ਮੁੰਬਈ : ਆਮਦਨ ਕਰ ਵਿਭਾਗ ਵਲੋਂ ਕਥਿਤ ਟੈਕਸ ਚੋਰੀ ਦੀ ਜਾਂਚ ਲਈ ਬਾਲੀਵੁੱਡ ਅਦਾਕਾਰ ਤੇ ਸਮਾਜ ਸੇਵੀ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ਅਤੇ ਉਸਦੇ ਦਫਤਰਾਂ ‘ਤੇ ਛਾਪੇ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਆਈ.ਟੀ. ਵਿਭਾਗ ਵਲੋਂ ਆਮਦਨ ਦੇ ਅਸਾਸਿਆਂ ਦਾ ਪਤਾ ਲਗਾਉਣ ਲਈ ਸਰਵੇਖਣ ਕੀਤਾ ਜਾ ਰਿਹਾ ਹੈ। ਵਿਭਾਗ ਅਨੁਸਾਰ ਇਹ ਕਾਰਵਾਈ ਮਹਾਨਗਰ ਮੁੰਬਈ ਤੇ ਲਖਨਊ ‘ਚ ਘੱਟੋ-ਘੱਟ ਅੱਧੀ ਦਰਜਨ ਥਾਵਾਂ ‘ਤੇ ਕੀਤੀ ਗਈ। ਅਧਿਕਾਰੀਆਂ ਅਨੁਸਾਰ ਇਕ ਰੀਅਲ ਅਸਟੇਟ ਦਾ ਸੌਦਾ ਵੀ ਵਿਭਾਗ ਦੀ ਜਾਂਚ ਦੇ ਘੇਰੇ ‘ਚ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਦੌਰਾਨ ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਪਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਉਣ ‘ਚ ਸਹਾਇਤਾ ਲਈ ਸੂਦ ਕੌਮੀ ਪੱਧਰ ‘ਤੇ ਸੁਰਖੀਆਂ ‘ਚ ਆਇਆ ਸੀ, ਜਦੋਂਕਿ ਉਨ੍ਹਾਂ ਨੂੰ ਥੋੜਾ ਸਮਾਂ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ‘ਦੇਸ਼ ਦਾ ਮਾਰਗਦਰਸ਼ਕ’ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਵੀ ਬਣਾਇਆ ਗਿਆ ਸੀ, ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੈਰੀਅਰ ਚੁਣਨ ‘ਚ ਮਦਦ ਕੀਤੀ ਜਾਵੇਗੀ। ਕੇਜਰੀਵਾਲ ਨੇ ਸੋਨੂੰ ਸੂਦ ਦਾ ਸਮਰਥਨ ਕਰਦਿਆਂ ਕਿਹਾ ਕਿ ਸੱਚ ਦੇ ਮਾਰਗ ‘ਚ ਲੱਖਾਂ ਮੁਸ਼ਕਲਾਂ ਆਉਂਦੀਆਂ ਹਨ ਪਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।