4.3 C
Toronto
Wednesday, October 29, 2025
spot_img
Homeਮੁੱਖ ਲੇਖਨਵੇਂ ਸਰੋਕਾਰ ਤੈਅ ਕਰੇ ਸਿੱਖ ਕੌਮ

ਨਵੇਂ ਸਰੋਕਾਰ ਤੈਅ ਕਰੇ ਸਿੱਖ ਕੌਮ

ਤਲਵਿੰਦਰ ਸਿੰਘ ਬੁੱਟਰ
ਸਾਲ-2019 ਵਿਸ਼ਵ-ਵਿਆਪੀ ਸਿੱਖ ਕੌਮ ਲਈ ਚੁਣੌਤੀਆਂ, ਸਮੱਸਿਆਵਾਂ ਅਤੇ ਸੰਕਟਾਂ ਦੇ ਬਾਵਜੂਦ ਨਵੀਆਂ ਸੰਭਾਵਨਾਵਾਂ ਵਾਲਾ ਰਿਹਾ ਹੈ। ਬੇਸ਼ੱਕ ਸਾਲ 2015 ਦੇ ਬੇਅਦਬੀ ਮਾਮਲਿਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਤੋਂ ਬਾਅਦ ਸਿੱਖ ਕੌਮ ਅੰਦਰ ਰਵਾਇਤੀ ਸਿੱਖ ਲੀਡਰਸ਼ਿਪ ਪ੍ਰਤੀ ਬੇਭਰੋਸਗੀ ਬਰਕਰਾਰ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਸੰਸਥਾਵਾਂ, ਸਿਧਾਂਤਾਂ ਅਤੇ ਸੰਕਲਪਾਂ ਨੂੰ ਲੈ ਕੇ ਚੁਣੌਤੀਆਂ ਅਤੇ ਸਮੱਸਿਆਵਾਂ ਦੇ ਵਿਚੋਂ ਹੀ ਨਵੀਆਂ ਸੰਭਾਵਨਾਵਾਂ ਵੀ ਉਭਰੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪਿਛਲੇ ਸਾਲ ਵੱਖ-ਵੱਖ ਮੌਕਿਆਂ ‘ਤੇ ਪੰਥ ਦੇ ਨਾਂਅ ਜਾਰੀ ਕੀਤੇ ਆਦੇਸ਼ਾਂ ਅਤੇ ਸੰਦੇਸ਼ਾਂ ਵਿਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਲਮੀ ਸਿੱਖ ਪ੍ਰਸੰਗ ‘ਚ ਠੋਸ ਤੇ ਆਜ਼ਾਦ ਭੂਮਿਕਾ ਉੱਭਰ ਕੇ ਸਾਹਮਣੇ ਆਈ ਹੈ। ਭਾਵੇਂ ਕਸ਼ਮੀਰੀ ਮੁਸਲਮਾਨਾਂ ਨਾਲ ਹੋ ਰਹੀਆਂ ਵਧੀਕੀਆਂ ਹੋਣ, ਦੇਸ਼ ‘ਚ ਸਰਕਾਰੀ ਸਰਪ੍ਰਸਤੀ ਹੇਠ ਵੱਧ ਰਹੀ ਫ਼ਿਰਕਾਪ੍ਰਸਤੀ ਅਤੇ ਆਰ.ਐਸ.ਐਸ. ਦੀ ਹਿੰਦੂ ਰਾਸ਼ਟਰ ਦੀ ਨੀਤੀ ਹੋਵੇ, ਭਾਵੇਂ ਰਵਾਇਤੀ ਅਕਾਲੀ ਲੀਡਰਸ਼ਿਪ ਦੀ ਖੁਰ ਰਹੀ ਵਿਸ਼ਵਾਸਯੋਗਤਾ ਦਾ ਮੁੱਦਾ ਜਾਂ ਰਵਾਇਤੀ ਅਕਾਲੀ ਲੀਡਰਸ਼ਿਪ ਦੇ ਵਿਰੋਧੀ ਪੰਥਕ ਦਲਾਂ ਨਾਲ ਪੰਥਕ ਸਾਂਝ ਅਤੇ ਧਰਮ ਦੇ ਵਿਸ਼ਵਾਸ ਬਹਾਲੀ ਦੀ ਇੱਛਾ ਦਾ ਪ੍ਰਗਟਾਵਾ, ਇਨਾਂ ਸਾਰੇ ਮੁੱਦਿਆਂ ‘ਤੇ ਲੰਬੇ ਸਮੇਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਆਜ਼ਾਦ ਅਤੇ ਬੇਬਾਕ ਆਵਾਜ਼ ਸੁਣਨ ਨੂੰ ਮਿਲੀ ਹੈ। ਖ਼ਾਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕੌਮ ਦੇ ਨਾਂਅ ਸੰਦੇਸ਼ ਰਸਮੀ ਨਾ ਹੋ ਕੇ ਸਿੱਖ ਕੌਮ ਦੇ ਅਤੀਤ ਅਤੇ ਵਰਤਮਾਨ ਦਾ ਮੁਤਾਲਿਆ ਕਰਦਿਆਂ ਭਵਿੱਖ ਦੀ ਦਿਸ਼ਾ ਤੈਅ ਕਰਨ ਦਾ ਇਕ ਐਲਾਨਨਾਮਾ ਸਾਬਤ ਹੋਇਆ। ਬੇਸ਼ੱਕ ਇਹ ਐਲਾਨਨਾਮਾ ਪੰਥਕ ਆਗੂਆਂ ਅਤੇ ਸਿੱਖ ਆਵਾਮ ਦੀ ਦ੍ਰਿੜ ਇੱਛਾ ਸ਼ਕਤੀ ਅਤੇ ਹਿੰਮਤ ਤੋਂ ਬਗ਼ੈਰ ਅਮਲੀ ਰੂਪ ‘ਚ ਲਾਗੂ ਨਹੀਂ ਹੋ ਸਕੇਗਾ ਪਰ ਜਥੇਦਾਰ ਦਾ ਸੰਦੇਸ਼ ਸਿੱਖ ਕੌਮ ਦੇ ਉਸ ਸੁਚੇਤ ਤੇ ਬੌਧਿਕ ਹਿੱਸੇ ਲਈ ਵੀ ਇਕ ਧਰਵਾਸ ਬਣਿਆ ਜੋ ਇਕ ਜਾਂ ਦੂਜੇ ਕਾਰਨਾਂ ਕਰਕੇ ਲਗਾਤਾਰ ਇਹ ਮਹਿਸੂਸ ਕਰਦਾ ਆ ਰਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਸਿੱਖ ਪੰਥ ਦਾ ਸਰਬਸਾਂਝਾ ਸ਼ਕਤੀਸ਼ਾਲੀ ਕੌਮੀ ਧੁਰਾ ਬਣਨ ਦੀ ਬਜਾਇ ਇਕ ਵਿਸ਼ੇਸ਼ ਧਿਰ ਦੀਆਂ ਨੀਤੀਆਂ ਅਤੇ ਇੱਛਾਵਾਂ ਦੀ ਪੂਰਤੀ ਕਰ ਰਹੀ ਹੈ।
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਸਾਲ 2019 ਦਾ ਸਭ ਤੋਂ ਵੱਡਾ ਇਤਿਹਾਸਕ ਘਟਨਾਕ੍ਰਮ ਰਿਹਾ। ਇਸ ਲਾਂਘੇ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨਛੋਹ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਕੌਮ ਦੀ 72 ਸਾਲਾਂ ਦੀ ਅਰਦਾਸ ਪੂਰੀ ਕੀਤੀ ਹੈ, ਉੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵਾਸ ਅਤੇ ਦੋਸਤੀ ਦੇ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਦੇ ਨਾਲ ਦੱਖਣੀ ਏਸ਼ੀਆ ‘ਚ ਸਦੀਵੀ ਅਮਨ ਦਾ ਰਾਹ ਵੀ ਖੋਲਿਆ ਹੈ। ਕੈਨੇਡਾ ‘ਚ ਮੁੜ ਜਸਟਿਨ ਟਰੂਡੋ ਦੀ ਸਰਕਾਰ ਬਣਨਾ, 19 ਪੰਜਾਬੀ ਐਮ.ਪੀਜ਼ ਦਾ ਜਿੱਤਣਾ ਅਤੇ 4 ਸਿੱਖ ਮੰਤਰੀ ਮੰਡਲ ‘ਚ ਸ਼ਾਮਲ ਹੋਣੇ; ਜਿਨਾਂ ‘ਚ ਹਰਜੀਤ ਸਿੰਘ ਸੱਜਣ ਦਾ ਮੁੜ ਰੱਖਿਆ ਮੰਤਰੀ ਚੁਣੇ ਜਾਣਾ ਸਿੱਖ ਕੌਮ ਲਈ ਕੌਮਾਂਤਰੀ ਪੱਧਰ ‘ਤੇ ਵੱਡੀਆਂ ਉਪਲਬਧੀਆਂ ਸਨ।
ਇਸੇ ਤਰਾਂ ਅਗਸਤ ਮਹੀਨੇ ਪੰਜਾਬ ‘ਚ ਆਏ ਹੜਾਂ ਦੌਰਾਨ ਬਰਤਾਨੀਆ ਆਧਾਰਤ ਸਮਾਜ ਸੇਵੀ ਸਿੱਖ ਸੰਸਥਾ ‘ਖ਼ਾਲਸਾ ਏਡ’ ਵਲੋਂ ਰਾਹਤ ਕਾਰਜਾਂ ਅਤੇ ਹੜ ਪੀੜਤ ਪੰਜਾਬੀਆਂ ਦੇ ਪੂਰਨ ਰੂਪ ‘ਚ ਮੁੜ ਵਸੇਬੇ ਲਈ ਸਰਕਾਰਾਂ ਤੋਂ ਵੀ ਕਿਤੇ ਅੱਗੇ ਹੋ ਕੇ ਨਿਭਾਈ ਭੂਮਿਕਾ ਨੇ ਸੇਵਾ ਦੇ ਸਿੱਖ ਸੰਕਲਪ ਨੂੰ ਨਿਖਾਰਿਆ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਕਸ਼ਮੀਰੀ ਵਿਦਿਆਰਥੀਆਂ ਲਈ ਪੈਦਾ ਹੋਏ ਖ਼ਤਰਿਆਂ ਦੌਰਾਨ ਕਸ਼ਮੀਰੀ ਵਿਦਿਆਰਥੀਆਂ, ਖ਼ਾਸ ਕਰਕੇ ਕਸ਼ਮੀਰੀ ਕੁੜੀਆਂ ਨੂੰ ਪੰਜਾਬ ਸਣੇ ਵੱਖ-ਵੱਖ ਸੂਬਿਆਂ ਤੋਂ ਸੁਰੱਖਿਅਤ ਉਨਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸਿੱਖ ਜਥੇਬੰਦੀਆਂ ਵਲੋਂ ਅੱਗੇ ਹੋ ਕੇ ਨਿਭਾਈ ਭੂਮਿਕਾ ਨੇ ਅਠਾਰਵੀਂ ਸਦੀ ‘ਚ ਸਿੱਖਾਂ ਵਲੋਂ ਮੁਗ਼ਲ ਜਰਵਾਣਿਆਂ ਤੋਂ ਹਿੰਦੂਆਂ ਦੀਆਂ ਧੀਆਂ-ਭੈਣਾਂ ਨੂੰ ਛੁਡਵਾ ਕੇ ਘਰੋ-ਘਰੀ ਮਹਿਫ਼ੂਜ਼ ਪਹੁੰਚਾਉਣ ਦਾ ਇਤਿਹਾਸ ਦੁਹਰਾ ਦਿੱਤਾ।
ਅਮਰੀਕੀ ਫ਼ੌਜ ‘ਚ ਇਕ ਸਿੱਖ ਏਅਰਮੈਨ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਦਾੜੀ, ਦਸਤਾਰ ਅਤੇ ਲੰਬੇ ਕੇਸ ਰੱਖ ਕੇ ਨੌਕਰੀ ਕਰਨ ਦੀ ਕਾਨੂੰਨੀ ਜਿੱਤ ਹਾਸਲ ਹੋਣੀ, ਆਸਟਰੇਲੀਆ ‘ਚ ਲੁਧਿਆਣਾ ਜ਼ਿਲੇ ਦੇ ਪਿਛੋਕੜ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਥਲ ਸੈਨਾ ਦੇ ਪਹਿਲਾ ਦਸਤਾਰਧਾਰੀ ਗੈਰ ਕਮਿਸ਼ਨਡ ਅਫ਼ਸਰ ਬਣਨ ਦਾ ਮਾਣ ਹਾਸਲ ਹੋਣਾ, ਨਿਊਜ਼ੀਲੈਂਡ ‘ਚ ‘ਏਵੀਏਸ਼ਨ ਸਕਿਉਰਿਟੀ ਸਰਵਿਸ’ ਵਿਚ ਪਹਿਲੇ ਦਸਤਾਰਧਾਰੀ ਨੌਜਵਾਨ ਹਰੀ ਸਿੰਘ ਦੀ ਸ੍ਰੀ ਸਾਹਿਬ ਪਹਿਨ ਕੇ ਨੌਕਰੀ ਕਰਨ ਲਈ ਚੋਣ ਹੋਣੀ, ਹੁਸ਼ਿਆਰਪੁਰ ਜ਼ਿਲੇ ਦੀ ਦਸਤਾਰਧਾਰੀ ਅੰਮ੍ਰਿਤਧਾਰੀ ਬੀਬੀ ਮਨਦੀਪ ਕੌਰ ਨੂੰ ਬ੍ਰਿਟਿਸ਼ ਏਅਰ ਫੋਰਸ ਦੀ ਪਹਿਲੀ ਸਿੱਖ ਧਾਰਮਿਕ ਸਲਾਹਕਾਰ ਵਜੋਂ ਚੁਣਿਆ ਜਾਣਾ, ਬਰਤਾਨੀਆ ‘ਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿਰਪਾਨ ਰੱਖਣ ਦੀ ਕਾਨੂੰਨੀ ਤੌਰ ‘ਤੇ ਮੁਕੰਮਲ ਆਜ਼ਾਦੀ ਮਿਲਣੀ ਅਤੇ ਸਾਲ 2007 ‘ਚ ਹਵਾਈ ਜਹਾਜ਼ ‘ਚ ਸਵਾਰ ਹੋਣ ਤੋਂ ਪਹਿਲਾਂ ਦਸਤਾਰ ਲਾਹੁਣ ਤੋਂ ਇਨਕਾਰ ਕਰਨ ਵਾਲੇ ਸਮਾਜ ਸੇਵੀ ਤੇ ਉਦਮੀ ਅਮਰੀਕੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਨੂੰ ਅਮਰੀਕਾ ਦਾ ਵੱਕਾਰੀ ਪੁਰਸਕਾਰ ‘ਰੋਸਾ ਪਾਰਕ ਟਰੇਲਬਲੇਜ਼ਰ ਐਵਾਰਡ’ ਮਿਲਣਾ ਕੌਮਾਂਤਰੀ ਪੱਧਰ ‘ਤੇ ਸਿੱਖਾਂ ਲਈ ਮਾਣਮੱਤੀਆਂ ਪ੍ਰਾਪਤੀਆਂ ਰਹੀਆਂ। ਸਿੱਖਾਂ ਦੀ ਪਛਾਣ ਦੇ ਭੁਲੇਖੇ ਕਾਰਨ ਵਿਦੇਸ਼ਾਂ ‘ਚ ਨਸਲੀ ਹਮਲਿਆਂ ਦਾ ਸਿਲਸਿਲਾ ਇਸ ਵਰੇ ਵੀ ਨਹੀਂ ਰੁਕ ਸਕਿਆ। ਅਮਰੀਕਾ ‘ਚ ਡੋਨਾਲਡ ਟਰੰਪ ਦੀ ਸਰਕਾਰ ਦੌਰਾਨ ਸਿੱਖਾਂ ‘ਤੇ ਨਸਲੀ ਹਮਲਿਆਂ ‘ਚ ਵਾਧਾ ਦਰਜ ਹੋਇਆ ਹੈ। ਅਮਰੀਕਾ ਦੇ ਕੈਲੀਫ਼ੋਰਨੀਆ ‘ਚ ਅਗਸਤ ਮਹੀਨੇ ਇਕ 64 ਸਾਲਾ ਬਜ਼ੁਰਗ ਸਿੱਖ ਪਰਮਜੀਤ ਸਿੰਘ ਦੀ ਚਾਕੂ ਮਾਰ ਕੇ ਹੱਤਿਆ ਦੀ ਘਟਨਾ ਨੇ ਸਮੁੱਚੇ ਸੰਸਾਰ ‘ਚ ਵੱਸਦੇ ਸਿੱਖਾਂ ਨੂੰ ਬੁਰੀ ਤਰਾਂ ਝੰਜੋੜ ਦਿੱਤਾ। ਹਾਲਾਂਕਿ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਕਾਤਲ ਨੂੰ ਗ੍ਰਿਫ਼ਤਾਰ ਕਰਕੇ ਸਿੱਖਾਂ ਨੂੰ ਸੁਰੱਖਿਆ ਦਾ ਭਰੋਸਾ ਦੇਣ ਦਾ ਯਤਨ ਕੀਤਾ ਪਰ ਅਮਰੀਕਾ ‘ਚ ਸਿੱਖਾਂ ‘ਤੇ ਨਸਲੀ ਹਮਲਿਆਂ ਦੀਆਂ ਬੇਰੋਕ ਘਟਨਾਵਾਂ ਸਾਰਾ ਸਾਲ ਵਾਪਰਦੀਆਂ ਰਹੀਆਂ। ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਟੈਕਸਾਸ ਸੂਬੇ ਦੇ ਹਿਊਸਟਨ ਸ਼ਹਿਰ ‘ਚ ਡਿਊਟੀ ਦੌਰਾਨ ਇਕ ਗੋਰੇ ਵਿਅਕਤੀ ਵਲੋਂ ਗੋਲੀਆਂ ਮਾਰ ਕੇ ਹੱਤਿਆ ਦੀ ਘਟਨਾ ਨੇ ਨਾ-ਸਿਰਫ਼ ਸਮੁੱਚੀ ਸਿੱਖ ਕੌਮ ਨੂੰ ਝੰਜੋੜਿਆ ਬਲਕਿ ਅਮਰੀਕੀ ਪ੍ਰਸ਼ਾਸਨ ਅਤੇ ਸਮਾਜ ਨੂੰ ਵੀ ਵੱਡਾ ਧੱਕਾ ਲਾਇਆ। ਡਿਪਟੀ ਸੰਦੀਪ ਸਿੰਘ ਦੀ ਕਾਬਲੀਅਤ, ਪੇਸ਼ੇਵਰ ਮੁਹਾਰਤ ਅਤੇ ਸਮਾਜ ਪ੍ਰਤੀ ਸੇਵਾਵਾਂ ਕਾਰਨ ਉਨਾਂ ਦਾ ਸ਼ਰਧਾਂਜਲੀ ਸਮਾਗਮ ਅਮਰੀਕੀ ਪੁਲਿਸ ਵਿਭਾਗ ਵਲੋਂ ‘ਸਮਾਜ ‘ਚ ਇਕਜੁਟਤਾ ਅਤੇ ਸੇਵਾ ਦੇ ਸੰਕਲਪ’ ਵਜੋਂ ਮਨਾਇਆ ਗਿਆ। ਇਸ ਤਰਾਂ ਸਾਲ 2019 ‘ਚ ਵਾਪਰੇ ਘਟਨਾਕ੍ਰਮ ਇਹ ਸਾਬਤ ਕਰਦੇ ਹਨ ਕਿ ਵਿਆਪਕ ਯਤਨਾਂ ਦੇ ਬਾਵਜੂਦ ਅਜੇ ਤੱਕ ਦੁਨੀਆ ਨੂੰ ਸਿੱਖ ਧਰਮ ਦੀ ਨਿਰਾਲੀ ਪਛਾਣ ਤੇ ਸਰਬ-ਕਲਿਆਣਕਾਰੀ ਫ਼ਲਸਫ਼ੇ ਤੋਂ ਸਹੀ ਰੂਪ ‘ਚ ਜਾਣੂ ਨਹੀਂ ਕਰਵਾਇਆ ਜਾ ਸਕਿਆ। ਅਜੇ ਤੱਕ ਵੀ ਪੱਛਮੀ ਦੇਸ਼ਾਂ ‘ਚ ਵੱਡੀ ਗਿਣਤੀ ਮੂਲ ਨਿਵਾਸੀ ਸਿੱਖਾਂ ਦੀ ਸਹੀ ਪਛਾਣ ਨਹੀਂ ਜਾਣਦੇ। ਬਹੁਤਾਤ ‘ਚ ਲੋਕ ਸਿੱਖਾਂ ਨੂੰ ਮੁਸਲਮਾਨਾਂ ਦਾ ਇਕ ਫ਼ਿਰਕਾ ਸਮਝ ਲੈਂਦੇ ਹਨ।
ਸਾਲ 2019 ਦੌਰਾਨ ਵੀ ਫਰਾਂਸ ‘ਚ ਦਸਤਾਰ ‘ਤੇ ਪਾਬੰਦੀ ਸਮੇਤ ਵੱਖ-ਵੱਖ ਮੁਲਕਾਂ ਵਿਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਖ਼ਤਰੇ ਬਰਕਰਾਰ ਰਹੇ। ਸੁਰੱਖਿਆ ਦੇ ਨਾਂਅ ‘ਤੇ ਹਵਾਈ ਅੱਡਿਆਂ ‘ਤੇ ਦਸਤਾਰ ਦੀ ਬੇਅਦਬੀ ਦਾ ਸਿਲਸਿਲਾ ਵੀ ਜਾਰੀ ਰਿਹਾ। ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਵੀ ਦਸਤਾਰ ਦੀ ਤਲਾਸ਼ੀ ਦੀ ਘਟਨਾ ਨੇ ਸਿੱਖ ਕੌਮ ਨੂੰ ਝੰਜੋੜਿਆ। ਪਾਕਿਸਤਾਨ ‘ਚ ਸ੍ਰੀ ਨਨਕਾਣਾ ਸਾਹਿਬ ਵਿਖੇ ਇਕ ਸਿੱਖ ਗ੍ਰੰਥੀ ਦੀ ਧੀ ਨੂੰ ਅਗਵਾ ਕਰਕੇ ਜਬਰੀ ਧਰਮ ਤਬਦੀਲ ਕਰਕੇ ਮੁਸਲਮਾਨ ਨਾਲ ਨਿਕਾਹ ਕਰਵਾਉਣ ਦੀ ਘਟਨਾ ਨੇ ਪਾਕਿਸਤਾਨ ‘ਚ ਵੱਸਦੇ ਸਿੱਖਾਂ ਦੀ ਹੋਣੀ ਨੂੰ ਲੈ ਕੇ ਸਿੱਖ ਕੌਮ ਨੂੰ ਚਿੰਤਤ ਕੀਤਾ।
ਵਿਦੇਸ਼ਾਂ ਦੇ ਨਾਲ-ਨਾਲ ਭਾਰਤ ‘ਚ ਵੀ ਸਿੱਖਾਂ ਲਈ ਖ਼ਤਰੇ ਤੇ ਚੁਣੌਤੀਆਂ ਸਾਰਾ ਸਾਲ ਬਰਕਰਾਰ ਰਹੀਆਂ। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ‘ਚ ਇਕ ਸਥਾਨਕ ਭਾਈਚਾਰੇ ਦਾ ਸਿੱਖਾਂ ਨਾਲ ਵਿਵਾਦ ਚੱਲਦਾ ਰਿਹਾ। ਉੜੀਸਾ ਦੇ ਜਗਨਨਾਥ ਪੁਰੀ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਮੰਗੂ ਮੱਠ ਦਾ ਢਾਹਿਆ ਜਾਣਾ, ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਜਜ਼ਬ ਕਰਨ ਦੇ ਮੁੱਦਿਆਂ ਅਤੇ ਹਰਿਦੁਆਰ ਸਥਿਤ ਗੁਰਦੁਆਰਾ ਗਿਆਨ ਗੋਦੜੀ ਦੀ ਪੁਨਰ-ਉਸਾਰੀ ਲਈ ਸਿੱਖਾਂ ਦੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਕੋਈ ਜ਼ਿੰਮੇਵਾਰ ਪਹੁੰਚ ਨਹੀਂ ਅਪਨਾ ਸਕੀ। ਬਾਹਰੀ ਚੁਣੌਤੀਆਂ-ਸਮੱਸਿਆਵਾਂ ਦੇ ਨਾਲ-ਨਾਲ ਇਸ ਵਰੇ ਸਿੱਖ ਪੰਥ ਦੇ ਅੰਦਰੂਨੀ ਵਾਦ-ਵਿਵਾਦ ਤੇ ਚੁਣੌਤੀਆਂ ਵੀ ਬਣੀਆਂ ਰਹੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ‘ਚ ਕੈਪਟਨ ਸਰਕਾਰ ਵਲੋਂ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪੜਤਾਲੀਆ ਰਿਪੋਰਟ ‘ਤੇ ਨਿਰਣਾਇਕ ਕਾਰਵਾਈ ‘ਚ ਢਿੱਲ ਨੂੰ ਲੈ ਕੇ ਕੈਪਟਨ ਸਰਕਾਰ ਖ਼ਿਲਾਫ਼ ਸਿੱਖ ਜਥੇਬੰਦੀਆਂ ਦਾ ਰੋਸ ਬਣਿਆ ਰਿਹਾ। ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਸਬੰਧੀ ਵਿਵਾਦਗ੍ਰਸਤ ਟਿੱਪਣੀਆਂ ਕਾਰਨ ਉੱਘੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਰਵਾਈ ਦੀ ਮੰਗ ਉਭਰੀ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਢੱਡਰੀਆਂ ਵਾਲਾ ਅਤੇ ਸੰਤ ਸਮਾਜ ਦੇ ਪ੍ਰਚਾਰਕਾਂ ਵਿਚਾਲੇ ਵਿਚਾਰਧਾਰਕ ਮਤਭੇਦਾਂ ਨੂੰ ਦੂਰ ਕਰਨ ਦੇ ਕੀਤੇ ਯਤਨ ਬੇਸਿੱਟਾ ਰਹੇ। ਸਿੱਖ ਪੰਥ ਅੰਦਰ ਰਵਾਇਤੀ ਪ੍ਰਚਾਰ ਵਿਧੀਆਂ ਅਤੇ ਨਵੀਆਂ ਉਭਰੀਆਂ ਆਧੁਨਿਕ ‘ਅਪਗ੍ਰੇਡ’ ਪ੍ਰਚਾਰ ਵਿਧੀਆਂ ਵਿਚਾਲੇ ਟਕਰਾਅ ਲਗਾਤਾਰ ਵੱਧਦਾ ਗਿਆ। ਸਿੱਖ ਇਤਿਹਾਸ, ਸਿੱਖ ਰਹਿਤ ਮਰਯਾਦਾ, ਦਸਮ ਗ੍ਰੰਥ ਅਤੇ ਨਾਨਕਸ਼ਾਹੀ ਕੈਲੰਡਰ ਦੇ ਵਿਵਾਦਾਂ ਨੂੰ ਹੱਲ ਕਰਨ ‘ਚ ਸਿੱਖ ਕੌਮ ਦੇ ਧਾਰਮਿਕ ਆਗੂ ਅਤੇ ਸੰਸਥਾਵਾਂ ਅਸਫਲ ਰਹੀਆਂ। ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਓਢੀ ਨੂੰ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਢਾਹੇ ਜਾਣ ਦੀ ਘਟਨਾ ਦੇ ਨਾਲ ਪੁਰਾਤਨ ਸਿੱਖ ਵਿਰਾਸਤਾਂ ਨੂੰ ਕਾਰ ਸੇਵਾ ਰਾਹੀਂ ਖ਼ਤਮ ਕਰਨ ਦੇ ਰੁਝਾਨ ਨੂੰ ਲੈ ਕੇ ਸਿੱਖਾਂ ਅੰਦਰ ਸੁਚੇਤ ਰੂਪ ‘ਚ ਵੱਡੀ ਚਿੰਤਾ ਉਭਰੀ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਅਤੇ ਗਿਆਨੀ ਰਣਜੀਤ ਸਿੰਘ ‘ਗੌਹਰ-ਏ-ਮਸਕੀਨ’ ਦਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਦਾ ਜਥੇਦਾਰ ਚੁਣਿਆ ਜਾਣਾ ਸਾਲ 2019 ਦੇ ਮਹੱਤਵਪੂਰਨ ਪੰਥਕ ਘਟਨਾਕ੍ਰਮ ਸਨ। ਸਿੱਖਾਂ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਲਗਾਤਾਰ ਗਹਿਰਾਉਂਦਾ ਗਿਆ। ਪੰਥਕ ਏਜੰਡੇ ਅਤੇ ਆਪਣੇ ਬੁਨਿਆਦੀ ਸਰੂਪ ਤੋਂ ਦੂਰ ਹੋਣ ਕਾਰਨ ਅਕਾਲੀ ਲੀਡਰਸ਼ਿਪ ਇਤਿਹਾਸ ਦੇ ਸਭ ਤੋਂ ਬੁਰੇ ਦੌਰ ਵਿਚੋਂ ਗੁਜ਼ਰ ਰਹੀ ਹੈ। ਰਾਜਨੀਤਕ ਧੜਿਆਂ ਅਤੇ ਆਪਸੀ ਫੁੱਟ ਨੇ ਸਿੱਖਾਂ ਦੀ ਇਕ ਇਤਿਹਾਸਕ ਰਾਜਨੀਤਕ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਖ਼ਤਰੇ ‘ਚ ਪਾ ਦਿੱਤੀ ਹੈ। ਕਸ਼ਮੀਰ ‘ਚ ਧਾਰਾ 370 ਨੂੰ ਹਟਾਉਣ, ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਆਦਿ ਮੁੱਦਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਬੁਨਿਆਦੀ ਸਿਧਾਂਤਾਂ ਤੋਂ ਸੇਧ ਲੈ ਕੇ ਵਿਰੋਧ ਕਰਨ ਦੀ ਬਜਾਇ ਭਾਰਤੀ ਜਨਤਾ ਪਾਰਟੀ ਦੇ ਇਕ ਵਿੰਗ ਹੋਣ ਵਾਂਗ ਧਾਰੀ ਚੁੱਪ ਨੇ ਜਿੱਥੇ ਸਥਾਪਿਤ ਅਕਾਲੀ ਲੀਡਰਸ਼ਿਪ ਦੀ ਯੋਗਤਾ ‘ਤੇ ਸਵਾਲ ਖੜੇ ਕੀਤੇ ਹਨ ਉਥੇ ਪੰਥਕ ਰਾਜਨੀਤੀ ਦੀ ਕੌਮੀ ਰਾਜਨੀਤੀ ‘ਚ ਪ੍ਰਸੰਗਿਕਤਾ ਅਤੇ ਭੂਮਿਕਾ ਨੂੰ ਵੀ ਖੋਰਾ ਲਾਇਆ ਹੈ। ਸਾਲ 2019 ‘ਚ ਵਾਪਰੇ ਸਿੱਖ ਸਿਆਸਤ ਦੇ ਘਟਨਾਕ੍ਰਮ ਸਿੱਖਾਂ ਨੂੰ ਆਪਣੀ ਖਿੰਡਰ-ਪੁੰਡਰ ਰਹੀ ਰਾਜਨੀਤਕ ਸ਼ਕਤੀ ਨੂੰ ਬਚਾਉਣ ਲਈ ਸੁਚੇਤ ਹੋਣ ਦਾ ਸੁਨੇਹਾ ਦੇ ਰਹੇ ਹਨ।
ਇਸ ਤਰਾਂ ਸਾਲ 2019 ਸਿੱਖ ਕੌਮ ਲਈ ਕੌਮਾਂਤਰੀ ਪੱਧਰ ‘ਤੇ ਦਸ਼ਾ ਤੇ ਦਿਸ਼ਾ ਨੂੰ ਪ੍ਰਭਾਵਿਤ ਕਰਨ ਵਾਲਾ ਰਿਹਾ ਹੈ, ਜਿਸ ਦਾ ਲੇਖਾ-ਜੋਖਾ ਕਰਕੇ ਸਿੱਖ ਸਰਬਰਾਹਾਂ ਨੂੰ ਵਿਸ਼ਵ-ਵਿਆਪੀ ਸਿੱਖ ਕੌਮ ਦੀਆਂ ਭਵਿੱਖਮੁਖੀ ਯੋਜਨਾਵਾਂ ਤੇ ਨਵੇਂ ਸਰੋਕਾਰ ਤੈਅ ਕਰਨ ਦੀ ਲੋੜ ਹੈ, ਤਾਂ ਜੋ ਚੁਣੌਤੀਆਂ/ ਸਮੱਸਿਆਵਾਂ ਨੂੰ ਦੂਰ ਕਰਕੇ ਨਵੀਆਂ ਸੰਭਾਵਨਾਵਾਂ ਨੂੰ ਸਫਲਤਾਵਾਂ ਦਾ ਰੂਪ ਦਿੰਦਿਆਂ, ਸਿੱਖ ਕੌਮ ਅੱਜ ਦੇ ਵਿਸ਼ਵ ਪ੍ਰਸੰਗ ‘ਚ ਆਪਣੀ ਬਣਦੀ ਦੇਣ ਨਿਭਾਅ ਕੇ ਉੱਚੀਆਂ ਉਡਾਰੀਆਂ ਮਾਰਨ ਦੇ ਸਮਰੱਥ ਹੋ ਸਕੇ। ੲੲੲ

RELATED ARTICLES
POPULAR POSTS