Breaking News
Home / ਭਾਰਤ / ਮੇਰੀ ਫਾਊਂਡੇਸ਼ਨ ਦਾ ਇਕ-ਇਕ ਰੁਪਿਆ ਕੀਮਤੀ ਜਾਨਾਂ ਬਚਾਉਣ ਲਈ : ਸੋਨੂ ਸੂਦ

ਮੇਰੀ ਫਾਊਂਡੇਸ਼ਨ ਦਾ ਇਕ-ਇਕ ਰੁਪਿਆ ਕੀਮਤੀ ਜਾਨਾਂ ਬਚਾਉਣ ਲਈ : ਸੋਨੂ ਸੂਦ

ਮੁੰਬਈ : ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ (ਸੀਬੀਡੀਟੀ) ਵੱਲੋਂ ਅਦਾਕਾਰ ਸੋਨੂ ਸੂਦ ਤੇ ਉਸ ਦੇ ਸਹਾਇਕਾਂ ‘ਤੇ ਕਥਿਤ 20 ਕਰੋੜ ਰੁਪਏ ਦੀ ਟੈਕਸ ਚੋਰੀ ਦੇ ਲੱਗੇ ਦੋਸ਼ਾਂ ਮਗਰੋਂ ਅਦਾਕਾਰ ਨੇ ਕਿਹਾ ਕਿ ਉਸ ਦੀ ਫਾਊਂਡੇਸ਼ਨ ਦਾ ਇਕ-ਇਕ ਰੁਪਿਆ ਕੀਮਤੀ ਜਾਨਾਂ ਬਚਾਉਣ ਤੇ ਲੋੜਵੰਦਾਂ ਤੱਕ ਪੁੱਜਣ ਲਈ ਹੈ। ਪਿਛਲੇ ਹਫ਼ਤੇ ਆਪਣੇ ਤੇ ਹੋਰਨਾਂ ਸਹਾਇਕਾਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਮਾਰੇ ਛਾਪਿਆਂ ਮਗਰੋਂ ਅਦਾਕਾਰ ਨੇ ਕਿਹਾ ਕਿ ਉਹ ‘ਕੁਝ ਮਹਿਮਾਨਾਂ ਦੀ ਆਓ ਭਗਤ ਵਿੱਚ ਰੁੱਝਾ’ ਹੋਇਆ ਸੀ ਤੇ ਇਹੀ ਵਜ੍ਹਾ ਹੈ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਲੋਕਾਂ ਦੀ ਸੇਵਾ ਨਹੀਂ ਕਰ ਸਕਿਆ। ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਪਾਈ ਇਕ ਪੋਸਟ ਵਿੱਚ ਲਿਖਿਆ ਕਿ ਮੈਂ ਪੂਰੀ ਨਿਮਰਤਾ ਨਾਲ ਮੁੜ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ। ਮੇਰਾ ਇਹ ਸਫ਼ਰ ਜਾਰੀ ਰਹੇਗਾ। ਸੀਬੀਡੀਟੀ ਨੇ ਦਾਅਵਾ ਕੀਤਾ ਸੀ ਕਿ ਆਮਦਨ ਕਰ ਵਿਭਾਗ ਵੱਲੋਂ ਅਦਾਕਾਰ ਅਤੇ ਲਖਨਊ ਅਧਾਰਿਤ ਇਨਫਰਾਸਟ੍ਰਕਚਰ ਗਰੁੱਪ ‘ਤੇ ਮਾਰੇ ਛਾਪਿਆਂ ਦੌਰਾਨ ਪਤਾ ਲੱਗਾ ਸੀ ਕਿ ਸੂਦ ਨੇ ਆਪਣਾ ‘ਕਾਲਾ ਧਨ ਜਾਅਲੀ ਅਸੁਰੱਖਿਤ ਕਰਜ਼ਿਆਂ ਦੇ ਰੂਪ’ ਵਿੱਚ ਵੱਖ ਵੱਖ ਥਾਈਂ ਲਾਇਆ ਹੋਇਆ ਸੀ। ਸੀਬੀਡੀਟੀ ਨੇ ਇਹ ਆਰੋਪ ਵੀ ਲਾਇਆ ਕਿ ਫਿਲਮ ‘ਦਬੰਗ’ ਫੇਮ ਅਦਾਕਾਰ ਨੇ ਬਾਹਰੋਂ ਡੋਨੇਸ਼ਨਾਂ ਦੇ ਰੂਪ ਵਿੱਚ ਪੈਸਾ ਹਾਸਲ ਕਰਨ ਲਈ ਫੌਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੀ ਵੀ ਉਲੰਘਣਾ ਕੀਤੀ।
ਇਸੇ ਦੌਰਾਨ ਸੋਨੂੰ ਸੂਦ ਨੇ ਕਿਹਾ ਕਿ ਤੁਹਾਨੂੰ ਹਮੇਸ਼ਾ ਆਪਣਾ ਪੱਖ ਰੱਖਣ ਦੀ ਲੋੜ ਨਹੀਂ ਹੁੰਦੀ। ਕਈ ਵਾਰ ਵਕਤ ਦੇ ਨਾਲ ਸੱਚ ਸਾਹਮਣੇ ਆ ਜਾਂਦਾ ਹੈ। ਮੇਰੀ ਫਾਊਂਡੇਸ਼ਨ ਦਾ ਇਕ ਇਕ ਰੁਪਿਆ ਕੀਮਤੀ ਜਾਨਾਂ ਬਚਾਉਣ ਤੇ ਲੋੜਵੰਦਾਂ ਤੱਕ ਪੁੱਜਣ ਦੀ ਉਡੀਕ ਵਿੱਚ ਹੈ। ਚੇਤੇ ਰਹੇ ਕਿ ਅਦਾਕਾਰ ਸੋਨੂ ਸੂਦ ਕਰੋਨਾ ਮਹਾਮਾਰੀ ਦੌਰਾਨ ਵੱਖ ਵੱਖ ਥਾਈਂ ਫਸੇ ਪਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕਰਨ ਲਈ ਆਵਾਜਾਈ ਦੇ ਪ੍ਰਬੰਧ ਸਮੇਤ ਹੋਰ ਸਮਾਜ ਭਲਾਈ ਦੇ ਕਾਰਜਾਂ ਕਰਕੇ ਸੁਰਖੀਆਂ ‘ਚ ਆਇਆ ਸੀ।
ਲੋੜਵੰਦਾਂ ਦੀ ਮੱਦਦ ਕਰਦਾ ਰਹਾਂਗਾ : ਸੋਨੂੰ ਸੂਦ
ਮੁੰਬਈ : ਫਿਲਮ ਅਦਾਕਾਰ ਸੋਨੂੰ ਸੂਦ ਦੇ ਘਰ ਅਤੇ ਦਫਤਰਾਂ ‘ਤੇ ਇਨਕਮ ਟੈਕਸ ਵਿਭਾਗ ਦਾ ਸਰਵੇਖਣ ਅਜੇ ਵੀ ਜਾਰੀ ਹੈ। ਇਸ ਦੇ ਚੱਲਦਿਆਂ ਸੋਨੂੰ ਸੂਦ ਨੇ ਕਿਹਾ ਕਿ ਉਹ ਲੋੜਵੰਦਾਂ ਦੀ ਮੱਦਦ ਕਰਦੇ ਰਹਿਣਗੇ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਤੁਹਾਨੂੰ ਹਰ ਵਾਰ ਆਪਣੀ ਕਹਾਣੀ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਸਮਾਂ ਖੁਦ ਇਸ ਨੂੰ ਦੱਸ ਦਿੰਦਾ ਹੈ। ਸੋਨੂੰ ਸੂਦ ਨੇ ਕਿਹਾ ਕਿ ਉਹ ਆਪਣੀ ਸਮਰੱਥਾ ਮੁਤਾਬਕ ਭਾਰਤ ਵਿਚ ਲੋਕਾਂ ਦੀ ਸੇਵਾ ਕਰਨ ਦਾ ਸੰਕਲਪ ਲੈ ਚੁੱਕਾ ਹੈ।

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …