Breaking News
Home / ਹਫ਼ਤਾਵਾਰੀ ਫੇਰੀ / ਜਾਖੜ ਕਿਸਾਨਾਂ ਦੀ ਕਰਜ਼ ਮੁਆਫ਼ੀ ਦੇ ਕਾਗ਼ਜ਼ਾਂ ਸਮੇਤ ਸੰਸਦ ਪਹੁੰਚੇ

ਜਾਖੜ ਕਿਸਾਨਾਂ ਦੀ ਕਰਜ਼ ਮੁਆਫ਼ੀ ਦੇ ਕਾਗ਼ਜ਼ਾਂ ਸਮੇਤ ਸੰਸਦ ਪਹੁੰਚੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਾਧਿਆ ਸਿਆਸੀ ਹਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਪੰਜਾਬ ਦੇ ਖੇਤੀ ਕਰਜ਼ਾ ਮੁਆਫੀ ਦੇ 4,14, 275 ਲਾਭਪਾਤਰੀ ਕਿਸਾਨਾਂ ਦੇ ਨਾਵਾਂ ਵਾਲੀ ਸੂਚੀ ਜਾਰੀ ਕਰਕੇ ਕਾਂਗਰਸ ਸਰਕਾਰ ਦੀ ਖੇਤੀ ਕਰਜ਼ਾ ਮੁਆਫੀ ਸਕੀਮ ਬਾਰੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਦੇ ਸ਼ੰਕਿਆਂ ਨੂੰ ਝੁਠਲਾ ਦਿੱਤਾ। ਇਸ ਸਕੀਮ ਤਹਿਤ ਸਹਿਕਾਰੀ ਬੈਂਕ ਦੇ ਕਰਜ਼ਿਆਂ ਪ੍ਰਤੀ ਹਰੇਕ ਕਿਸਾਨ ਨੂੰ 56,737 ਰੁਪਏ ਅਤੇ ਵਪਾਰਕ ਬੈਂਕਾਂ ਦੇ ਕਰਜ਼ਿਆਂ ਪ੍ਰਤੀ ਹਰੇਕ ਕਿਸਾਨ ਨੂੰ 1,62,830 ਰੁਪਏ ਦੀ ਮੁਆਫੀ ਦਿੱਤੀ ਗਈ ਹੈ। ਜਾਖੜ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਪਾਰਟੀ ਪੱਧਰ ਤੋਂ ਉੱਠ ਕੇ ਕੇਂਦਰੀ ਵਸੀਲਿਆਂ ਦੀ ਵੰਡ ਕਰਨ ਲਈ ਕਿਹਾ ਤਾਂ ਜੋ ਸੰਕਟ ਵਿੱਚ ਡੁੱਬੇ ਮੁਲਕ ਦੇ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕੇ।
ਸੰਸਦ ਭਵਨ ਦੇ ਅਹਾਤੇ ਵਿੱਚ ਖੇਤੀ ਕਰਜ਼ਾ ਮੁਆਫੀ ਸਕੀਮ ਦੇ ਪੰਜਾਬ ਦੇ ਲਾਭਪਾਤਰੀਆਂ ਦੀ ਸੂਚੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਜਾਖੜ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਮਾਮਲੇ ‘ਤੇ ਝੂਠ ਬੋਲਿਆ ਹੈ ਅਤੇ ਉਨ੍ਹਾਂ ਨੂੰ ਸੰਕਟਗ੍ਰਸਤ ਕਿਸਾਨਾਂ ਦੇ ਦੁੱਖਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਪ੍ਰਧਾਨ ਮੰਤਰੀ ਦੇ ਝੂਠ ਦਾ ਪੋਸਟਰ ਦਿਖਾਉਂਦਿਆਂ ਕਾਂਗਰਸੀ ਸੰਸਦ ਮੈਂਬਰ ਨੇ ਪੱਤਰਕਾਰਾਂ ਅੱਗੇ ਕਰਜ਼ਾ ਮੁਆਫੀ ਦੇ ਲਾਭਪਾਤਰੀਆਂ ਦੇ ਨਾਵਾਂ ਸਮੇਤ ਸਾਰੇ ਸਬੰਧਤ ਦਸਤਾਵੇਜ਼ ਪੇਸ਼ ਕੀਤੇ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਜਾਖੜ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਨਵੀਆਂ ਬਣੀਆਂ ਕਾਂਗਰਸ ਸਰਕਾਰਾਂ ਵੱਲੋਂ ਐਲਾਨੀਆਂ ਕਰਜ਼ਾ ਮੁਆਫੀ ਸਕੀਮਾਂ ਦੇ ਮੁੱਦੇ ‘ਤੇ ਲੰਘੀ 27 ਦਸੰਬਰ ਨੂੰ ਮੋਦੀ ਵੱਲੋਂ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿੱਚ ਇਕ ਜਨਤਕ ਇਕੱਠ ਦੌਰਾਨ ਕੀਤੀ ਟਿੱਪਣੀ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਜਾਖੜ ਨੇ ਇਹ ਪੱਤਰ ਬਾਅਦ ਵਿੱਚ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਸੌਂਪਿਆ। ਾਖੜ ਨੇ ਪੱਤਰ ਵਿੱਚ ਕਿਹਾ ਕਿ ਨਾ ਸਿਰਫ ਪ੍ਰਧਾਨ ਮੰਤਰੀ ਨੇ ਇਨ੍ਹਾਂ ਸਕੀਮਾਂ ਨੂੰ ਅਣਗੌਲਿਆਂ ਕਰਕੇ ਕਿਸਾਨਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਗੋਂ ਗੁਮਰਾਹਕੁਨ ਬਿਆਨ ਵੀ ਦਿੱਤਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਵਾਅਦੇ ‘ਤੇ ਕੁਝ ਨਹੀਂ ਕੀਤਾ ਅਤੇ ਇੱਥੋਂ ਤੱਕ ਕਿ ਸੂਬੇ ਨੇ ਇਕ ਵੀ ਕਿਸਾਨ ਨੂੰ ਕੋਈ ਰਾਹਤ ਨਹੀਂ ਦਿੱਤੀ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …