Breaking News
Home / ਭਾਰਤ / ਨੋਟਬੰਦੀ ਨੂੰ ਹੋ ਗਏ ਪੰਜ ਸਾਲ : ਕਾਂਗਰਸ ਨੇ ਮੋਦੀ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ ਨੂੰ ਤਬਾਹੀ ਕਰਨ ਵਾਲਾ ਕਦਮ ਦੱਸਿਆ

ਨੋਟਬੰਦੀ ਨੂੰ ਹੋ ਗਏ ਪੰਜ ਸਾਲ : ਕਾਂਗਰਸ ਨੇ ਮੋਦੀ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ ਨੂੰ ਤਬਾਹੀ ਕਰਨ ਵਾਲਾ ਕਦਮ ਦੱਸਿਆ

ਕਿਹਾ : ਨੋਟਬੰਦੀ ਦੁਨੀਆ ਦੇ ਆਰਥਿਕ ਇਤਿਹਾਸ ‘ਚ ਸਭ ਤੋਂ ਵੱਡੀ ਭੁੱਲ
ਨਵੀਂ ਦਿੱਲੀ : ਨੋਟਬੰਦੀ ਨੂੰ ਲੰਘੇ ਸੋਮਵਾਰ 8 ਨਵੰਬਰ ਨੂੰ ਪੰਜ ਸਾਲ ਹੋ ਗਏ ਹਨ ਅਤੇ ਇਸ ਮੌਕੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਦੇਸ਼ ਦੀ ਆਰਥਿਕਤਾ ‘ਤਬਾਹ’ ਕਰਨ ਦਾ ਆਰੋਪ ਲਾਇਆ ਤੇ ਨਾਲ ਹੀ ਕਿਹਾ ਕਿ ਨੋਟਬੰਦੀ ਦਾ ਫ਼ੈਸਲਾ ਸੰਸਾਰ ਦੇ ਆਰਥਿਕ ਇਤਿਹਾਸ ਵਿਚ ‘ਨੀਤੀ ਦੇ ਪੱਖ ਤੋਂ ਸਭ ਤੋਂ ਵੱਡੀ ਭੁੱਲ ਵਜੋਂ ਜਾਣਿਆ ਜਾਵੇਗਾ।’ ਜ਼ਿਕਰਯੋਗ ਹੈ ਕਿ 2016 ਵਿਚ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਟਵਿੱਟਰ ਉਤੇ ਪੋਸਟ ਇਕ ਵੀਡੀਓ ਵਿਚ ਕਿਹਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੀ ਨੋਟਬੰਦੀ ਨੂੰ ਪੰਜ ਸਾਲ ਹੋ ਗਏ ਹਨ। ਬੇਰੁਜ਼ਗਾਰੀ ਵਧੀ ਹੈ, ਛੋਟੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਬੰਦ ਹੋਏ ਹਨ। ਉਨ੍ਹਾਂ (ਮੋਦੀ) ਨੇ ਨੋਟਬੰਦੀ ਰਾਹੀਂ ਦੇਸ਼ ਦੀ ਚੰਗੀ-ਭਲੀ ਆਰਥਿਕਤਾ ਤਬਾਹ ਕਰ ਦਿੱਤੀ। ਖੜਗੇ ਨੇ ਨੋਟਬੰਦੀ ਵੇਲੇ ਮੋਦੀ ਸਰਕਾਰ ਵੱਲੋਂ ਕੀਤੇ ਦਾਅਵਿਆਂ ਉਤੇ ਵੀ ਸਵਾਲ ਖੜ੍ਹੇ ਕੀਤੇ।
ਕਾਂਗਰਸੀ ਆਗੂ ਨੇ ਕਿਹਾ ‘ਨੋਟਬੰਦੀ ਨਾਲ ਕੀ ਹੋਇਆ? ਇਸ ਨਾਲ ਕਾਲਾ ਧਨ ਨਹੀਂ ਘਟਿਆ, ਨਾ ਅੱਤਵਾਦ ਨੂੰ ਨੱਥ ਪਈ ਨਾ ਹੀ ਨਗਦ ਲੈਣ-ਦੇਣ ਨੂੰ, ਪਰ ਨੌਕਰੀਆਂ ਘਟੀਆਂ, ਆਮਦਨੀ ਅਤੇ ਦੇਸ਼ ਦੀ ਜੀਡੀਪੀ ਹੇਠਾਂ ਚਲੀ ਗਈ। ਭਾਜਪਾ ਤੇ ਇਸ ਦੇ ਆਗੂਆਂ ਤੋਂ ਬਿਨਾਂ ਕੀ ਕਿਸੇ ਹੋਰ ਨੂੰ ਲਾਭ ਹੋਇਆ ਹੈ, ਕੋਈ ਅਜਿਹੇ ਕਿਸੇ ਲਾਭਪਾਤਰੀ ਦਾ ਨਾਂ ਦੱਸ ਸਕਦਾ ਹੈ?’ ਖੜਗੇ ਨੇ ਦਾਅਵਾ ਕੀਤਾ ਕਿ ਨੋਟਬੰਦੀ ਨਾਲ ਜਿਨ੍ਹਾਂ ਦੀ ਨੌਕਰੀ ਚਲੀ ਗਏ ਉਹ ਵਾਪਸ ਨਹੀਂ ਆਈ। ਇਹ ਦੇਸ਼ ਦੇ ਲੋਕਾਂ ਲਈ ਕਾਲਾ ਦਿਨ ਹੈ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਜੀਐੱਸਟੀ ਦਾ ਫ਼ੈਸਲਾ ਵੀ ਕਾਹਲੀ ਵਿਚ ਲਿਆ ਗਿਆ ਤੇ ਨੁਕਸਾਨ ਹੋਇਆ।
ਇਸੇ ਤਹਿਤ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਨੋਟਬੰਦੀ ਦੇ ਪੰਜ ਸਾਲ ਪੂਰੇ ਹੋਣ ਮੌਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਜੇਕਰ ਇਹ ਕਦਮ ਸਫਲ ਸੀ ਤਾਂ ਫਿਰ ਭ੍ਰਿਸ਼ਟਾਚਾਰ ਖਤਮ ਕਿਉਂ ਨਹੀਂ ਹੋਇਆ। ਪ੍ਰਿਅੰਕਾ ਨੇ ਨੋਟਬੰਦੀ ਨੂੰ ‘ਤਬਾਹੀ’ ਵਾਲਾ ਕਦਮ ਕਰਾਰ ਦਿੱਤਾ। ਪ੍ਰਿਅੰਕਾ ਨੇ ਕਿਹਾ ਕਿ ਜੇਕਰ ਨੋਟਬੰਦੀ ਸਹੀ ਸੀ ਤਾਂ ਕਾਲਾ ਧਨ ਵਾਪਸ ਕਿਉਂ ਨਹੀਂ ਆਇਆ ਅਤੇ ਮਹਿੰਗਾਈ ਨੂੰ ਵੀ ਲਗਾਮ ਕਿਉਂ ਨਹੀਂ ਲੱਗੀ? ਯੂਥ ਕਾਂਗਰਸ ਵੱਲੋਂ ਰਿਜ਼ਰਵ ਬੈਂਕ ਦੇ ਬਾਹਰ ਰੋਸ ਵਿਖਾਵਾ : ਯੂਥ ਕਾਂਗਰਸ ਨੇ ਨੋਟਬੰਦੀ ਖਿਲਾਫ ਪ੍ਰਧਾਨ ਸ੍ਰੀਨਿਵਾਸ ਬੀਵੀ ਦੀ ਅਗਵਾਈ ਹੇਠ ਰਿਜ਼ਰਵ ਬੈਂਕ ਦੇ ਬਾਹਰ ਪ੍ਰਦਰਸ਼ਨ ਕੀਤਾ।

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …