ਤਲਵਿੰਦਰ ਸਿੰਘ ਬੁੱਟਰ
ਸਾਲ-2018 ਵਿਸ਼ਵ-ਵਿਆਪੀ ਸਿੱਖ ਕੌਮ ਲਈ ਬੇਹੱਦ ਉਥਲ-ਪੁਥਲ ਵਾਲਾ ਰਿਹਾ। ਧਾਰਮਿਕ ਲੀਡਰਸ਼ਿਪ ਦੀ ਭਰੋਸੇਯੋਗਤਾ ਦਾ ਸੰਕਟ ਇਸ ਵਰ੍ਹੇ ਵੀ ਬਰਕਰਾਰ ਰਿਹਾ। ਡੇਰਾ ਸਿਰਸਾ ਮੁਖੀ ਨੂੰ 2015 ‘ਚ ਮਾਫ਼ੀ ਦੇਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਹੁਦਾ ਛੱਡ ਦੇਣ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਯਾਦਾ ਅਤੇ ਜਥੇਦਾਰਾਂ ਪ੍ਰਤੀ ਪੰਥ ਦੀ ਬੇਭਰੋਸਗੀ ਦੂਰ ਨਹੀਂ ਹੋ ਸਕੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੇ ਤੌਰ-ਤਰੀਕਿਆਂ ‘ਤੇ ਵੱਡੀ ਪੱਧਰ ‘ਤੇ ਕਿੰਤੂ-ਪ੍ਰੰਤੂ ਉਠੇ। ਦੀਵਾਲੀ ਅਤੇ ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੰਦੇਸ਼ ਪੜ੍ਹਨ ਦਾ ਵਿਰੋਧ ਵੀ ਗਿਆਨੀ ਗੁਰਬਚਨ ਸਿੰਘ ਵਾਂਗ ਜਾਰੀ ਰਿਹਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੇ ਪਰਿਵਾਰ ਅਤੇ ਅੱਧੀ ਦਰਜਨ ਮੰਤਰੀਆਂ ਤੇ ਅਨੇਕਾਂ ਸੰਸਦ ਮੈਂਬਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣਾ ਅਤੇ ਸ਼੍ਰੋਮਣੀ ਕਮੇਟੀ ਸਮੇਤ ਪੰਜਾਬ ਦੇ ਸਮੁੱਚੇ ਸਿੱਖਾਂ ਵਲੋਂ ਟਰੂਡੋ ਦਾ ਭਾਵ-ਭਿੰਨਾ ਤੇ ਜੋਸ਼ੀਲਾ ਸਵਾਗਤ ਕਰਨਾ ਇਸ ਸਾਲ ਦਾ ਅਭੁੱਲ ਤੇ ਇਤਿਹਾਸਕ ਘਟਨਾਕ੍ਰਮ ਸੀ। ਸਿੱਖ ਧਰਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੈਨੇਡਾ ਦੇ ਇਕ ਪ੍ਰਧਾਨ ਮੰਤਰੀ ਦੀ ਯਾਤਰਾ ਸਿੱਖ ਧਰਮ ਪ੍ਰਤੀ ਦੁਨੀਆ ਨੂੰ ਜਾਣੂ ਕਰਵਾਉਣ ਦਾ ਚੰਗਾ ਸਬੱਬ ਹੋ ਨਿਬੜੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ‘ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਦੇ ਨਾਲ ਵੀ ਸਿੱਖਾਂ ਦੀ ਦਸਤਾਰ ਨੂੰ ਕੌਮਾਂਤਰੀ ਪੱਧਰ ‘ਤੇ ਪਛਾਣ ਮਿਲੀ ਹੈ। ਇਸੇ ਦੌਰਾਨ ਹੀ ਸਿੱਧੂ ਵਲੋਂ 2019 ‘ਚ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ ਸਥਿਤ ਸਰਹੱਦੀ ਸੈਕਟਰ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਵਿਸ਼ੇਸ਼ ਸਰਹੱਦੀ ਲਾਂਘੇ ਦੀ ਮੰਗ ਉਠਾਈ ਗਈ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਲੋਂ ਕਰਤਾਰਪੁਰ ਦੇ ਲਾਂਘੇ ਲਈ ਹਾਂ-ਪੱਖੀ ਦਿਸ਼ਾ ‘ਚ ਕਦਮ ਚੁੱਕਣ ਤੋਂ ਬਾਅਦ ਕੌਮਾਂਤਰੀ ਮੀਡੀਆ ‘ਚ ਕਰਤਾਰਪੁਰ ਦਾ ਲਾਂਘਾ ਦੱਖਣੀ ਏਸ਼ੀਆ ‘ਚ ਸ਼ਾਂਤੀ ਤੇ ਸਦਭਾਵਨਾ ਦੀ ਸਾਜਗਾਰ ਸੰਭਾਵਨਾ ਦੇ ਪ੍ਰਤੀਕ ਵਜੋਂ ਉਭਰਿਆ।
ਇਸੇ ਤਰ੍ਹਾਂ ਅਗਸਤ ਮਹੀਨੇ ਭਾਰਤ ਦੇ ਕੇਰਲਾ ‘ਚ ਆਏ ਹੜ੍ਹਾਂ ਦੌਰਾਨ ਬਰਤਾਨੀਆ ਆਧਾਰਤ ਸਮਾਜ ਸੇਵੀ ਸਿੱਖ ਸੰਸਥਾ ‘ਖ਼ਾਲਸਾ ਏਡ’ ਵਲੋਂ ਲੰਗਰ, ਦਵਾਈਆਂ ਅਤੇ ਹੋਰ ਰਾਹਤ ਕਾਰਜਾਂ ‘ਚ ਅੱਗੇ ਹੋ ਕੇ ਨਿਭਾਈ ਭੂਮਿਕਾ ਵੀ ਵਿਸ਼ਵ ਮੀਡੀਆ ਦੀਆਂ ਸੁਰਖ਼ੀਆਂ ‘ਚ ਰਹੀ। ਇਕ ਕੌਮਾਂਤਰੀ ਸਰਵੇਖਣ ਵਿਚ ਸਿੱਖ ਧਰਮ ਨੂੰ ਪ੍ਰਤੀ ਵਿਅਕਤੀ ਆਮਦਨ ‘ਚ ਸੰਸਾਰ ਦਾ ਦੂਜਾ ਸਭ ਤੋਂ ਅਮੀਰ ਧਰਮ ਮੰਨਿਆ ਗਿਆ। ਅਮਰੀਕਾ ‘ਚ 28 ਸਾਲਾ ਦਸਤਾਰਧਾਰੀ ਸਿੱਖ ਕੁੜੀ ਅਰਪਿੰਦਰ ਕੌਰ ਨੂੰ ਪਾਇਲਟ ਬਣਨ ਦਾ ਮਾਣ ਹਾਸਲ ਹੋਇਆ। ਦੂਜਿਆਂ ਨੂੰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਅਤੇ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਦੇ ਉਦੇਸ਼ ਨਾਲ ਨਿਊਯਾਰਕ ਪੁਲਿਸ ਵਿਭਾਗ ਵਲੋਂ ਪਹਿਲੀ ਦਸਤਾਰਧਾਰੀ ਸਿੱਖ ਕੁੜੀ ਗੁਰਸੋਚ ਕੌਰ ਨੂੰ ਸਹਾਇਕ ਪੁਲਿਸ ਅਧਿਕਾਰੀ ਵਜੋਂ ਭਰਤੀ ਕੀਤਾ ਗਿਆ।
ਸੇਵਾ ਦੇ ਸੰਕਲਪ ਰਾਹੀਂ ਵਿਸ਼ਵ ਭਰ ‘ਚ ਸਿੱਖ ਕੌਮ ਦਾ ਨਾਂਅ ਰੌਸ਼ਨ ਕਰਨ ਵਾਲੀ ਸਮਾਜ ਸੇਵੀ ਸੰਸਥਾ ‘ਖ਼ਾਲਸਾ ਏਡ’ ਦੇ ਸੰਸਥਾਪਕ ਰਵੀ ਸਿੰਘ ਵਲੋਂ ‘ਇੰਡੀਅਨ ਆਫ਼ ਦਾ ਯੀਅਰ’ ਪੁਰਸਕਾਰ ਲਈ ਆਪਣੀ ਨਾਮਜ਼ਦਗੀ ਨੂੰ ਠੁਕਰਾਉਣਾ ਵੀ ਇਕ ਮਹੱਤਵਪੂਰਨ ਘਟਨਾ ਸੀ, ਜਿਸ ਨਾਲ ਰਵੀ ਸਿੰਘ ਨੇ ਭਾਰਤ ‘ਚ ਸਿੱਖਾਂ ਨਾਲ ਹੋਈਆਂ ਜ਼ਿਆਦਤੀਆਂ ਪ੍ਰਤੀ ਆਪਣੇ ਰੋਸ ਦੀ ਭਾਵਨਾ ਨੂੰ ਦੁਨੀਆ ਸਾਹਮਣੇ ਰੱਖਣ ਦਾ ਸਫਲ ਯਤਨ ਕੀਤਾ।
ਇਕ ਜੁਲਾਈ ਨੂੰ ਅਫ਼ਗਾਨਿਸਤਾਨ ‘ਚ ਆਤਮਘਾਤੀ ਹਮਲੇ ਦੌਰਾਨ 12 ਸਥਾਨਕ ਸਿੱਖ ਆਗੂਆਂ ਦੀ ਹੱਤਿਆ, ਸਾਲ 2018 ਦੀ ਸਿੱਖ ਕੌਮ ਲਈ ਸਭ ਤੋਂ ਮਨਹੂਸ ਘਟਨਾ ਸੀ। ਇਹ ਆਤਮਘਾਤੀ ਹਮਲਾ ਉਦੋਂ ਹੋਇਆ ਜਦੋਂ ਅਫ਼ਗਾਨਿਸਤਾਨ ਦੇ ਘੱਟ-ਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਪ੍ਰਤੀਨਿਧ ਵਜੋਂ ਸੰਸਦ ਮੈਂਬਰ ਦੇ ਉਮੀਦਵਾਰ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਦੀ ਅਗਵਾਈ ‘ਚ ਸਿੱਖ ਅਤੇ ਹਿੰਦੂ ਆਗੂਆਂ ਦਾ ਵਫ਼ਦ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੂੰ ਮਿਲਣ ਜਾ ਰਿਹਾ ਸੀ।
ਸਿੱਖਾਂ ਦੀ ਪਛਾਣ ਦੇ ਭੁਲੇਖੇ ਕਾਰਨ ਵਿਦੇਸ਼ਾਂ ‘ਚ ਨਸਲੀ ਹਮਲਿਆਂ ਦਾ ਸਿਲਸਿਲਾ ਇਸ ਵਰ੍ਹੇ ਵੀ ਨਹੀਂ ਰੁਕ ਸਕਿਆ। ਸਾਲ 2018 ਦੌਰਾਨ ਅਮਰੀਕਾ ‘ਚ ਹਰ ਹਫ਼ਤੇ ਘੱਟੋ-ਘੱਟ ਇਕ ਸਿੱਖ ਨੂੰ ਨਸਲੀ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ। ਬਰਤਾਨਵੀ ਸੰਸਦ ਦੇ ਬਾਹਰ ਵੀ ਇਕ ਸਿੱਖ ਨੂੰ ‘ਮੁਸਲਮਾਨ’ ਸਮਝ ਕੇ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ। ਇਕ ਗੋਰੇ ਹਮਲਾਵਰ ਨੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ ਲਈ ਸੰਸਦ ਦੇ ਬਾਹਰ ਖੜ੍ਹੇ ਇਕ ਸਿੱਖ ਰਵਨੀਤ ਸਿੰਘ ‘ਤੇ ‘ਮੁਸਲਮਾਨ ਵਾਪਸ ਜਾਓ’ ਆਖ ਕੇ ਹਮਲਾ ਕਰ ਦਿੱਤਾ ਅਤੇ ਉਸ ਦੀ ਦਸਤਾਰ ਲਾਹੁਣ ਦੀ ਕੋਸ਼ਿਸ਼ ਵੀ ਕੀਤੀ। ਬਰਤਾਨੀਆ ਦੇ ਵੈਸਟ ਮਿੱਡਲੈਂਡਜ਼ ਇਲਾਕੇ ਦੇ ਸਮੈੱਥਵਿੱਕ ਟਾਊਨ ‘ਚ ਪਹਿਲੀ ਸੰਸਾਰ ਜੰਗ ਦੇ ਇਕ ਸਿੱਖ ਫ਼ੌਜੀ ਨਾਇਕ ਦੇ ਨਵੰਬਰ ਮਹੀਨੇ ‘ਚ ਸਥਾਪਤ ਕੀਤੇ ਗਏ ਬੁੱਤ ਨੂੰ ਕੁਝ ਦਿਨਾਂ ਬਾਅਦ ਹੀ ਸ਼ਰਾਰਤੀ ਲੋਕਾਂ ਵਲੋਂ ਤੋੜ ਦਿੱਤਾ ਗਿਆ। ਅਕਤੂਬਰ ਮਹੀਨੇ ਆਸਟਰੇਲੀਆ ਦੇ ਮੈਲਬਰਨ ‘ਚ ਸਿਟੀ ਕੌਂਸਲ ਚੋਣਾਂ ਦੇ ਇਕ ਸਿੱਖ ਉਮੀਦਵਾਰ ਨੂੰ ਵੀ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਵਿਆਪਕ ਯਤਨਾਂ ਦੇ ਬਾਵਜੂਦ ਅਜੇ ਤੱਕ ਦੁਨੀਆ ਨੂੰ ਸਿੱਖ ਧਰਮ ਦੀ ਨਿਰਾਲੀ ਪਛਾਣ ਤੇ ਸਰਬ-ਕਲਿਆਣਕਾਰੀ ਫ਼ਲਸਫ਼ੇ ਤੋਂ ਸਹੀ ਰੂਪ ‘ਚ ਜਾਣੂ ਨਹੀਂ ਕਰਵਾਇਆ ਜਾ ਸਕਿਆ।
ਸਾਲ 2018 ਦੌਰਾਨ ਵੀ ਫਰਾਂਸ ‘ਚ ਦਸਤਾਰ ‘ਤੇ ਪਾਬੰਦੀ ਸਮੇਤ ਵੱਖ-ਵੱਖ ਮੁਲਕਾਂ ਵਿਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਖ਼ਤਰੇ ਬਰਕਰਾਰ ਰਹੇ। ਸੁਰੱਖਿਆ ਦੇ ਨਾਂਅ ‘ਤੇ ਹਵਾਈ ਅੱਡਿਆਂ ‘ਤੇ ਦਸਤਾਰ ਦੀ ਬੇਅਦਬੀ ਦਾ ਸਿਲਸਿਲਾ ਵੀ ਜਾਰੀ ਰਿਹਾ। ਇੱਥੋਂ ਤੱਕ ਕਿ ਕੈਨੇਡਾ ਦੇ ਮੰਤਰੀ ਨਵਦੀਪ ਸਿੰਘ ਬੈਂਸ ਨੂੰ ਵੀ ਅਮਰੀਕਾ ਦੇ ਇਕ ਹਵਾਈ ਅੱਡੇ ‘ਤੇ ਸੁਰੱਖਿਆ ਮੁਲਾਜ਼ਮਾਂ ਵਲੋਂ ਦਸਤਾਰ ਉਤਾਰਨ ਲਈ ਮਜਬੂਰ ਕੀਤਾ ਗਿਆ, ਜਿਸ ਬਾਰੇ ਬਾਅਦ ਵਿਚ ਅਮਰੀਕਾ ਨੂੰ ਆਪਣੀ ਗ਼ਲਤੀ ਮੰਨਦਿਆਂ ਮਾਫ਼ੀ ਵੀ ਮੰਗਣੀ ਪਈ। ਸਾਲ ਦੇ ਅਖ਼ੀਰ ‘ਚ ਕੈਨੇਡਾ ਸਰਕਾਰ ਵਲੋਂ ਪਾਬੰਦੀਸ਼ੁਦਾ ਦਹਿਸ਼ਤਗਰਦ ਸਮੂਹਾਂ ਬਾਰੇ ਜਾਰੀ ਸੂਚੀ ‘ਚ ਸਿੱਖਾਂ ਨੂੰ ‘ਅੱਤਵਾਦੀ’ ਲਿਖਣ ਦਾ ਦੁਨੀਆ ਭਰ ਦੇ ਸਿੱਖਾਂ ਤੋਂ ਇਲਾਵਾ ਕੈਨੇਡਾ ਦੀਆਂ ਵਿਰੋਧੀ ਰਾਜਨੀਤਕ ਪਾਰਟੀਆਂ ਨੇ ਵੀ ਜ਼ੋਰਦਾਰ ਵਿਰੋਧ ਕੀਤਾ, ਜਿਸ ਤੋਂ ਬਾਅਦ ਕੈਨੇਡਾ ਸਰਕਾਰ ਨੂੰ ਆਪਣੇ ਵਿਵਾਦਗ੍ਰਸਤ ਫ਼ੈਸਲੇ ‘ਤੇ ਮੁੜ-ਵਿਚਾਰ ਦਾ ਭਰੋਸਾ ਦੇਣਾ ਪਿਆ।
ਵਿਦੇਸ਼ਾਂ ਦੇ ਨਾਲ-ਨਾਲ ਭਾਰਤ ‘ਚ ਵੀ ਸਿੱਖਾਂ ਲਈ ਖ਼ਤਰੇ ਤੇ ਚੁਣੌਤੀਆਂ ਸਾਰਾ ਸਾਲ ਬਰਕਰਾਰ ਰਹੀਆਂ। ਮਈ ਮਹੀਨੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ‘ਚ ਇਕ ਸਥਾਨਕ ਭਾਈਚਾਰੇ ਨਾਲ ਸਬੰਧਤ ਲੋਕਾਂ ਵਲੋਂ ਸਿੱਖਾਂ ‘ਤੇ ਹਮਲਿਆਂ ਦੌਰਾਨ ਭੜਕੀਆਂ ਭੀੜਾਂ ਵਲੋਂ ਸਿੱਖਾਂ ਦਾ ਭਾਰੀ ਮਾਲੀ ਨੁਕਸਾਨ ਕੀਤਾ ਗਿਆ, ਜਿਸ ਨੇ ਇਕ ਵਾਰ ਮੁੜ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ ਦਿਵਾ ਦਿੱਤੀ। ਸਾਲ 2018 ‘ਚ ਨਵੰਬਰ ’84 ਦੇ ਸਿੱਖ ਕਤਲੇਆਮ ਸਬੰਧੀ ਅਦਾਲਤਾਂ ਵਲੋਂ ਤਿੰਨ ਵੱਡੇ ਇਤਿਹਾਸਕ ਫ਼ੈਸਲੇ ਦਿੱਤੇ ਗਏ, ਜਿਨ੍ਹਾਂ ਨੇ ਪਿਛਲੇ 34 ਸਾਲਾਂ ਤੋਂ ਇਨਸਾਫ਼ ਲਈ ਅਦਾਲਤਾਂ ‘ਚ ਭਟਕ ਰਹੇ ਪੀੜਤਾਂ ਨੂੰ ਇਨਸਾਫ਼ ਦੀ ਕਿਰਨ ਦਿਖਾਈ ਹੈ। 17 ਦਸੰਬਰ ਨੂੰ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ‘ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਦੇ ਦੋਹਰੇ ਬੈਂਚ ਨੇ ਮਰਨ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਇਸ ਮਾਮਲੇ ‘ਚ ਹੋਰ ਦੋਸ਼ੀਆਂ ਬਲਵਾਨ ਖੋਖਰ, ਕੈਪਟਨ ਭਾਗਮਲ ਤੇ ਗਿਰਧਾਰੀ ਲਾਲ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ਦੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਦੀ ਸਜ਼ਾ 3-3 ਸਾਲ ਤੋਂ ਵਧਾ ਕੇ 10-10 ਸਾਲ ਤੱਕ ਕਰ ਦਿੱਤੀ। ਇਸ ਤੋਂ ਪਹਿਲਾਂ 20 ਨਵੰਬਰ ਨੂੰ ਵੀ ਸਿੱਖ ਕਤਲੇਆਮ ਨਾਲ ਸਬੰਧਤ ਇਕ ਵੱਖਰੇ ਦੋਹਰੇ ਕਤਲ ਕੇਸ ‘ਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਯਸ਼ਪਾਲ ਸਿੰਘ ਨਾਂਅ ਦੇ ਦੋਸ਼ੀ ਨੂੰ ਫਾਂਸੀ ਦੀ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਕ ਹੋਰ ਫ਼ੈਸਲੇ ਵਿਚ ਦਿੱਲੀ ਉੱਚ-ਅਦਾਲਤ ਨੇ ਸਿੱਖ ਕਤਲੇਆਮ ਦੇ 88 ਦੋਸ਼ੀਆਂ ਦੀ ਸਿੱਖ ਕਤਲੇਆਮ ‘ਚ ਸ਼ਮੂਲੀਅਤ ਸਬੰਧੀ 5-5 ਸਾਲ ਦੀ ਸਜ਼ਾ ਬਰਕਰਾਰ ਰੱਖੀ ਹੈ।
ਬਾਹਰੀ ਚੁਣੌਤੀਆਂ-ਸਮੱਸਿਆਵਾਂ ਦੇ ਨਾਲ-ਨਾਲ ਇਸ ਵਰ੍ਹੇ ਸਿੱਖ ਪੰਥ ਦੇ ਅੰਦਰੂਨੀ ਵਾਦ-ਵਿਵਾਦ ਤੇ ਚੁਣੌਤੀਆਂ ਵੀ ਬਣੀਆਂ ਰਹੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ‘ਚ ਕੈਪਟਨ ਸਰਕਾਰ ਵਲੋਂ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪੜਤਾਲੀਆ ਰਿਪੋਰਟ 28 ਅਗਸਤ ਨੂੰ ਵਿਧਾਨ ਸਭਾ ‘ਚ ਪੇਸ਼ ਕੀਤੀ ਗਈ ਅਤੇ ਇਨ੍ਹਾਂ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਦੀ ਥਾਂ ਪੰਜਾਬ ਪੁਲਿਸ ਦੀ ‘ਵਿਸ਼ੇਸ਼ ਜਾਂਚ ਟੀਮ’ ਤੋਂ ਕਰਵਾਉਣ ਸਬੰਧੀ ਵਿਧਾਨ ਸਭਾ ‘ਚ ਮਤਾ ਪਾਸ ਕੀਤਾ ਗਿਆ। ‘ਵਿਸ਼ੇਸ਼ ਜਾਂਚ ਟੀਮ’ ਵਲੋਂ ਬਹਿਬਲ ਕਲਾਂ ਗੋਲੀ ਕਾਂਡ ਤੇ ਬਰਗਾੜੀ ਕਾਂਡ ਸਬੰਧੀ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਫਿਲਮ ਕਲਾਕਾਰ ਅਕਸ਼ੈ ਕੁਮਾਰ ਨੂੰ ਤਲਬ ਕੀਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੀ 11ਵੀਂ ਅਤੇ 12ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿਚ ਸਿੱਖ ਇਤਿਹਾਸ ਦੇ ਤੱਥਾਂ ਨੂੰ ਕਥਿਤ ਤੌਰ ‘ਤੇ ਤੋੜ-ਮਰੋੜ ਕੇ ਪੇਸ਼ ਕਰਨ ਦਾ ਵਿਵਾਦ ਵੀ ਭਖਿਆ ਰਿਹਾ। ਇਸੇ ਤਰ੍ਹਾਂ ਵਿਵਾਦਗ੍ਰਸਤ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨੁੱਖੀ ਕਿਰਦਾਰ ਨਿਭਾਏ ਜਾਣ ਦਾ ਜ਼ੋਰਦਾਰ ਵਿਰੋਧ ਹੋਇਆ। ਸ਼੍ਰੋਮਣੀ ਕਮੇਟੀ ਵਲੋਂ ਭਾਰੀ ਇਤਰਾਜ਼ ਉਠਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਗੁਰਦੁਆਰਿਆਂ ਦੇ ਲੰਗਰਾਂ ਦੀਆਂ ਵਸਤਾਂ ਨੂੰ ਇਕ ਵਿਸ਼ੇਸ਼ ਯੋਜਨਾ ਤਹਿਤ ਜੀ.ਐਸ.ਟੀ. ਮੁਕਤ ਕਰਨ ਦਾ ਫ਼ੈਸਲਾ ਕੀਤਾ।
ਖੁੱਸੇ ਪੰਥਕ ਵਿਸ਼ਵਾਸ ਨੂੰ ਮੁੜ ਹਾਸਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਤਿੰਨ ਦਿਨ ਸੇਵਾ ਕਰਕੇ ਅਨਜਾਣੇ ‘ਚ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਕੀਤੀ ਗਈ। ਪਹਿਲੀ ਜੂਨ ਤੋਂ ਬਰਗਾੜੀ ‘ਚ ਮੁਤਵਾਜ਼ੀ ਜਥੇਦਾਰਾਂ ਵਲੋਂ 2015 ਦੇ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲਗਾਇਆ ਗਿਆ ਮੋਰਚਾ 9 ਦਸੰਬਰ ਨੂੰ ਪੰਜਾਬ ਸਰਕਾਰ ਵਲੋਂ ਬੇਅਦਬੀ ਮਾਮਲਿਆਂ ਨਾਲ ਸਬੰਧਤ 23 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਮੇਤ ਮੋਰਚੇ ਦੀਆਂ ਤਿੰਨ ਨੁਕਾਤੀ ਮੰਗਾਂ ਮੰਨ ਲੈਣ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ ਪਰ ਮੋਰਚੇ ਦੀ ਸਮਾਪਤੀ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਦੋਫਾੜ ਹੋ ਗਏ ਅਤੇ ਮੋਰਚੇ ਦੀਆਂ ਹਮਾਇਤੀ ਸੰਗਤਾਂ ਵੀ ਧੜੇਬੰਦੀਆਂ ‘ਚ ਵੰਡੀਆਂ ਗਈਆਂ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਲਗਾਤਾਰ ਦੂਜੀ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ, ਸ. ਅਵਤਾਰ ਸਿੰਘ ਹਿੱਤ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਉਣਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀ ਦਿੱਲੀ ਇਕਾਈ ਭੰਗ ਕਰਕੇ ਜੀ.ਕੇ. ਨੂੰ ਪਾਰਟੀ ਦੀ ਦਿੱਲੀ ਇਕਾਈ ਪ੍ਰਧਾਨਗੀ ਅਹੁਦੇ ਤੋਂ ਲਾਹੁਣਾ ਸਾਲ 2018 ਦੇ ਮਹੱਤਵਪੂਰਨ ਪੰਥਕ ਘਟਨਾਕ੍ਰਮ ਸਨ।
ਇਸ ਤਰ੍ਹਾਂ ਸਾਲ 2018 ਸਿੱਖ ਕੌਮ ਲਈ ਕੌਮਾਂਤਰੀ ਪੱਧਰ ‘ਤੇ ਦਸ਼ਾ ਤੇ ਦਿਸ਼ਾ ਨੂੰ ਪ੍ਰਭਾਵਿਤ ਕਰਨ ਵਾਲਾ ਰਿਹਾ ਹੈ, ਜਿਸ ਦਾ ਲੇਖਾ-ਜੋਖਾ ਕਰਕੇ ਸਿੱਖ ਸਰਬਰਾਹਾਂ ਨੂੰ ਵਿਸ਼ਵ-ਵਿਆਪੀ ਸਿੱਖ ਕੌਮ ਦੀਆਂ ਭਵਿੱਖਮੁਖੀ ਯੋਜਨਾਵਾਂ ਤੇ ਨਵੇਂ ਸਰੋਕਾਰ ਤੈਅ ਕਰਨ ਦੀ ਲੋੜ ਹੈ, ਤਾਂ ਜੋ ਚੁਣੌਤੀਆਂ/ ਸਮੱਸਿਆਵਾਂ ਨੂੰ ਦੂਰ ਕਰਕੇ ਨਵੀਆਂ ਸੰਭਾਵਨਾਵਾਂ ਨੂੰ ਸਫਲਤਾਵਾਂ ਦਾ ਰੂਪ ਦਿੰਦਿਆਂ, ਸਿੱਖ ਕੌਮ ਅੱਜ ਦੇ ਵਿਸ਼ਵ ਪ੍ਰਸੰਗ ‘ਚ ਆਪਣੀ ਬਣਦੀ ਦੇਣ ਨਿਭਾਅ ਕੇ ਉੱਚੀਆਂ ਉਡਾਰੀਆਂ ਮਾਰਨ ਦੇ ਸਮਰੱਥ ਹੋ ਸਕੇ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …