15 ਦਿਨਾਂ ਵਿਚ ਮਿਲੇਗਾ ਯੂਕੇ ਦਾ ਸਟੂਡੈਂਟ ਵੀਜ਼ਾ
ਨਵੀਂ ਦਿੱਲੀ : ਬ੍ਰਿਟੇਨ ਜਾ ਕੇ ਪੜ੍ਹਾਈ ਕਰਨ ਵਾਲੇ ਭਾਰਤੀਆਂ ਲਈ ਇਕ ਰਾਹਤ ਭਰੀ ਖਬਰ ਆਈ ਹੈ ਅਤੇ ਬ੍ਰਿਟੇਨ ਹੁਣ 15 ਦਿਨਾਂ ਵਿਚ ਸਟੂਡੈਂਟ ਵੀਜ਼ਾ ਮੁਹੱਈਆ ਕਰਵਾਏਗਾ। ਮੀਡੀਆ ‘ਚ ਆਈ ਰਿਪੋਰਟ ਮੁਤਾਬਕ ਯੂਨਾਈਟਿਡ ਕਿੰਗਡਮ ਸਿਰਫ 15 ਦਿਨਾਂ ਵਿਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਦੀ ਤਿਆਰੀ ਕਰ ਰਿਹਾ ਹੈ। ਯੂਕੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਕਸ ਈਲਿਸ ਨੇ ਇਕ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਨੂੰ ਯੂਕੇ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਕੀਤੇ ਜਾਣ ਦੀ ਪ੍ਰਕਿਰਿਆ ਪਟੜੀ ‘ਤੇ ਆ ਰਹੀ ਹੈ, ਪਰ ਉਨ੍ਹਾਂ ਨੂੰ ਸਾਡੀ ਮੱਦਦ ਕਰਨ ਪਵੇਗੀ। ਭਾਰਤ ਵਿਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਅਲੈਕਸ ਈਲਿਸ ਇਕ ਸੰਦੇਸ਼ ਵਿਚ ਕਹਿ ਰਹੇ ਹਨ ਕਿ ਤੁਸੀਂ ਜਾਣਦੇ ਹੋ ਕਿ ਕੋਵਿਡ-19 ਅਤੇ ਰੂਸ-ਯੂਕਰੇਨ ਜੰਗ ਦੇ ਕਾਰਨ ਪੈਦਾ ਹੋਈਆਂ ਪ੍ਰਸਥਿਤੀਆਂ ਦੌਰਾਨ ਵੀਜ਼ਾ ਪ੍ਰੋਸੈਸ ਵਿਚ ਦੇਰੀ ਹੋਈ ਹੈ। ਇਸ ਦੌਰਾਨ ਭਾਰਤ ਤੋਂ ਯੂਕੇ ਟਰੈਵਲ ਕਰਨ ਵਾਲਿਆਂ ਲਈ ਵੀਜ਼ਾ ਐਪਲੀਕੇਸ਼ਨ ਕਾਫੀ ਜ਼ਿਆਦਾ ਵਧ ਗਏ, ਪਰ ਹੁਣ ਅਸੀਂ ਟਰੈਕ ‘ਤੇ ਵਾਪਸ ਪਰਤ ਰਹੇ ਹਾਂ। ਅਲੈਕਸ ਨੇ ਆਪਣੇ ਟਵੀਟ ਵਿਚ ਦੱਸਿਆ ਕਿ ਯੂਕੇ ਵਿਚ ਪੜ੍ਹਾਈ ਕਰਨ ਲਈ ਭਾਰਤੀ ਵਿਦਿਆਰਥੀਆਂ ਵਲੋਂ ਦਿੱਤੇ ਜਾਣ ਵਾਲੇ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਪਿਛਲੇ ਸਾਲ ਦੀ ਤੁਲਨਾ ਵਿਚ 89 ਫੀਸਦੀ ਵਧ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸਕਿਲਡ ਵਰਕਰ ਵੀਜ਼ਾ ਵੀ ਜਲਦ ਤੋਂ ਜਲਦ ਪ੍ਰੋਸੈਸ ਕੀਤੇ ਜਾ ਰਹੇ ਹਨ। ਇਸਦੇ ਇਲਾਵਾ ਅਸੀਂ ਯੂਕੇ ਵਿਜ਼ਟਰ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਘਟਾਉਣ ‘ਤੇ ਵੀ ਕੰਮ ਕਰ ਰਹੇ ਹਾਂ। ਇਸ ਜਾਣਕਾਰੀ ਦੇ ਨਾਲ ਅਲੈਕਸ ਨੇ ਵਿਦਿਆਰਥੀਆਂ ਕੋਲੋਂ ਵੀ ਮੱਦਦ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 15 ਦਿਨਾਂ ਵਿਚ ਤੁਹਾਨੂੰ ਵੀਜ਼ਾ ਦੇਣ ਦੀ ਕੋਸ਼ਿਸ਼ ਕਰਾਂਗੇ। ਇਸਦੇ ਲਈ ਤੁਹਾਨੂੰ ਵੀ ਸਹਿਯੋਗ ਕਰਨਾ ਪਵੇਗਾ।