ਟਰੂਡੋ ਦੇ ਪਿਤਾ ਨੇ ਵੀ ਪੀਐਮ ਰਹਿੰਦਿਆਂ ਲਿਆ ਸੀ ਤਲਾਕ
ਓਟਵਾ/ਸਤਪਾਲ ਸਿੰਘ ਜੌਹਲ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਵੱਖ ਹੋ ਰਹੇ ਹਨ ਅਤੇ ਉਨ੍ਹਾਂ ਇਕ ਕਾਨੂੰਨੀ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਵਲੋਂ ਵੱਖ ਹੋਣ ਦੇ ਫੈਸਲੇ ਦੇ ਸੰਬੰਧ ਵਿਚ ਸਾਰੇ ਕਾਨੂੰਨੀ ਅਤੇ ਨੈਤਿਕ ਕਦਮ ਚੁੱਕੇ ਗਏ ਹਨ। ਇਨ੍ਹਾਂ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਐਲਾਨ ਵੀ ਕੀਤਾ ਹੈ। ਟਰੂਡੋ ਅਤੇ ਸੋਫੀ ਦਾ ਮਈ 2005 ਦੇ ਅਖੀਰ ਵਿਚ ਵਿਆਹ ਹੋਇਆ ਸੀ। ਜਸਟਿਨ ਟਰੂਡੋ ਅਤੇ ਉਸਦੀ ਪਤਨੀ ਸੋਫੀ ਦੇ ਤਿੰਨ ਬੱਚੇ ਹਨ, ਜਿਨ੍ਹਾਂ ਉਮਰ 15, 14 ਅਤੇ 9 ਸਾਲ ਹੈ। ਟਰੂਡੋ ਨੇ ਕਿਹਾ ਹੈ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਪਰਿਵਾਰ ਜੁੜਿਆਂ ਰਹੇ ਪਰ ਹਾਲਾਤ ਨੇ ਮਜਬੂਰ ਕਰ ਦਿੱਤਾ। ਪਰ ਵਿਰੋਧੀ ਧਿਰ ਕਹਿ ਰਹੀ ਹੈ ਅਗਲੀ ਚੋਣ ਨੂੰ ਲੈ ਕੇ ਸਿਆਸੀ ਪੈਂਤੜਾ ਹੈ।
ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਅਹੁਦੇ ‘ਤੇ ਰਹਿੰਦੇ ਹੋਏ ਆਪਣੀ ਪਤਨੀ ਤੋਂ ਵੱਖ ਹੋਣ ਵਾਲੇ ਜਸਟਿਨ ਟਰੂਡੋ ਦੂਜੇ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਪਿਯਰੇ ਟਰੂਡੋ 1979 ਵਿਚ ਆਪਣੀ ਪਤਨੀ ਮਾਰਗਿਟ ਨਾਲੋਂ ਵੱਖ ਹੋ ਗਏ ਸਨ ਅਤੇ 1984 ਵਿਚ ਦੋਵਾਂ ਦਾ ਤਲਾਕ ਹੋ ਗਿਆ ਸੀ। ਜਸਟਿਨ ਅਤੇ ਸੋਫੀ ਦਾ ਵਿਆਹ ਮਈ 2005 ਵਿਚ ਹੋਇਆ ਸੀ। ਜਸਟਿਨ ਟਰੂਡੋ ਕਈ ਵਾਰ ਜਨਤਕ ਤੌਰ ‘ਤੇ ਪਰਿਵਾਰ ਦੇ ਮਹੱਤਵ ਦੇ ਬਾਰੇ ਵਿਚ ਵੀ ਦੱਸ ਚੁੱਕੇ ਹਨ।
ਸਾਲ 2020 ਵਿਚ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਪੀਐਮ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਸਭ ਤੋਂ ਵੱਡਾ ਸਪੋਰਟ ਸਿਸਟਮ, ਸਭ ਤੋਂ ਚੰਗੀ ਦੋਸਤ ਅਤੇ ਇਕ ਬਿਹਤਰੀਨ ਪਾਰਟਨਰ ਹੈ। ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਬਹੁਤ ਕਠਿਨ ਅਤੇ ਅਹਿਮ ਚਰਚਾਵਾਂ ਤੋਂ ਬਾਅਦ ਹੀ ਇਹ ਫੈਸਲਾ ਲਿਆ ਹੈ।
ਟਰੂਡੋ ਦੇ ਦਫਤਰ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਵੱਖ ਹੋਣ ਤੋਂ ਬਾਅਦ ਦੋਵਾਂ ਦਾ ਫੋਕਸ ਬੱਚਿਆਂ ਦੀ ਸੰਭਾਲ ‘ਤੇ ਹੋਵੇਗਾ। ਟਰੂਡੋ ਪਰਿਵਾਰ ਅਗਲੇ ਹਫਤੇ ਇਕ ਵਕੇਸ਼ਨ ‘ਤੇ ਵੀ ਜਾਵੇਗਾ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਤਲਾਕ ਤੋਂ ਬਾਅਦ ਇਨ੍ਹਾਂ ਦੋਵਾਂ ਕੋਲ ਬੱਚਿਆਂ ਜਾਇੰਟ ਕਸਟਡੀ ਰਹੇਗੀ।
ਸੋਫੀ ਅਧਿਕਾਰਤ ਤੌਰ ‘ਤੇ ਓਟਾਵਾ ਵਿਚ ਰਹਿਣ ਲਈ ਚਲੀ ਜਾਵੇਗੀ। ਹਾਲਾਂਕਿ ਬੱਚਿਆਂ ਦੀ ਦੇਖਭਾਲ ਦੇ ਚੱਲਦਿਆਂ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਪ੍ਰਧਾਨ ਮੰਤਰੀ ਦਫਤਰ ਵਿਚ ਹੀ ਗੁਜਰੇਗਾ। ਧਿਆਨ ਰਹੇ ਕਿ ਪਿਯਰੇ ਅਤੇ ਜਸਟਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਿਤਾ-ਪੁੱਤਰ ਦੀ ਪਹਿਲੀ ਜੋੜੀ ਹੈ। ਜਸਟਿਨ ਟਰੂਡੋ ਨੇ ਸਾਲ 2005 ਵਿਚ ਸੋਫੀ ਨਾਲ ਵਿਆਹ ਕਰਵਾਇਆ ਸੀ। ਜਸਟਿਨ ਨੇ 1994 ਵਿਚ ਮੈਕਗਿਲ ਯੂਨੀਵਰਸਿਟੀ ਤੋਂ ਸਾਹਿਤ ਵਿਚ ਗਰੈਜੂਏਸ਼ਨ ਕੀਤਾ ਅਤੇ ਫਿਰ 1998 ਵਿਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਵੈਨਕੂਵਰ ਵਿਚ ਸੈਕੰਡਰੀ ਸਕੂਲ ਪੱਧਰ ‘ਤੇ ਫਰੈਂਚ, ਹਿਊਮੈਨਟੀਜ਼, ਮੈਥ ਅਤੇ ਡਰਾਮਾ ਵਿਸ਼ਾ ਵੀ ਪੜ੍ਹਾਇਆ। ਵਿਆਹ ਤੋਂ ਅਗਲੇ ਸਾਲ 2006 ਵਿਚ ਟਰੂਡੋ ਨੂੰ ਲਿਬਰਲ ਪਾਰਟੀ ਵਿਚ ਅਹਿਮ ਅਹੁਦਾ ਮਿਲਿਆ।
2018 ‘ਚ ਪਰਿਵਾਰ ਨਾਲ ਤਾਜ ਮਹੱਲ ਦੇਖਣ ਵੀ ਪਹੁੰਚੇ ਸਨ ਟਰੂਡੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 2018 ਵਿਚ ਇਕ ਹਫਤੇ ਦੇ ਦੌਰੇ ‘ਤੇ ਭਾਰਤ ਪਹੁੰਚੇ ਸਨ। ਇਸ ਦੌਰਾਨ ਉਹ ਆਪਣੇ ਪਰਿਵਾਰ ਦੇ ਨਾਲ ਤਾਜ ਮਹੱਲ ਦੇਖਣ ਵੀ ਗਏ ਸਨ। ਜਿੱਥੇ ਵਿਜ਼ਟਰ ਬੁੱਕ ਵਿਚ ਜਸਟਿਨ ਟਰੂਡੋ ਨੇ ਲਿਖਿਆ ਸੀ ਕਿ ਤਾਜ ਮਹੱਲ ਦੁਨੀਆ ਦੀ ਸਭ ਤੋਂ ਸੁੰਦਰ ਜਗ੍ਹਾ ਹੈ। ਇਹ ਮੇਰੀ ਵੰਡਰਫੁੱਲ ਵਿਜ਼ਿਟ ਹੈ, ਇਸਦੇ ਲਈ ਸਭ ਦਾ ਧੰਨਵਾਦ। ਜਸਟਿਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਵੀ ਗਏ ਸਨ। ਜ਼ਿਕਰਯੋਗ ਹੈ ਕਿ ਗਾਂਧੀਨਗਰ ‘ਚ ਸਵਾਮੀਨਾਥਨ ਅਕਸ਼ਰਥਾਮ ਮੰਦਰ ਵਿਚ ਦਰਸ਼ਨਾਂ ਦੇ ਦੌਰਾਨ ਟਰੂਡੋ ਪਰਿਵਾਰ ਭਾਰਤ ਦੇ ਪਰੰਪਰਿਕ ਪਹਿਰਾਵੇ ਵਿਚ ਨਜ਼ਰ ਆਇਆ ਸੀ।