-3.7 C
Toronto
Monday, January 5, 2026
spot_img
Homeਭਾਰਤਸੁਪਰੀਮ ਕੋਰਟ ਨੇ ਪੁੱਛਿਆ : ਸਿੱਖ ਧਰਮ 'ਚ ਦਸਤਾਰ ਬੰਨ੍ਹਣੀ ਜ਼ਰੂਰੀ ਹੈ?

ਸੁਪਰੀਮ ਕੋਰਟ ਨੇ ਪੁੱਛਿਆ : ਸਿੱਖ ਧਰਮ ‘ਚ ਦਸਤਾਰ ਬੰਨ੍ਹਣੀ ਜ਼ਰੂਰੀ ਹੈ?

ਨਵੀਂ ਦਿੱਲੀ/ਬਿਊਰੋ ਨਿਊਜ਼ :ਸੁਪਰੀਮ ਕੋਰਟ ਨੇ ਪੁੱਛਿਆ ਕਿ ਕੀ ਦਸਤਾਰ ਬੰਨ੍ਹਣੀ ਸਿੱਖ ਧਰਮ ਵਿਚ ਜ਼ਰੂਰੀ ਹੈ। ਅਦਾਲਤ ਨੇ ਇਹ ਗੱਲ ਦਿੱਲੀ ਅਧਾਰਿਤ ਇਕ ਸਾਈਕਲਿਸਟ ਜਗਦੀਪ ਸਿੰਘ ਪੁਰੀ ਦੀ ਪਟੀਸ਼ਨ ‘ਤੇ ਪੁੱਛੀ ਹੈ। ਪੁਰੀ ਨੇ ਸਥਾਨਕ ਸਾਈਕਲਿੰਗ ਐਸੋਸੀਏਸ਼ਨ ਦੇ ਨਿਯਮਾਂ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਐਸੋਸੀਏਸ਼ਨ ਦੇ ਨਿਯਮਾਂ ਮੁਤਾਬਕ ਉਸ ਨੂੰ ਮੁਕਾਬਲੇ ਵਿਚ ਹਿੱਸਾ ਲੈਣ ਲਈ ਹੈਲਮੈਟ ਪਹਿਨਣਾ ਜ਼ਰੂਰੀ ਹੈ, ਜਿਸ ਵਿਰੁੱਧ ਉਸ ਨੇ ਅਦਾਲਤ ਦਾ ਦਰਵਾਜ਼ਾ ਖੜ੍ਹਕਾਇਆ ਹੈ।
50 ਸਾਲਾ ਜਗਦੀਪ ਸਿੰਘ ਪੁਰੀ ਨੇ ਕਿਹਾ ਕਿ ਹੈਲਮੈਟ ਨਹੀਂ ਪਹਿਨ ਸਕਦਾ ਕਿਉਂਕਿ ਸਿੱਖ ਧਰਮ ਮੁਤਾਬਕ ਉਸ ਨੂੰ ਦਸਤਾਰ ਬੰਨ੍ਹਣੀ ਜ਼ਰੂਰੀ ਹੈ। ਸੁਪਰੀਮ ਕੋਰਟ ਵਿਚ ਪੁਰੀ ਦੀ ਪਟੀਸ਼ਨ ‘ਤੇ ਜਸਟਿਸ ਐਸ ਏ ਬੋਡਬੀ ਅਤੇ ਐਲ ਐਨ ਰਾਓ ‘ਤੇ ਅਧਾਰਿਤ ਬੈਂਚ ਵਲੋਂ ਸੁਣਵਾਈ ਕੀਤੀ ਜਾ ਰਹੀ ਹੈ। ਮਾਣਯੋਗ ਜੱਜਾਂ ਨੇ ਕਿਹਾ ਕਿ ਸਿਰ ਢੱਕਣਾ ਜ਼ਰੂਰੀ ਹੈ ਨਾ ਕਿ ਦਸਤਾਰ ਬੰਨ੍ਹਣਾ। ਇਸ ਲਈ ਉਨ੍ਹਾਂ ਮਿਲਖਾ ਸਿੰਘ ਅਤੇ ਬਿਸ਼ਨ ਸਿੰਘ ਬੇਦੀ ਵਰਗੇ ਖਿਡਾਰੀਆਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਹ ਖੇਡਾਂ ਵਿਚ ਹਿੱਸਾ ਲੈਣ ਸਮੇਂ ਦਸਤਾਰ ਨਹੀਂ ਬੰਨ੍ਹਦੇ ਸਨ। ਬੈਂਚ ਨੇ ਪਟੀਸ਼ਨ ਕਰਤਾ ਕੋਲੋਂ ਪੁੱਛਿਆ ਕਿ ਕੀ ਉਸ ਕੋਲ ਅਜਿਹਾ ਕੋਈ ਸਬੂਤ ਹੈ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਸਿੱਖ ਧਰਮ ਵਿਚ ਪਗੜੀ ਬੰਨ੍ਹਣੀ ਜ਼ਰੂਰੀ ਹੈ।
ਜੱਜ ਦੀ ਟਿੱਪਣੀ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ : ਅੰਮ੍ਰਿਤਸਰ : ਸੁਪਰੀਮ ਕੋਰਟ ਦੇ ਜੱਜ ਵੱਲੋਂ ਸਿੱਖਾਂ ਦੀ ਦਸਤਾਰ ਸਬੰਧੀ ਕੀਤੀ ਗਈ ਟਿੱਪਣੀ ਅਤੇ ਉਸ ‘ਤੇ ਉਠਾਏ ਗਏ ਸਵਾਲ ਦਾ ਸਿੱਖ ਜਥੇਬੰਦੀਆਂ ਨੇ ਸਖ਼ਤ ਵਿਰੋਧ ਜਤਾਇਆ ਹੈ। ਸਿੱਖ ਜਥੇਬੰਦੀਆਂ ਨੇ ਆਖਿਆ ਕਿ ਦਸਤਾਰ ਸਿੱਖਾਂ ਦੇ ਪਹਿਰਾਵੇ ਦਾ ਅਹਿਮ ਹਿੱਸਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਦਸਤਾਰ ਸਿੱਖਾਂ ਦੀ ਪਛਾਣ ਦਾ ਹਿੱਸਾ ਹੈ ਅਤੇ ਇਹ ਉਨ੍ਹਾਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਪਹਿਨਣ ਦੀ ਕੋਈ ਲੋੜ ਨਹੀਂ ਹੈ। ਇਤਿਹਾਸ ਦਾ ਹਵਾਲਾ ਦਿੰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਵਿਸ਼ਵ ਜੰਗਾਂ ਦੌਰਾਨ ਵੀ ਸਿੱਖ ਸੈਨਿਕਾਂ ਨੇ ਦਸਤਾਰਾਂ ਸਜਾ ਕੇ ਹੀ ਯੁੱਧ ਲੜੇ ਸਨ। ਉਨ੍ਹਾਂ ਕਿਹਾ, ”ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਫ਼ੌਜ ਮੁਖੀ ਵੀ ਸਿੱਖ ਵਿਅਕਤੀ ਰਹਿ ਚੁੱਕੇ ਹਨ। ਇਸ ਲਈ ਦਸਤਾਰ ਸਬੰਧੀ ਕਿਸੇ ਕਿਸਮ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ।”

RELATED ARTICLES
POPULAR POSTS