤਾਨ ਸਰਕਾਰ ਨੂੰ ਤਿਆਗਣੀ ਚਾਹੀਦੀ ਹੈ। ਸ਼ਰਧਾਲੂਆਂ ਨੂੰ ਇਸ ਕਰਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝਾ ਰੱਖਣਾ ਕਿ ਉਹ ਸਿੱਖ ਨਹੀਂ ਹਨ, ਤਰਕਸੰਗਤ ਨਹੀਂ ਹੈ। ਪਾਕਿਸਤਾਨ ਸਰਕਾਰ ਵੱਲੋਂ ਤਿਆਰ ਕੀਤੇ ਖਰੜੇ ਵਿਚ ਕਰਤਾਰਪੁਰ ਲਾਂਘੇ ਰਾਹੀਂ ਦਾਖ਼ਲ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਪਾਕਿ ਵੱਲੋਂ ਤੈਅ ਕਰਨ ਦੀ ਸ਼ਰਤ ‘ਤੇ ਮੁੱਖ ਮੰਤਰੀ ਨੇ ਸਖ਼ਤ ਇਤਰਾਜ਼ ਕੀਤਾ ਹੈ। ਸ਼ਰਧਾਲੂਆਂ ਲਈ ‘ਖੁੱਲ੍ਹੇ ਦਰਸ਼ਨ ਦੀਦਾਰ’ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਦਿਨ ਵਿਚ 500 ਸ਼ਰਧਾਲੂਆਂ ਦੇ ਜਾਣ ਦੀ ਬੰਦਿਸ਼ ਨਹੀਂ ਹੋਣੀ ਚਾਹੀਦੀ ਅਤੇ ਖਾਸ ਤੌਰ ‘ਤੇ ਉਸ ਵੇਲੇ ਜਦ ਨਵੰਬਰ 2019 ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …