Breaking News
Home / ਹਫ਼ਤਾਵਾਰੀ ਫੇਰੀ / ਸਿੱਧੂ ਨੇ ਖੇਤੀ ਕਾਨੂੰਨਾਂ ਦਾ ਭਾਂਡਾ ਬਾਦਲਾਂ ਸਿਰ ਭੰਨਿਆ

ਸਿੱਧੂ ਨੇ ਖੇਤੀ ਕਾਨੂੰਨਾਂ ਦਾ ਭਾਂਡਾ ਬਾਦਲਾਂ ਸਿਰ ਭੰਨਿਆ

ਖੇਤੀ ਕਾਨੂੰਨਾਂ ਦੀ ਪ੍ਰਸ਼ੰਸਾ ਸਬੰਧੀ ਬਾਦਲ ਪਰਿਵਾਰ ਦੇ ਵੀਡੀਓ ਵੀ ਕੀਤੇ ਜਾਰੀਬਾਦਲ ਜਲਦ ਹੀ ਮੁੜ ਭਾਜਪਾ ਦੀ ਝੋਲੀ ਪੈ ਜਾਣਗੇ : ਸਿੱਧੂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਦਾ ਖਾਕਾ ਬਾਦਲ ਪਰਿਵਾਰ ਨੇ ਹੀ ਤਿਆਰ ਕੀਤਾ ਹੈ. ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਨਿਰਮਾਤਾ ਵਜੋਂ ਜ਼ੋਰਦਾਰ ਢੰਗ ਨਾਲ ਇਨ੍ਹਾਂ ਖੇਤੀ ਕਾਨੂੰਨਾਂ ਦੀ ਸ਼ਲਾਘਾ ਕੀਤੀ ਪਰ ਜਦੋਂ ਲੋਕਾਂ ਦਾ ਦਬਾਅ ਵਧਿਆ ਤਾਂ ਬਾਦਲਾਂ ਨੂੰ ਇਨ੍ਹਾਂ ਕਾਨੂੰਨਾਂ ਸਬੰਧੀ ਯੂ-ਟਰਨ ਲੈਣਾ ਪਿਆ। ਬਤੌਰ ਪਾਰਟੀ ਪ੍ਰਧਾਨ ਆਪਣੀ ਪਹਿਲੀ ਪ੍ਰੈੱਸ ਕਾਨਫ਼ਰੰਸ ਵਿਚ ਸਿੱਧੂ ਨੇ ਕਿਹਾ ਕਿ ਜਲਦ ਹੀ ਬਾਦਲ ਮੁੜ ਭਾਜਪਾ ਦੀ ਝੋਲੀ ਪੈ ਜਾਣਗੇ।
ਨਵਜੋਤ ਸਿੱਧੂ ਨੇ ਕਿਹਾ ਕਿ ਬਾਦਲ ਸਾਲ 2013 ਵਿੱਚ ਕਿਸਾਨਾਂ ਵਿਰੁੱਧ ਕੰਟਰੈਕਟ ਫਾਰਮਿੰਗ ਬਿੱਲ ਲੈ ਕੇ ਆਏ ਸਨ ਜਿਸ ਵਿਚ ਥੋੜ੍ਹਾ ਜਿਹਾ ਬਦਲਾਅ ਕਰ ਕੇ ਕੇਂਦਰ ਸਰਕਾਰ ਨੇ ਉਸ ਬਿੱਲ ਨੂੰ ਨਵੇਂ ਕੇਂਦਰੀ ਖੇਤੀ ਕਾਨੂੰਨਾਂ ਦਾ ਰੂਪ ਦੇ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕੰਟਰੈਕਟ ਫਾਰਮਿੰਗ ਕਾਨੂੰਨ ਅਤੇ ਕੇਂਦਰੀ ਖੇਤੀ ਕਾਨੂੰਨਾਂ ਵਿਚਾਲੇ ਸਬੰਧ ਜੋੜਨ ਲਈ ਕਈ ਧਾਰਾਵਾਂ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪਹਿਲਾਂ ਪੰਜਾਬ ਵਿਚ ਇਹ ਕਾਨੂੰਨ ਲਾਗੂ ਕਰ ਕੇ ਖੁਦ ਤਜਰਬਾ ਕੀਤਾ ਅਤੇ ਮਗਰੋਂ ਭਾਜਪਾ ਦਾ ਸਾਥ ਦੇ ਕੇ ਪੂਰੇ ਦੇਸ਼ ਵਿਚ ਖੇਤੀ ਕਾਨੂੰਨ ਲਾਗੂ ਕਰਵਾਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਪੰਜਾਬ ਸਰਕਾਰ ਵੱਲੋਂ ਸੱਦੀ ਗਈ ਸਰਬ-ਪਾਰਟੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ। ਉਸ ਮਗਰੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਵੀਡੀਓਜ਼ ਅਪਲੋਡ ਕਰਕੇ ਖੇਤੀ ਕਾਨੂੰਨਾਂ ਦਾ ਗੁਣਗਾਣ ਕੀਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਵੀਡੀਓ ਰਾਹੀਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਭਲਾਈ ਵਾਲੇ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਬਾਦਲਾਂ ਨੇ ਪੰਜਾਬ ਦੇ ਕਿਸਾਨਾਂ ਦਾ ਇੱਕ ਆਨਾ ਵੀ ਮੁਆਫ਼ ਨਹੀਂ ਸੀ ਕੀਤਾ।
ਇਸ ਦੌਰਾਨ ਸਿੱਧੂ ਨੇ ਯੂਪੀਏ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਦੇ 78 ਹਜ਼ਾਰ ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਜਾਣ ਦੀ ਗੱਲ ਕਰਦਿਆਂ ਐੱਮਐੱਸਪੀ, ਜਨਤਕ ਵੰਡ ਪ੍ਰਣਾਲੀ ਅਤੇ ਖੁਰਾਕ ਸੁਰੱਖਿਆ ਐਕਟ ਦਾ ਸਿਹਰਾ ਵੀ ਪਿਛਲੀ ਮਨਮੋਹਨ ਸਿੰਘ ਸਰਕਾਰ ਦੇ ਸਿਰ ਸਜਾਇਆ। ਸਿੱਧੂ ਨੇ ਖੇਤੀ ਕਾਨੂੰਨਾਂ ਦੀ ਪ੍ਰਸ਼ੰਸਾ ਸਬੰਧੀ ਬਾਦਲ ਪਰਿਵਾਰ ਦੀਆਂ ਵੀਡੀਓਜ਼ ਵੀ ਮੀਡੀਆ ਦੇ ਸਨਮੁੱਖ ਕੀਤੀਆਂ। ਨਵਜੋਤ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾ ਆਪਣੀ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜ਼ੀਆਂ ਤੇ ਪਵਨ ਗੋਇਲ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਵੀ ਮੌਜੂਦ ਸਨ।
ਖੇਤੀ ਕਾਨੂੰਨ ਵਾਪਸ ਲਏ ਜਾਣ: ਮਮਤਾ
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਦੁਹਰਾਈ। ਮਮਤਾ ਨੇ ਕਿਹਾ ਕਿ ਉਹ ਪਹਿਲਾਂ ਵੀ ਕਿਸਾਨਾਂ ਦੇ ਅੰਦੋਲਨ ਨੂੰ ਆਪਣਾ ਸਮਰਥਨ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨਾਲ ਕਿਸੇ ਕਿਸਮ ਦੀ ਬੇਇਨਸਾਫ਼ੀ ਸਹਿਣ ਨਹੀਂ ਕਰਾਂਗੇ। ਧਿਆਨ ਰਹੇ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਅਹੁਦੇ ‘ਤੇ ਬਣੇ ਰਹਿਣ ਲਈ 30 ਸਤੰਬਰ ਦੀ ਜ਼ਿਮਨੀ ਚੋਣ ਲੜ ਰਹੇ ਹਨ ਅਤੇ ਉਹ ਭਵਾਨੀਪੁਰ ਹਲਕੇ ਤੋਂ ਉਮੀਦਵਾਰ ਹਨ। ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ ਅਤੇ ਸਥਾਨਕ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ।

Check Also

ਸਮੇਂ ਤੋਂ ਪਹਿਲਾਂ ਡਿੱਗ ਸਕਦੀ ਹੈ ਟਰੂਡੋ ਸਰਕਾਰ

ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ …