Breaking News
Home / ਭਾਰਤ / ਜੇ.ਐਨ.ਯੂ. ਹਿੰਸਾ ਖਿਲਾਫ ਦੇਸ਼ ਭਰ ‘ਚ ਪ੍ਰਦਰਸ਼ਨ, ਵਿਦੇਸ਼ਾਂ ‘ਚ ਵੀ ਵਿਰੋਧ

ਜੇ.ਐਨ.ਯੂ. ਹਿੰਸਾ ਖਿਲਾਫ ਦੇਸ਼ ਭਰ ‘ਚ ਪ੍ਰਦਰਸ਼ਨ, ਵਿਦੇਸ਼ਾਂ ‘ਚ ਵੀ ਵਿਰੋਧ

ਨਵੀਂ ਦਿੱਲੀ/ਬਿਊਰੋ ਨਿਊਜ਼ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਬੁਰਛਾਗਰਦੀ ਖਿਲਾਫ ਦੇਸ਼ ਭਰ ਅਤੇ ਆਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀਆਂ ਸਮੇਤ ਹੋਰਨਾਂ ਵਿਦੇਸ਼ੀ ‘ਵਰਸਿਟੀਆਂ ‘ਚ ਰੋਹ ਭਖ਼ ਗਿਆ ਹੈ। ਜੇਐੱਨਯੂ ਦੇ ਉਪ ਕੁਲਪਤੀ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਉੱਠਣ ਲੱਗੀ ਹੈ। ਐਤਵਾਰ ਰਾਤ ਹੋਈ ਹਿੰਸਾ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਸਮੇਤ ਕਈ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਦਿੱਲੀ ਪੁਲਿਸ ਨੇ ਦੰਗਾ ਫ਼ਸਾਦ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉਂਜ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਦਿੱਲੀ ਪੁਲਿਸ ਨੇ ਕੇਸ ਅੱਗੇ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਹੈ। ਸ਼ਾਖਾ ਨੇ ‘ਅਹਿਮ ਸਬੂਤ’ ਮਿਲਣ ਦਾ ਦਾਅਵਾ ਕੀਤਾ ਹੈ।
ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ‘ਵਰਸਿਟੀ ਕੈਂਪਸ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਉਧਰ ਜੇਐੱਨਯੂ ਪ੍ਰਸ਼ਾਸਨ ਨੇ ਮਨੁੱਖੀ ਵਸੀਲਾ ਵਿਕਾਸ (ਐੱਚਆਰਡੀ) ਮੰਤਰਾਲੇ ਇਸ ਘਟਨਾ ਸਬੰਧੀ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਦੌਰਾਨ ਵਿਰੋਧੀ ਧਿਰਾਂ ਤੇ ਜੇਐੱਨਯੂ ਵਿਦਿਆਰਥੀਆਂ ਨੇ ਹਿੰਸਾ ਲਈ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਸਿਰ ਦੋਸ਼ ਮੜਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਤੇ ਐੱਚਆਰਡੀ ਮੰਤਰਾਲੇ ਤੋਂ ਸਾਰੀ ਸਥਿਤੀ ਬਾਰੇ ਰਿਪੋਰਟ ਲਈ। ਜੇਐੱਨਯੂ ਹਿੰਸਾ ਦੇ ਰੋਸ ਵਜੋਂ ਪੁੱਡੂਚੇਰੀ ਤੋਂ ਚੰਡੀਗੜ੍ਹ ਅਤੇ ਅਲੀਗੜ੍ਹ ਤੋਂ ਕੋਲਕਾਤਾ ਤਕ ਦੀਆਂ ਯੂਨੀਵਰਸਿਟੀਆਂ ‘ਚ ਵਿਦਿਆਰਥੀਆਂ ਨੇ ਵੱਡੇ ਪ੍ਰਦਰਸ਼ਨ ਕੀਤੇ। ਬੰਗਲੌਰ ਦੀ ਨੈਸ਼ਨਲ ਲਾਅ ਯੂਨੀਵਰਸਿਟੀ, ਆਈਆਈਟੀ ਬੰਬੇ ਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਵਿੱਚ ਹਮਲੇ ਦੇ ਰੋਸ ਵਜੋਂ ਪ੍ਰਦਰਸ਼ਨ ਹੋਏ। ਨਵੀਂ ਦਿੱਲੀ ‘ਚ ਕਾਂਗਰਸ ਪਾਰਟੀ ਦੇ ਯੂਥ ਵਿੰਗ ਨੇ ਕੇਂਦਰੀ ਦਿੱਲੀ ਵਿੱਚ ਟਾਰਚਲਾਈਟਾਂ ਨਾਲ ਮਾਰਚ ਕੱਢਿਆ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …